ਵਿਧਾਨ ਸਭਾ ਚੋਣਾਂ 2022′
ਚੋਣ ਜਾਬਤੇ ਦੀ ਕਿਸੇ ਵੀ ਉਲੰਘਣਾ ਨੂੰ ਸਖ਼ਤੀ ਨਾਲ ਲਿਆ ਜਾਵੇਗਾ-ਸੰਦੀਪ ਹੰਸ
-ਚੋਣ ਕਮਿਸ਼ਨ ਦੀ ਸਾਰੇ ਹਲਕਿਆਂ ‘ਚ ਹਰ ਗਤੀਵਿਧੀ ਉਪਰ 24 ਘੰਟੇ ਨਿਰੰਤਰ ਤਿੱਖੀ ਨਜ਼ਰ
-ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਜ਼ਿਲ੍ਹੇ ਤੋਂ ਬਾਹਰੀ ਵਿਅਕਤੀਆਂ ਨੂੰ ਤੁਰੰਤ ਜ਼ਿਲ੍ਹਾ ਛੱਡਣ ਦੀ ਹਦਾਇਤ, ਉਲੰਘਣਾ ਕਰਨ ਵਾਲੇ ਵਿਰੁੱਧ ਹੋਵੇਗੀ ਸਖ਼ਤ ਕਾਰਵਾਈ
-ਡਰਾਈ ਡੇਅ ਹੁਕਮਾਂ ਦੀ ਵੀ ਪਾਲਣਾ ਕੀਤੀ ਜਾਵੇ
ਪਟਿਆਲਾ, 18 ਫਰਵਰੀ (ਵਿਸ਼ਵ ਵਾਰਤਾ):-ਵਿਧਾਨ ਸਭਾ ਚੋਣਾਂ ਲਈ ਹੁਣ ਜਦੋਂ ਚੋਣ ਪ੍ਰਚਾਰ ਬੰਦ ਹੋ ਗਿਆ ਹੈ ਤਾਂ ਆਖਰੀ 48 ਘੰਟਿਆਂ ਲਈ ਭਾਰਤ ਚੋਣ ਕਮਿਸ਼ਨ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਦੇ ਮੱਦੇਨਜ਼ਰ ਕਮਿਸ਼ਨ ਦੀ ਮਸ਼ੀਨਰੀ ਵੱਲੋਂ ਜ਼ਿਲ੍ਹੇ ਦੇ ਸਾਰੇ ਹਲਕਿਆਂ ਅੰਦਰ ਹਰੇਕ ਗਤੀਵਿਧੀ ਉਪਰ 24 ਘੰਟੇ ਨਿਰੰਤਰ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। ਇਹ ਪ੍ਰਗਟਾਵਾ ਕਰਦਿਆਂ ਪਟਿਆਲਾ ਦੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਸੰਦੀਪ ਹੰਸ ਨੇ ਜ਼ਿਲ੍ਹੇ ‘ਚ ਉਮੀਦਵਾਰਾਂ ਦੀ ਮਦਦ ਲਈ ਬਾਹਰੋਂ ਆਏ ਵਿਅਕਤੀਆਂ ਨੂੰ ਤੁਰੰਤ ਜ਼ਿਲ੍ਹਾ ਛੱਡਣ ਦੀ ਹਦਾਇਤ ਕੀਤੀ ਹੈ, ਉਨ੍ਹਾਂ ਕਿਹਾ ਕਿ ਇਸ ਦੀ ਉਲੰਘਣਾ ਕਰਨ ਵਾਲਿਆਂ ਨਾਲ ਸਖ਼ਤੀ ਵਰਤੀ ਜਾਵੇਗੀ।
ਸ੍ਰੀ ਸੰਦੀਪ ਹੰਸ ਨੇ, ਪੰਜਾਬ ਦੇ ਮੁੱਖ ਚੋਣ ਅਫ਼ਸਰ ਡਾ. ਐਸ. ਕਰੁਣਾ ਰਾਜੂ ਵੱਲੋਂ ਅੱਜ ਸ਼ਾਮ ਵੀਡੀਓ ਕਾਨਫਰੰਸਿੰਗ ਰਾਹੀਂ ਕੀਤੀ ਮੀਟਿੰਗ ‘ਚ ਹਿੱਸਾ ਲੈਣ ਮਗਰੋਂ ਕਿਹਾ ਕਿ ਕਿਸੇ ਵੀ ਉਮੀਦਵਾਰ, ਸਿਆਸੀ ਪਾਰਟੀਆਂ ਜਾਂ ਉਨ੍ਹਾਂ ਦੇ ਸਮਰਥਕਾਂ ਸਮੇਤ ਸਰਕਾਰੀ ਅਧਿਕਾਰੀਆਂ, ਕਰਮਚਾਰੀਆਂ ਜਾਂ ਕਿਸੇ ਹੋਰ ਵੱਲੋਂ ਆਦਰਸ਼ ਚੋਣ ਜਾਬਤੇ ਦੀ ਉਲੰਘਣਾ ਨੂੰ ਗੰਭੀਰਤਾ ਨਾਲ ਲਿਆ ਜਾਵੇਗਾ ਅਤੇ ਸਬੰਧਤਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅੱਜ ਸ਼ਾਮ 6 ਵਜੇ ਤੋਂ 20 ਫਰਵਰੀ ਵੋਟਾਂ ਪੈਣ ਦੀ ਪ੍ਰਕ੍ਰਿਆ ਸਮਾਪਤ ਹੋਣ ਤੱਕ ਜ਼ਿਲ੍ਹੇ ਅੰਦਰ ਲਾਗੂ ਡਰਾਈ ਡੇਅ ਤਹਿਤ ਸ਼ਰਾਬ ਵੇਚਣ ਆਦਿ ‘ਤੇ ਪੂਰਨ ਪਾਬੰਦੀ ਰਹੇਗੀ।
ਜ਼ਿਲ੍ਹਾ ਪੁਲਿਸ ਮੁਖੀ ਡਾ. ਸੰਦੀਪ ਗਰਗ ਵੱਲੋਂ ਮੀਟਿੰਗ ‘ਚ ਹਿੱਸਾ ਲੈਂਦਿਆਂ ਐਸ.ਪੀ. ਸਥਾਨਕ ਹਰਕੰਵਲ ਕੌਰ ਨੇ ਕਿਹਾ ਕਿ ਪੁਲਿਸ ਪੂਰੀ ਮੁਸ਼ਤੈਦ ਹੈ ਅਤੇ ਜ਼ਿਲ੍ਹੇ ਅੰਦਰ ਕਿਸੇ ਵੀ ਤਰ੍ਹਾਂ ਦੀ ਗੜਬੜੀ ਫੈਲਾਉਣ ਵਾਲੇ ਮਾੜੇ ਅਨਸਰ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਨਾਕਾਬੰਦੀ ਕਰਕੇ ਵਹੀਕਲਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ, ਇਸ ਲਈ ਲੋਕ ਸਹਿਯੋਗ ਦੇਣ ਅਤੇ ਕਿਸੇ ਵੀ ਅਣਪਛਾਤੀ ਜਾਂ ਸ਼ੱਕੀ ਵਸਤੂ ਨੂੰ ਹੱਥ ਨਾ ਲਗਾਉਣ ਅਤੇ ਇਸ ਦੀ ਸੂਚਨਾ ਤੁਰੰਤ ਪੁਲਿਸ ਨੂੰ ਦੇਣ। ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਜ਼ਿਲ੍ਹੇ ਤੋਂ ਬਾਹਰੀ ਵਿਅਕਤੀਆਂ ਨੂੰ ਜ਼ਿਲ੍ਹੇ ਤੋਂ ਬਾਹਰ ਕਰਨ ਲਈ ਹੋਟਲਾਂ, ਮੈਰਿਜ ਪੈਲੇਸਾਂ, ਧਰਮਸ਼ਾਲਾਵਾਂ ਅਤੇ ਹੋਰਨਾਂ ਰਹਿਣ ਵਾਲੀਆਂ ਥਾਵਾਂ ਦੀ ਅਚਨਚੇਤ ਤਲਾਸ਼ੀ ਕੀਤੀ ਜਾਵੇਗੀ ਅਤੇ ਉਲੰਘਣਾ ਕਰਨ ਵਾਲੇ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ ਨੇ ਦੱਸਿਆ ਕਿ 19 ਫਰਵਰੀ ਨੂੰ ਰਿਟਰਨਿੰਗ ਅਧਿਕਾਰੀਆਂ ਵੱਲੋਂ ਪੋਲਿੰਗ ਸਟੇਸ਼ਨਾਂ ਲਈ ਪੋਲ ਪਾਰਟੀਆਂ ਨੂੰ ਰਵਾਨਾ ਕੀਤਾ ਜਾਵੇਗਾ, ਇਸ ਲਈ ਪੁਖ਼ਤਾ ਇੰਤਜਾਮ ਕਰ ਲਏ ਗਏ ਹਨ। ਹਰੇਕ ਹਲਕੇ ਲਈ ਚੋਣ ਕਮਿਸ਼ਨ ਵੱਲੋਂ ਤਾਇਨਾਤ ਆਬਜ਼ਰਵਰ, ਹਰ ਬੂਥ ‘ਤੇ ਮਾਈਕਰੋ ਆਬਜ਼ਰਵਰ, ਵੈਬਕਾਸਟਿੰਗ ਲਈ ਸੀ.ਸੀ.ਟੀ.ਵੀ. ਕੈਮਰਿਆਂ ਸਮੇਤ ਵੱਖ-ਵੱਖ ਟੀਮਾਂ ਵੀ ਪੂਰੀਆਂ ਸਰਗਰਮ ਹਨ। ਇਸ ਮੌਕੇ ਉਨ੍ਹਾਂ ਦੇ ਨਾਲ ਵਧੀਕ ਡਿਪਟੀ ਕਮਿਸ਼ਨਰ (ਜ) ਸ. ਗੁਰਪ੍ਰੀਤ ਸਿੰਘ ਥਿੰਦ ਤੇ ਜ਼ਿਲ੍ਹਾ ਮਾਲ ਅਫ਼ਸਰ ਮੁਕੇਸ਼ ਕੁਮਾਰ ਵੀ ਮੌਜੂਦ ਸਨ।
*********