ਵਿਵਾਦਿਤ ਬਿਆਨਬਾਜ਼ੀ ਨੂੰ ਲੈ ਕੇ ਹਾਈਕਮਾਨ ਵੱਲੋਂ ਜਾਰੀ ਕੀਤੇ ਕਾਰਣ ਦੱਸੋ ਨੋਟਿਸ ਦਾ ਸੁਨੀਲ ਜਾਖੜ ਨੇ ਨਹੀਂ ਦਿੱਤਾ ਕੋਈ ਜਵਾਬ
ਵੱਧ ਸਕਦੀਆਂ ਹਨ ਮੁਸ਼ਕਿਲਾਂ
ਚੰਡੀਗੜ੍ਹ,18ਅਪ੍ਰੈਲ(ਵਿਸ਼ਵ ਵਾਰਤਾ)-ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਪਾਰਟੀ ਵੱਲੋਂ ਜਾਰੀ ਕੀਤੇ ਗਏ ਕਾਰਣ ਦੱਸੋ ਨੋਟਿਸ ਦਾ ਕੋਈ ਜਵਾਬ ਅਜੇ ਤੱਕ ਹਾਈਕਮਾਨ ਨੂੰ ਨਹੀਂ ਦਿੱਤਾ ਹੈ । ਦੱਸ ਦਈਏ ਕਿ ਕਾਂਗਰਸ ਦੇ ਸੂਬਾ ਇੰਚਾਰਜ ਹਰੀਸ਼ ਚੌਧਰੀ ਦੀ ਸ਼ਿਕਾਇਤ ‘ਤੇ ਪਾਰਟੀ ਦੇ ਜਨਰਲ ਸਕੱਤਰ ਤਾਰਿਕ ਅਨਵਰ ਨੇ ਜਾਖੜ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਜਿਸ ਵਿੱਚ ਉਨ੍ਹਾਂ ਆਪਣੀ ਬਿਆਨਬਾਜ਼ੀ ਅਤੇ ਖਾਸ ਕਰਕੇ ਸਾਬਕਾ ਸੀਐਮ ਚਰਨਜੀਤ ਚੰਨੀ ਵਿਰੁੱਧ ਇਤਰਾਜ਼ਯੋਗ ਸ਼ਬਦ ਕਹੇ। ਇਸ ਤੋਂ ਇਲਾਵਾ ਚੋਣਾਂ ਦੌਰਾਨ ਉਨ੍ਹਾਂ ਵੱਲੋਂ ਫਿਰਕੂ ਬਿਆਨਬਾਜ਼ੀ ਕਰਨ ਦੀਆਂ ਵੀ ਸ਼ਿਕਾਇਤਾਂ ਕੀਤੀਆਂ ਗਈਆਂ ਸਨ। ਜਾਖੜ ਨੂੰ ਇੱਕ ਹਫਤੇ ਦੇ ਅੰਦਰ ਆਪਣਾ ਜਵਾਬ ਦਾਖਲ ਕਰਨ ਦੀ ਨੋਟਿਸ ਦਿੱਤਾ ਗਿਆ ਸੀ। ਜਿਸ ਦੀ ਮਿਆਦ ਅੱਜ ਖਤਮ ਹੋ ਰਹੀ ਹੈ। ਜਾਣਕਾਰੀ ਅਨੁਸਾਰ ਸੁਨੀਲ ਜਾਖੜ ਜਵਾਬ ਦੇਣ ਦੇ ਮੂਡ ਵਿੱਚ ਨਹੀਂ ਹਨ। ਇਸ ਦੇ ਨਾਲ ਹੀ ਇਹ ਵੀ ਦੱਸਣਾ ਬਣਦਾ ਹੈ ਕਿ ਕਾਂਗਰਸ ਦੇ ਨਵੇਂ ਪ੍ਰਧਾਨ ਅਮਰਿੰਦਰ ਰਾਜਾ ਵੜਿੰਗ ਅਤੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਲਗਾਤਾਰ ਵੱਖ ਵੱਖ ਆਗੂਆਂ ਨਾਲ ਮੁਲਾਕਾਤਾਂ ਕਰਨ ਵਿੱਚ ਰੁੱਝੇ ਹੋਏ ਹਨ। ਸਿੱਧੂ ਵੱਲੋਂ ਜਾਖੜ ਨਾਲ ਵੀ ਮੁਲਾਕਾਤ ਕੀਤੀ ਗਈ ਸੀ। ਇਸ ਵਿਚਾਲੇ ਆਪਣੇ ਸੀਨੀਅਰ ਆਗੂ ਸੁਨੀਲ ਜਾਖੜ ਨੂੰ ਅਨੁਸ਼ਾਸ਼ਨ ਵਿੱਚ ਰਹਿਣ ਦਾ ਸੁਨੇਹਾ ਦੇਣ ਦੇ ਇਰਾਦੇ ਨਲ ਜਾਰੀ ਇਸ ਨੋਟਿਸ ਦਾ ਜੇਕਰ ਜਾਖੜ ਵੱਲੋਂ ਜਵਾਬ ਨਹੀਂ ਦਿੱਤਾ ਜਾਂਦਾ ਤਾਂ ਕਾਂਗਰਸ ਉਹਨਾਂ ਵਿਰੁੱਧ ਸਖਤ ਕਾਰਵਾਈ ਕਰਨ ਲਈ ਮਜਬੂਰ ਹੋ ਸਕਦੀ ਹੈ।