ਵਿਦੇਸ਼ੀ ਮੁਦਰਾ ਕਾਨੂੰਨ ਦਾ ਉਲੰਘਣ ਕਰਨ ਤੇ ਈਡੀ ਦੀ ਵੱਡੀ ਕਾਰਵਾਈ
ਚੀਨੀ ਕੰਪਨੀ ਸ਼ਾਓਮੀ ਇੰਡੀਆ ਦੇ 5551 ਕਰੋੜ ਰੁਪਏ ਕੀਤੇ ਜ਼ਬਤ
ਚੰਡੀਗੜ੍ਹ, 1ਮਈ(ਵਿਸ਼ਵ ਵਾਰਤਾ)- ਇਨਫੋਰਸਮੈਂਟ ਡਾਇਰੈਕਟੋਰੇਟ(ਈਡੀ) ਨੇ ਸਮਾਰਟਫ਼ੋਨ ਬਣਾਉਣ ਵਾਲੀ ਚੀਨੀ ਕੰਪਨੀ ਸ਼ਾਓਮੀ ਤੇ ਵੱਡੀ ਕਾਰਵਾਈ ਕੀਤੀ ਹੈ। ਈਡੀ ਨੇ ਫੇਮਾ ਅਧੀਨ ਸ਼ਾਓਮੀ ਟੈਕਨਾਲੋਜੀ ਇੰਡੀਆ ਪ੍ਰਾਈਵੇਟ ਲਿਮਟਿਡ ਦੇ 5,551 ਕਰੋੜ ਰੁਪਏ ਜ਼ਬਤ ਕੀਤੇ ਹਨ। ਸ਼ਾਓਮੀ ਇੰਡੀਆ ਚੀਨ ਸਥਿਤ ਸ਼ਾਓਮੀ ਗਰੁੱਪ ਦੀ ਪੂਰੀ ਮਲਕੀਅਤ ਵਾਲੀ ਸਹਾਇਕ ਕੰਪਨੀ ਹੈ। ਇਸ ਬਾਰੇ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਕਿ ਈਡੀ ਨੇ ਕੰਪਨੀ ਵੱਲੋਂ ਕੀਤੇ ਗਏ ਗੋਰਖਧੰਦੇ ਵਿੱਚ ਵਿਦੇਸ਼ੀ ਕਰੰਸੀ ਮੈਨੇਜਮੈਂਟ ਐਕਟ, 1999 ਅਧੀਨ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਹੈ। ਜ਼ਬਤ ਕੀਤੀ ਗਈ ਰਕਮ ਕੰਪਨੀ ਦੇ ਬੈਂਕ ਅਕਾਊਂਟ ਵਿੱਚ ਪਈ ਸੀ।
ਈਡੀ ਨੇ ਇਸ ਸਾਲ ਫਰਵਰੀ ਮਹੀਨੇ ਵਿੱਚ ਕੰਪਨੀ ਵੱਲੋਂ ਕੀਤੇ ਗਏ ਨਾਜਾਇਜ਼ ਰੇਮਿਟੇਂਸੇਜ ਦੇ ਮਾਮਲੇ ਵਿੱਚ ਜਾਂਚ ਸ਼ੁਰੂ ਕੀਤੀ ਸੀ, ਇਸ ਤੋਂ ਪਹਿਲਾਂ ਈਡੀ ਨੇ ਸ਼ਾਓਮੀ ਦੇ ਗਲੋਬਲ ਵਾਈਸ ਪ੍ਰੈਜ਼ੀਡੈਂਟ ਮਨੁ ਕੁਮਾਰ ਜੈਨ ਨੂੰ ਤਲਬ ਕੀਤਾ ਸੀ। ਈਡੀ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਕੰਪਨੀ ਨੇ ਸਾਲ 2014 ਵਿੱਚ ਭਾਰਤ ਵਿੱਚ ਕੰਮ ਸ਼ੁਰੂ ਕੀਤਾ ਤੇ ਸਾਲ 2015 ਤੋਂ ਪੈਸਾ ਭੇਜਣਾ ਸ਼ੁਰੂ ਕਰ ਦਿੱਤਾ। ਕੰਪਨੀ ਨੇ ਤਿੰਨ ਵਿਦੇਸ਼ੀ ਆਧਾਰਤ ਸੰਸਥਾਵਾਂ 5551.27 ਦੇ ਬਰਾਬਰ ਵਿਦੇਸ਼ੀ ਕਰੰਸੀ ਇਨਵੈਸਟ ਕੀਤੀ, ਜਿਸ ਵਿੱਚ ਰਾਇਲਟੀ ਦੀ ਆੜ ਵਿੱਚ ਇੱਕ ਸ਼ਾਓਮੀ ਗਰੁੱਪ ਇਕਾਈ ਸ਼ਾਮਲ ਹੈ। ਰਾਇਲਟੀ ਦੇ ਨਾਂ ਤੇ ਇੰਨੀ ਵੱਡੀ ਰਕਮ ਕੰਪਨੀ ਦੇ ਚੀਨੀ ਗਰੁੱਪ ਦੀਆਂ ਸੰਸਥਾਵਾਂ ਦੇ ਹੁਕਮ ਤੇ ਭੇਜੀ ਗਈ ਸੀ। ਹੋਰ ਦੋ ਯੂ.ਐੱਸ. ਆਧਾਰਤ ਗੈਰ-ਸੰਬੰਧਤ ਸੰਸਥਾਵਾਂ ਨੂੰ ਕਰੋੜਾਂ ਰੁਪਏ ਦੀ ਰਕਮ ਵੀ ਸ਼ਾਓਮੀ ਗਰੁੱਪ ਦੀਆਂ ਸੰਸਥਾਵਾਂ ਦੇ ਆਖਰੀ ਲਾਭ ਲਈ ਸੀ।