ਵਿਦਿਆ ਮਨੁੱਖ ਦਾ ਤੀਜਾ ਨੇਤਰ ਹੁੰਦੀ ਹੈ-ਵਿਧਾਇਕਾ ਜੀਵਨਜੋਤ ਕੌਰ
ਅੰਮ੍ਰਿਤਸਰ, 6ਅਪ੍ਰੈਲ (ਵਿਸ਼ਵ ਵਾਰਤਾ)- ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਤੋ ਪੰਜਾਬ ਦੇ ਦੋ ਮਹਾਂਰਥੀਆਂ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠਾ ਅੱਤੇ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਹਰਾ ਕੇ ਨਾਮਣਾ ਖੱਟਣ ਵਾਲੀ ਵਿਧਾਇਕਾ ਜੀਵਨਜੋਤ ਕੌਰ ਨੇ ਵਿਦਿਆ ਦੇ ਚਾਨਣ ਮੁਨਾਰੇ ਉਸ ਸਕੂਲ ਵਿੱਚ ਬੀਤੇ ਦਿਨ ਸ਼ਿਰਕਤ ਕੀਤੀ ਜਿਥੋਂ ਉਹਨਾਂ ਵਿਦਿਆ ਦਾ ਗਿਆਨ ਹਾਸਲ ਕਰਕੇ ਸਮਾਜ ਸੇਵਾ ਵਿੱਚ ਪੈਰ ਧਰਿਆ।
ਵਿਦਿਆ ਦੇ ਖੇਤਰ ਵਿੱਚ ਉੱਚ ਦੁਮਾਲੜੇ ਵਾਲੀ ਸੰਸਥਾ ਸੰਤ ਸਿੰਘ ਸੁੱਖਾ ਸਿੰਘ ਵਿਖੇ ਬੱਚਿਆਂ ਨੂੰ ਸੰਬੋਧਨ ਕਰਦਿਆ ਵਿਧਾਇਕਾ ਬੀਬੀ ਜੀਵਨਜੋਤ ਕੌਰ ਨੇ ਕਿਹਾ ਕਿ ਵਿਦਿਆ ਵੀਚਾਰੀ ਪਰਉਪਕਾਰੀ ਹੁੰਦੀ ਹੈ ਤੇ ਵਿਦਿਆ ਦੇ ਚਾਨਣ ਤੋਂ ਬਗੈਰ ਮਨੁੱਖ ਪਸ਼ੂ ਸਮਾਨ ਹੁੰਦਾ ਹੈ। ਵਿਦਿਆ ਮਨੁੱਖ ਦਾ ਤੀਜਾ ਨੇਤਰ ਵੀ ਹੁੰਦੀ ਹੈ। ਉਹਨਾਂ ਕਿਹਾ ਕਿ ਸੰਤ ਸਿੰਘ ਸੁੱਖਾ ਸਿੰਘ ਸਕੂਲ ਦੀਆਂ ਵੱਖ ਵੱਖ ਵਿਦਿਅਕ ਸੰਸਥਾਵਾਂ ਵਿੱਚੋਂ ਬਹੁਤ ਸਾਰੀਆਂ ਵਿਦਿਆਰਥਣਾਂ ਵਿਦਿਆ ਹਾਸਲ ਕਰਕੇ ਸਰਕਾਰੀ ਤੇ ਗੈਰ ਸਰਕਾਰੀ ਸੰਸਥਾ ਵਿੱਚ ਉੱਚ ਆਹੁਦਿਆਂ ਤੇ ਪੁੱਜ ਕੇ ਸਮਾਜ ਦੀ ਸੇਵਾ ਕਰ ਰਹੀਆਂ ਹਨ ਜਿਹਨਾਂ ਵਿੱਚ ਉਹ ਖੁਦ ਵੀ ਸ਼ਾਮਲ ਹਨ। ਉਹਨਾਂ ਕਿਹਾ ਕਿ ਸਮਾਜਿਕ ਖੇਤਰ ਵਿੱਚ ਉਹਨਾਂ ਨੇ ਲੋਕ ਸੇਵਾ ਬਹੁਤ ਕੀਤੀ ਤੇ ਜੇਲ਼ ਵਿੱਚ ਜਾ ਕੇ ਵੀ ਔਰਤ ਕੈਦੀਆਂ ਦੇ ਕਈ ਪ੍ਰਕਾਰ ਦੁੱਖਾਂ ਦਾ ਨਿਵਾਰਣ ਕੀਤਾ। ਅੱਜ ਉਹ ਉਸ ਵਿਧਾਨ ਸਭਾ ਦੇ ਮੰਦਰ ਵਿੱਚ ਪੁੱਜ ਚੁੱਕੀ ਹੈ ਜਿਥੇ ਲੋਕ ਹਿੱਤ ਕਾਨੂੰਨ ਬਣਾ ਕੇ ਸਮਾਜ ਦੀ ਸੇਵਾ ਕੀਤੀ ਜਾ ਸਕਦੀ ਹੈ।
ਉਹਨਾਂ ਕਿਹਾ ਕਿ ਸੰਸਥਾਂ ਦੇ ਡਾਇਰੈਕਟਰ ਸ੍ਰ ਜਗਦੀਸ਼ ਸਿੰਘ ਜਿਹਨਾਂ ਨੂੰ ਆਮ ਤੌਰ ‘ਤੇ ਪ੍ਰਿੰਸੀਪਲ ਦੇ ਹੀ ਲਕਬ ਨਾਲ ਜਾਣਿਆ ਜਾਂਦਾ ਹੈ ਦਾ ਸੰਸਥਾ ਨੂੰ ਕਾਮਯਾਬ ਕਰਨ ਵਿੱਚ ਅਹਿਮ ਰੋਲ ਹੀ ਨਹੀ ਰਿਹਾ ਸਗੋ ਸੰਸਥਾ ਦਾ ਵਿਸਥਾਰ ਕਰਨ ਵਿੱਚ ਉਹਨਾਂ ਨੇ ਅਥਾਹ ਬੇਮਿਸਾਲ ਮਿਹਨਤ ਕੀਤੀ।ਸੰਤ ਸਿੰਘ ਸੁੱਖਾ ਸਿੰਘ ਵਿਦਿਅਕ ਸੰਸਥਾ ਜਿਸ ਨੂੰ ਆਮ ਤੌਰ ਤੇ ਫੋਰ ਐਸ ਸੰਸਥਾ ਨਾਲ ਜਾਣਿਆ ਜਾਂਦਾ ਹੈ ਵਿੱਚੋ ਵਿਦਿਆ ਹਾਸਲ ਕਰਕੇ ਬੱਚੀਆਂ ਅੱਜ ਦੇਸ਼ਾਂ ਵਿਦੇਸ਼ਾਂ ਵਿੱਚ ਸੰਸਥਾ ਦਾ ਨਾਮ ਰੌਸ਼ਨ ਕਰ ਰਹੀਆਂ ਹਨ।ਬੈਕਿੰਗ ਖੇਤਰ ਵਿੱਚ ਇਸ ਸੰਸਥਾ ਦੀਆਂ ਬੱਚੀਆਂ ਨੇ ਕ੍ਰਾਂਤੀਕਾਰੀ ਕਾਰਜ ਕੀਤੇ ਹਨ।ਉਹਨਾਂ ਕਿਹਾ ਕਿ ਡਾਇਰੈਕਟਰ ਸਾਹਿਬ ਉਹਨਾਂ ਦੇ ਪ੍ਰੇਰਨਾ ਸਰੋਤ ਹਨ ਅਤੇ ਡਾਇਰੈਕਟਰ ਸਾਹਬ ਨੇ ਉਹਨਾਂ ਨੂੰ ਹਮੇਸ਼ਾਂ ਹੀ ਉਤਸ਼ਾਹਿਤ ਕੀਤਾ ਜਿਸ ਕਰਕੇ ਅੱਜ ਉਹ ਇੱਕ ਉਸਾਰੂ ਮੁਕਾਮ ਤੇ ਪੁੱਜ ਸਕੀ ਹੈ।
ਡਾਇਰੈਕਟਰ ਸ੍ਰ ਜਗਦੀਸ਼ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਅੱਜ ਬੇਹੱਦ ਖੁਸ਼ੀ ਹੋਈ ਹੈ ਕਿ ਫੋਰ ਐਸ ਸਕੂਲ ਦੀ ਬੱਚੀ ਦੋ ਵੱਖ ਵੱਖ ਪਾਰਟੀਆਂ ਦੇ ਧੁਨੰਤਰ ਜਰਨੈਲਾਂ ਨੂੰ ਹਰਾ ਕੇ ਆਮ ਆਦਮੀ ਪਾਰਟੀ ਦੀ “ਫੀਲਡ ਮਾਰਸ਼ਲ” ਬਣਨ ਵਿੱਚ ਕਾਮਯਾਬ ਹਾਸਲ ਕੀਤੀ ਹੈ।ਉਹਨਾਂ ਕਿਹਾ ਕਿ ਜੀਵਨਜੋਤ ਕੌਰ ਕੋਲੋਂ ਸਮਾਜ ਤੇ ਸੰਤ ਸਿੰਘ ਸੁੱਖਾ ਸਿੰਘ ਵਿਦਿਅਕ ਸੰਸਥਾਂ ਨੂੰ ਕਈ ਆਸਾਂ ਹਨ ਤੇ ਉਹਨਾਂ ਨੂੰ ਪੂਰੀ ਪੂਰੀ ਉਮੀਦ ਹੈ ਕਿ ਸਕੂਲ ਦੀ ਇਹ ਵਿਦਿਆਰਥਣ ਆਸਾਂ ਤੇ ਉਮੀਦਾਂ ਤੇ ਖਰੀ ਉਤਰੇਗੀ।ਸੰਸਥਾ ਦੇ ਸਮੂਹ ਵਿਦਿਆਰਥੀਆਂ ਤੇ ਸਟਾਫ ਨੇ ਬੀਬੀ ਜੀਵਨਜੋਤ ਕੌਰ ਦੀ ਵਡੇਰੀ ਉਮਰ ਦੀ ਕਾਮਨਾ ਕੀਤੀ। ਇਸ ਸਮੇ ਗੁਰਪ੍ਰੀਤ ਸਿੰਘ ਮੈਨੇਜਰ ਪ੍ਰਾਪਰਟੀ ਤੇ ਹੋਰ ਸਟਾਫ ਤੇ ਬੱਚੀਆਂ ਹਾਜ਼ਰ ਸਨ।