ਵਿਸ਼ਵ ਕਵਿਤਾ ਦਿਵਸ ਹੈ ਅੱਜ
ਚੰਡੀਗੜ੍ਹ,21ਮਾਰਚ(ਵਿਸ਼ਵ ਵਾਰਤਾ)- ਵਿਸ਼ਵ ਕਵਿਤਾ ਦਿਵਸ ਹੈ ਅੱਜ। ਹਰ ਪਲ ਕਵਿਤਾ ਵਰਗਾ ਹੋਵੇ, ਇਹੀ ਕੋਸ਼ਿਸ਼ ਕਰੀਏ। ਰੁੱਖੀ ਵਾਰਤਕ ਵਰਗੀ ਜ਼ਿੰਦਗੀ ਵਿੱਚ ਖਲਲ ਪਾਉਣ ਵਾਲੀਆਂ ਤਾਕਤਾਂ ਦੇ ਖ਼ਿਲਾਫ਼ ਜੱਹਾਦ ਹੈ ਕਵਿਤਾ। ਸ਼ਰਤ ਲਾਜ਼ਮੀ ਹੈ ਕਿ ਕਿ ਕਵਿਤਾ ਰਾਹਾਂ ਥਾਣੀਂ ਨਹੀਂ ਸਾਹਾਂ ਥਾਣੀਂ ਲੰਘੇ। ਸ਼ਬਦਾਂ ਦੀ ਚਿਣਾਈ ਕਵਿਤਾ ਨਹੀਂ ਹੈ ਦੇਸਤੋ। ਰੂਹਾਂ ਤੇ ਰਾਜ ਕਰਨ ਲਈ ਕਵਿਤਾ ਚਾਹੀਦੀ ਹੈ ਤੇ ਜੁਹਾਂ ਤੇ ਰਾਜ ਲਈ ਸਾਜ਼ਸ਼ਾਂ ਤੇ ਹਥਿਆਰ। ਕਵਿਤਾ ਨੇ ਇਨ੍ਹਾਂ ਸਭ ਕਰੂਰ ਤਾਕਤਾਂ ਦੇ ਖ਼ਿਲਾਫ਼ ਸ਼ਬਦ ਯੁੱਧ ਛੇੜਨਾ ਹੈ।
21ਮਾਰਚ ਤੋਂ ਬਾਦ 23 ਮਾਰਚ ਹੈ, ਜਿਸ ਦਿਨ ਤਿੰਨ ਸੂਰਮੇ ਆਪਣੀ ਰੱਤ ਨਾਲ ਵਕਤ ਦੇ ਸਫ਼ੇ ਤੇ ਅਨੰਤ ਕਵਿਤਾ ਲਿਖ ਗਏ। ਰਾਜਗੁਰੂ, ਸੁਖਦੇਵ ਤੇ ਭਗਤ ਸਿੰਘ ਦੀ ਸਾਂਝੀ ਕਵਿਤਾ ਹੀ ਮੁਕਤੀ ਮਾਰਗ ਹੈ।
ਰਾਮ ਪ੍ਰਸਾਦਿ ਬਿਸਮਿਲ ਦੀ ਕਲਮ ਵਾਲੇ ਬੋਲ
ਸਰ ਫ਼ਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇਂ ਹੈ।
ਦੇਖਨਾ ਹੈ ਜ਼ੋਰ ਕਿਤਨਾ ਬਾਜ਼ੂ ਏ ਕਾਤਿਲ ਮੇਂ ਹੈ।
ਕਵਿਤਾ ਵਹਿਣ ਨਿਰੰਤਰ
🔹ਗੁਰਭਜਨ ਗਿੱਲ
ਕਵਿਤਾ ਮੇਰੇ ਅੰਤਰ ਮਨ ਦੀ
ਮੂਕ ਵੇਦਨਾ
ਨੇਰ੍ਹੇ ਤੋਂ ਚਾਨਣ ਵੱਲ ਜਾਂਦੀ
ਇਕ ਪਗਡੰਡੀ।
ਹਰੇ ਕਚੂਰ ਦਰਖ਼ਤਾਂ ਵਿਚ ਦੀ
ਦਿਸਦਾ ਚਾਨਣ।
ਧਰਤ, ਸਮੁੰਦਰ, ਦਰਿਆ, ਅੰਬਰ,
ਚੰਨ ਤੇ ਤਾਰੇ,
ਇਸ ਦੀ ਬੁੱਕਲ ਬਹਿੰਦੇ ਸਾਰੇ।
ਇਕਲਾਪੇ ਵਿਚ ਆਤਮ-ਬਚਨੀ।
ਗੀਤ ਕਿਸੇ ਕੋਇਲ ਦਾ ਸੱਚਾ।
ਅੰਬਾਂ ਦੀ ਝੰਗੀ ਵਿਚ ਬਹਿ ਕੇ,
ਜੋ ਉਹ ਖ਼ੁਦ ਨੂੰ ਆਪ ਸੁਣਾਵੇ।
ਜਿਉਂ ਅੰਬਰਾਂ ‘ਚੋਂ,
ਸੜਦੀ ਤਪਦੀ ਧਰਤੀ ਉੱਪਰ
ਮੀਂਹ ਵਰ੍ਹ ਜਾਵੇ।
ਪਹਿਲੀਆਂ ਕਣੀਆਂ ਪੈਣ ਸਾਰ ਜੋ,
ਮਿੱਟੀ ‘ਚੋਂ ਇਕ
ਸੋਂਧੀ ਸੋਂਧੀ ਖੁਸ਼ਬੂ ਆਵੇ।
ਓਹੀ ਤਾਂ ਕਵਿਤਾ ਅਖਵਾਏ।
ਕਵਿਤਾ ਤਾਂ ਜ਼ਿੰਦਗੀ ਦਾ ਗਹਿਣਾ,
ਇਸ ਬਿਨ ਰੂਹ ਵਿਧਵਾ ਹੋ ਜਾਵੇ।
ਰੋਗਣ ਸੋਗਣ ਮਨ ਦੀ ਬਸਤੀ,
ਤਰਲ ਜਿਹਾ ਮਨ,
ਇਕ ਦਮ ਜਿਉਂ ਪੱਥਰ ਬਣ ਜਾਵੇ।
ਸ਼ਬਦ ‘ਅਹੱਲਿਆ’ ਬਣ ਜਾਵੇ ਤਾਂ
ਕਵਿਤਾ ਵਿਚਲਾ ‘ਰਾਮ’ ਜਗਾਵੇ।
ਕਵਿਤਾ ਤਾਂ ਸਾਹਾਂ ਦੀ ਸਰਗਮ,
ਜੀਵੇ ਤਾਂ ਧੜਕਣ ਬਣ ਜਾਵੇ।
ਨਿਰਜਿੰਦ ਹਸਤੀ ਚੁੱਕ ਨਾ ਹੋਵੇ,
ਜਦ ਤੁਰ ਜਾਵੇ।
ਜ਼ਿੰਦਗੀ ਦੀ ਰਣ ਭੂਮੀ ਅੰਦਰ,
ਕਦੇ ਇਹੀ ਅਰਜੁਨ ਬਣ ਜਾਵੇ।
ਮੱਛੀ ਦੀ ਅੱਖ ਵਿੰਨ੍ਹਣ ਖ਼ਾਤਰ,
ਇਕ ਸੁਰ ਹੋਵੇ,
ਸਿਰਫ਼ ਨਿਸ਼ਾਨਾ ਫੁੰਡਣਾ ਚਾਹੇ।
ਪਰ ਸ਼ਬਦਾਂ ਦੀ ਅਦਭੁਤ ਲੀਲ੍ਹਾ,
ਚਿੱਲੇ ਉੱਪਰ ਤੀਰ ਚਾੜ੍ਹ ਕੇ,
ਸੋਚੀ ਜਾਵੇ।
ਆਪਣੀ ਜਿੱਤ ਦੀ ਖ਼ਾਤਰ,
ਮੱਛੀ ਨੂੰ ਵਿੰਨ੍ਹ ਦੇਵਾਂ?
ਇਹ ਨਾ ਭਾਵੇ।
ਕਵਿਤਾ ਤਾਂ ਸਾਜ਼ਾਂ ਦਾ ਮੇਲਾ,
ਸ਼ਬਦਾਂ ਦੀ ਟੁਣਕਾਰ ਜਗਾਵੇ।
ਤਬਲੇ ਦੇ ਦੋ ਪੁੜਿਆਂ ਵਾਂਗੂੰ
ਭਾਵੇਂ ਅੱਡਰੀ-ਅੱਡਰੀ ਹਸਤੀ,
ਮਿੱਲਤ ਹੋਵੇ ਇਕ ਸਾਹ ਆਵੇ।
ਕਾਇਨਾਤ ਨੂੰ ਝੂੰਮਣ ਲਾਵੇ।
ਬਿਰਖ਼ ਬਰੂਟਿਆਂ ਸੁੱਕਿਆਂ ‘ਤੇ ਹਰਿਆਵਲ ਆਵੇ।
ਤੂੰਬੀ ਦੀ ਟੁਣਕਾਰ ਹੈ ਕਵਿਤਾ।
ਖੀਵਾ ਹੋ ਕੇ
ਜਦ ਕੋਈ ਯਮਲਾ ਪੋਟੇ ਲਾਵੇ।
ਕਣ ਕਣ ਫੇਰ ਵਜਦ ਵਿਚ ਆਵੇ।
ਸਾਹ ਨੂੰ ਰੋਕਾਂ,
ਧੜਕਣ ਦੀ ਰਫ਼ਤਾਰ ਨਾ ਕਿਧਰੇ,
ਮੇਰੇ ਤੋਂ ਪਲ ਖੋਹ ਲੈ ਜਾਵੇ।
ਇਹ ਕਰਤਾਰੀ ਪਲ ਹੀ ਤਾਂ
ਕਵਿਤਾ ਅਖਵਾਵੇ।
ਕਵਿਤਾ ਤਾਂ ਕੇਸੂ ਦਾ ਫੁੱਲ ਹੈ,
ਖਿੜਦਾ ਹੈ ਜਦ ਜੰਗਲ ਬੇਲੇ।
ਅੰਬਰ ਦੇ ਵਿਚ,
ਰੰਗਾਂ ਦੇ ਫਿਰ ਲੱਗਦੇ ਮੇਲੇ।
ਤਪਦੇ ਜੂਨ ਮਹੀਨੇ ਵਿਚ ਵੀ,
ਬਿਰਖ਼ ਨਿਪੱਤਰੇ ਦੀ ਟਾਹਣੀ ‘ਤੇ,
‘ਕੱਲ੍ਹਾ ਖਿੜਦਾ, ‘ਕੱਲਾ ਬਲ਼ਦਾ।
ਇਹ ਨਾ ਟਲ਼ਦਾ।
ਕਹਿਰਵਾਨ ਸੂਰਜ ਵੀ ਘੂਰੇ,
ਵਗਣ ਵਰ੍ਹੋਲੇ, ਅੰਨ੍ਹੇ ਬੋਲੇ,
ਆਪਣੀ ਧੁਨ ਦਾ ਪੱਕਾ,
ਇਹ ਨਾ ਪੈਰੋਂ ਡੋਲੇ।
ਜ਼ਿੰਦਗੀ ਦੇ ਉਪਰਾਮ ਪਲਾਂ ਵਿਚ,
ਕਵਿਤਾ ਮੇਰੀ ਧਿਰ ਬਣ ਜਾਵੇ।
ਮਸਲੇ ਦਾ ਹੱਲ ਨਹੀਂ ਦੱਸਦੀ,
ਤਾਂ ਫਿਰ ਕੀ ਹੋਇਆ?
ਦਏ ਹੁੰਗਾਰਾ
ਫਿਰ ਅੰਬਰੋਂ ‘ਨੇਰ੍ਹਾ ਛਟ ਜਾਵੇ।
ਰਹਿਮਤ ਬਣ ਜਾਂਦੀ ਹੈ ਕਵਿਤਾ,
ਜਦ ਬੰਦਾ ਕਿਧਰੇ ਘਿਰ ਜਾਵੇ।
ਜਦ ਫਿਰ ਜਾਪੇ ਸਾਹ ਰੁਕਦਾ ਹੈ,
ਅਗਲਾ ਸਾਹ ਹੁਣ ਖ਼ਬਰੇ,
ਆਵੇ ਜਾਂ ਨਾ ਆਵੇ।
ਪੋਲੇ ਪੈਰੀਂ ਤੁਰਦੀ-ਤੁਰਦੀ ਨੇੜੇ ਆਵੇ।
ਜੀਕਣ ਮੇਰੀ ਜੀਵਨ ਸਾਥਣ,
ਅਣਲਿਖਿਆ ਕੋਈ ਗੀਤ ਸੁਣਾਵੇ।
ਮਨ ਦਾ ਚੰਬਾ ਖਿੜ-ਖਿੜ ਜਾਵੇ।
ਮਖ਼ਮੂਰੀ ਵਿਚ ਮੈਨੂੰ,
ਕੁਝ ਵੀ ਸਮਝ ਨਾ ਆਵੇ।
ਕਵਿਤਾ ਵਹਿਣ ਨਿਰੰਤਰ ਜੀਕੂੰ,
ਚਸ਼ਮਿਉਂ ਫੁੱਟੇ, ਧਰਤੀ ਸਿੰਜੇ,
ਤੇ ਆਖ਼ਰ ਨੂੰ ਅੰਬਰ ਥਾਣੀਂ,
ਤਲਖ਼ ਸਮੁੰਦਰ ਵਿਚ ਰਲ ਜਾਵੇ।
ਆਪਣੀ ਹਸਤੀ ਆਪ ਮਿਟਾਵੇ।
🟩