‘ਵਿਧਾਨ ਸਭਾ ਚੋਣਾਂ 2022’
ਆਬਜ਼ਰਵਰਾਂ ਦੀ ਮੌਜੂਦਗੀ ‘ਚ ਵੋਟਾਂ ਪੁਆਉਣ ਲਈ ਹਲਕਿਆਂ ਵਿਖੇ ਤਾਇਨਾਤ ਚੋਣ ਅਮਲੇ ਦੀ ਦੂਜੀ ਰੈਂਡੇਮਾਈਜੇਸ਼ਨ ਹੋਈ
-ਚੋਣ ਅਮਲਾ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਸਖ਼ਤੀ ਨਾਲ ਕਰੇ ਪਾਲਣਾ-ਆਬਜ਼ਰਵਰ
-ਚੋਣ ਪਾਰਟੀਆਂ ਤਿਆਰ, ਦੂਜੀ ਤੇ ਤੀਜੀ ਰਿਹਰਸਲ 8 ਤੇ 13 ਫਰਵਰੀ ਨੂੰ-ਸੰਦੀਪ ਹੰਸ
-8 ਪਿੰਕ ਬੂਥ ਸੰਭਾਲਣਗੀਆਂ ਮਹਿਅਲਾਵਾਂ, 6 ਦਾ ਪ੍ਰਬੰਧ ਦਿਵਿਆਂਗਜਨ ਕਰਨਗੇ ਤੇ 56 ਬਨਣਗੇ ਮਾਡਲ ਬੂਥ
ਪਟਿਆਲਾ, 2 ਫਰਵਰੀ (ਵਿਸ਼ਵ ਵਾਰਤਾ):-ਪਟਿਆਲਾ ਦੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਸੰਦੀਪ ਹੰਸ ਨੇ ਜ਼ਿਲ੍ਹੇ ਦੇ 8 ਵਿਧਾਨ ਸਭਾ ਹਲਕਿਆਂ ‘ਚ 20 ਫਰਵਰੀ ਨੂੰ ਵੋਟਾਂ ਪੁਆਉਣ ਲਈ ਤਾਇਨਾਤ ਕੀਤੇ ਜਾਣ ਵਾਲੇ ਚੋਣ ਅਮਲੇ ਦੀ ਦੂਜੀ ਰੈਂਡੇਮਾਈਜੇਸ਼ਨ 8 ਜਨਰਲ ਆਬਜ਼ਰਵਰਾਂ ਦੀ ਮੌਜੂਦਗੀ ‘ਚ ਕਰਵਾਈ।
ਇਸ ਦੌਰਾਨ ਭਾਰਤ ਦੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਪ੍ਰੀਜਾਈਡਿੰਗ ਅਫ਼ਸਰ, ਸਹਾਇਕ ਪ੍ਰੀਜਾਇਡਿੰਗ ਅਫ਼ਸਰ ਤੇ ਪੋਲ ਅਫ਼ਸਰ ਵਜੋਂ ਪਾਰਟੀਆਂ ਬਣਾ ਕੇ ਹਲਕਿਆਂ ‘ਚ ਤਾਇਨਾਤ ਕਰ ਦਿੱਤਾ ਗਿਆ। ਚੋਣ ਕਮਿਸ਼ਨ ਦੇ ਵਿਸ਼ੇਸ਼ ਸਾਫ਼ਟਵੇਅਰ ਡਾਈਸ ਰਾਹੀਂ ਡਿਊਟੀ ‘ਤੇ ਤਾਇਨਾਤ ਚੋਣ ਅਮਲੇ ਦੀ ਦੂਜੀ ਤੇ ਤੀਜੀ ਰਿਹਰਸਲ 8 ਅਤੇ 13 ਫਰਵਰੀ ਨੂੰ ਕਰਵਾਈ ਜਾਵੇਗੀ।
ਇਸ ਮੌਕੇ ਨਿਗਰਾਨੀ ਲਈ ਪੁੱਜੇ 8 ਜਨਰਲ ਆਬਜ਼ਰਵਰਾਂ ਸ੍ਰੀ ਬਰੁਣ ਕੁਮਾਰ ਸਾਹੂ ਤੇ ਸ੍ਰੀ ਸੰਜੇ ਕੁਮਾਰ, ਸ੍ਰੀ ਸੰਜੇ ਕੁਮਾਰ, ਸ੍ਰੀ ਵਿਜੇ ਕੁਮਾਰ ਯਾਦਵ, ਸ੍ਰੀ ਵਿਸ਼ਰਾਮ ਮੀਨਾ, ਸ੍ਰੀ ਸ਼ਿਆਮ ਸੁੰਦਰ ਲੀਲਾਧਰ ਪਾਟਿਲ, ਸ੍ਰੀ ਰਾਧੇ ਸ਼ਿਆਮ ਤੇ ਡਾ. ਦੇਵੀਦਰਸ਼ਨ ਉਪਾਧਿਆਏ ਨੇ ਕਿਹਾ ਕਿ ਸਮੁਚਾ ਚੋਣ ਅਮਲਾ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਏ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਚੋਣ ਪ੍ਰਕ੍ਰਿਆ ਨੂੰ ਸੁਤੰਤਰ, ਨਿਰਪੱਖ ਤੇ ਨਿਰਵਿਘਨ ਢੰਗ ਨਾਲ ਨੇਪਰੇ ਚੜਾਉਣ ਲਈ ਜ਼ਿਲ੍ਹੇ ਦੇ ਅੱਠ ਵਿਧਾਨ ਸਭਾ ਹਲਕਿਆਂ ਅੰਦਰ 1784 ਪੋਲਿੰਗ ਬੂਥਾਂ ‘ਤੇ 8600 ਦੇ ਕਰੀਬ ਅਮਲੇ ਦੀ ਤਾਇਨਾਤੀ ਕੀਤੀ ਗਈ ਹੈ।
ਸ੍ਰੀ ਸੰਦੀਪ ਹੰਸ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਪ੍ਰਤੀ ਹਲਕਾ 1, ਕੁਲ 8 ਪਿੰਕ ਬੂਥ ਬਣਾਏ ਜਾ ਰਹੇ ਹਨ, ਜਿਨ੍ਹਾਂ ਦਾ ਸਮੁੱਚਾ ਪ੍ਰਬੰਧ ਮਹਿਲਾ ਅਧਿਕਾਰੀਆਂ, ਕਰਮਚਾਰੀਆਂ ਵੱਲੋਂ ਕਰਨ ਸਮੇਤ ਜ਼ਿਲ੍ਹੇ ‘ਚ 6 ਬੂਥਾਂ ਅਜਿਹੇ ਬਣਾਏ ਜਾਣਗੇ, ਜਿਨ੍ਹਾਂ ਦਾ ਪ੍ਰਬੰਧ ਦਿਵਿਆਂਗਜਨ ਅਧਿਕਾਰੀਆਂ, ਕਰਮਚਾਰੀਆਂ ਵੱਲੋਂ ਕੀਤਾ ਜਾਵੇਗਾ। ਇਸ ਤੋਂ ਇਲਾਵਾ 56 ਮਾਡਲ ਬੂਥ ਬਣਾਏ ਜਾਣਗੇ। ਇਸ ਮੌਕੇ ਸਹਾਇਕ ਕਮਿਸ਼ਨਰ ਕਿਰਨ ਸ਼ਰਮਾ, ਜ਼ਿਲ੍ਹਾ ਸੂਚਨਾ ਅਫ਼ਸਰ ਸ੍ਰੀ ਸੰਜੀਵ ਕੁਮਾਰ ਅਤੇ ਚੋਣ ਤਹਿਸੀਲਦਾਰ ਸ੍ਰੀ ਰਾਮਜੀ ਲਾਲ ਵੀ ਮੌਜੂਦ ਸਨ।
*****