ਵਿਵਾਦਾਂ ਦੇ ਘੇਰੇ ‘ਚ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ
‘ਮੁਹੰਮਦ’ ਸ਼ਬਦ ‘ਤੇ ਮੁਸਲਿਮ ਭਾਈਚਾਰੇ ਨੇ ਜਤਾਇਆ ਇਤਰਾਜ਼
ਪੜ੍ਹੋ, ਸਿੱਧੂ ਦੇ ਪਿਤਾ ਬਲਕੌਰ ਸਿੰਘ ਨੇ ਦਿੱਤਾ ਕੀ ਸਪੱਸ਼ਟੀਕਰਨ
ਚੰਡੀਗੜ੍ਹ, 10 ਨਵੰਬਰ(ਵਿਸ਼ਵ ਵਾਰਤਾ)-ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ‘ਵਾਰ’ ਵਿਵਾਦਾਂ ਵਿੱਚ ਘਿਰ ਗਿਆ ਹੈ। ਮੁਸਲਿਮ ਭਾਈਚਾਰੇ ਨੇ ਇਸ ਗੀਤ ‘ਤੇ ਇਤਰਾਜ਼ ਜਤਾਇਆ ਹੈ। ਸੋਸ਼ਲ ਮੀਡੀਆ ‘ਤੇ ਸਵਾਲ ਉੱਠ ਰਹੇ ਹਨ ਕਿ ਇਸ ਗੀਤ ‘ਚ ‘ਮੁਹੰਮਦ ਸਾਹਿਬ’ ਦਾ ਜ਼ਿਕਰ ਹੈ। ਇਸ ਮਾਮਲੇ ਵਿੱਚ ਸ਼ਾਹੀ ਇਮਾਮ ਪੰਜਾਬ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨਾਲ ਗੱਲ ਕੀਤੀ।
ਸਿੱਧੂ ਦੇ ਪਿਤਾ ਬਲਕੌਰ ਸਿੰਘ ਨੇ ਸ਼ਾਹੀ ਇਮਾਮ ਨੂੰ ਫੋਨ ‘ਤੇ ਦੱਸਿਆ ਕਿ ਮੁਸਲਿਮ ਭਾਈਚਾਰੇ ਦੇ ਮੁਹੰਮਦ ਸਾਹਿਬ ਲਈ ਇਸ ਮੁਹੰਮਦ ਸ਼ਬਦ ਦੀ ਵਰਤੋਂ ਨਹੀਂ ਕੀਤੀ ਗਈ। ਇਹ ਸ਼ਬਦ ਉਸ ਸਮੇਂ ਦੇ ਬਾਦਸ਼ਾਹ ‘ਅਮੀਰ ਦੋਸਤ ਮੁਹੰਮਦ ਖਾਨ’ ਬਾਰੇ ਹਨ। ਉਸ ਸਮੇਂ ਹਰੀ ਸਿੰਘ ਨਲੂਆ ਦੀ ਇਸ ਬਾਦਸ਼ਾਹ ਨਾਲ ਜੰਗ ਹੋਈ ਸੀ। ਅੱਗੇ ਬਲਕੌਰ ਸਿੰਘ ਨੇ ਕਿਹਾ ਕਿ ਮੁਸਲਿਮ ਭਾਈਚਾਰੇ ਨੇ ਸਿੱਧੂ ਨੂੰ ਹਮੇਸ਼ਾ ਪਿਆਰ ਦਿੱਤਾ ਹੈ। ਗੀਤ ਵਿੱਚ ਜੋਵਰੋਲ ਦੇ ਕਿਲ੍ਹੇ ਦੀ ਲੜਾਈ ਦਾ ਜ਼ਿਕਰ ਹੈ। ਇਸ ਵਿੱਚ ਖਾਨ ਮੁਹੰਮਦ ਅਤੇ ਉਸਦੇ 5 ਪੁੱਤਰਾਂ ਦੇ ਵਰਣਨ ਲਈ ਮੁਹੰਮਦ ਸ਼ਬਦ ਦੀ ਵਰਤੋਂ ਕੀਤੀ ਗਈ ਹੈ। ਬਲਕੌਰ ਸਿੰਘ ਨੇ ਦੱਸਿਆ ਕਿ ਇਹ ਗੀਤ 7 ਮਿੰਟ ਦਾ ਸੀ ਪਰ ਉਸ ਦੇ ਪੁੱਤਰ ਦੀ ਮੌਤ ਤੋਂ ਬਾਅਦ ਇਹ ਗੀਤ ਅਧੂਰਾ ਰਹਿ ਗਿਆ। ਬਲਕੌਰ ਸਿੰਘ ਨੇ ਕਿਹਾ ਕਿ ਹਜ਼ਰਤ ਮੁਹੰਮਦ ਸਾਹਿਬ ਦਾ ਸਾਰੇ ਸਤਿਕਾਰ ਕਰਦੇ ਹਨ। ਮੁਸਲਿਮ ਸਮਾਜ ਸਾਡਾ ਆਪਣਾ ਹੈ। ਜੇਕਰ ਕਿਸੇ ਦੇ ਮਨ ਨੂੰ ਠੇਸ ਪਹੁੰਚੀ ਹੋਵੇ ਤਾਂ ਉਹ ਮੁਆਫੀ ਮੰਗਦੇ ਹਨ।
ਇਸ ਦੇ ਨਾਲ ਹੀ ਸ਼ਾਹੀ ਇਮਾਮ ਨੇ ਕਿਹਾ ਕਿ ਆਉਣ ਵਾਲੇ ਸਮੇਂ ‘ਚ ਜੋ ਵੀ ਗੀਤਕਾਰ ਇਤਿਹਾਸ ਨਾਲ ਜੁੜਿਆ ਗੀਤ ਗਾਉਣਾ ਚਾਹੁੰਦਾ ਹੈ ਤਾਂ ਉਹ ਇਕ ਵਾਰ ਇਤਿਹਾਸ ਜ਼ਰੂਰ ਪੜੇ। ਜਿਸ ਧਰਮ ਦਾ ਇਤਿਹਾਸ ਹੈ, ਉਸ ਦੇ ਮਾਹਿਰਾਂ ਨਾਲ ਗੱਲ ਜ਼ਰੂਰ ਕਰੇ।