ਵਿਜੀਲੈਂਸ ਵਿਭਾਗ ਨੇ ਮੁਲਾਜ਼ਮਾਂ ਲਈ ਲਾਗੂ ਕੀਤਾ ਡਰੈੱਸ ਕੋਡ- ਜੀਨਸ ਅਤੇ ਟੀ-ਸ਼ਰਟ ਪਹਿਨਣ ‘ਤੇ ਪਾਬੰਦੀ
ਚੰਡੀਗੜ੍ਹ 2 ਜਨਵਰੀ(ਵਿਸ਼ਵ ਵਾਰਤਾ)- ਪੰਜਾਬ ਵਿੱਚ ਹੁਣ ਵਿਜੀਲੈਂਸ ਅਧਿਕਾਰੀ ਜੀਨਸ ਅਤੇ ਟੀ-ਸ਼ਰਟ ਨਹੀਂ ਪਾ ਸਕਣਗੇ। ਸਰਕਾਰ ਨੇ ਦਫ਼ਤਰ ਵਿੱਚ ਬੈਠਣ ਵਾਲੇ ਅਧਿਕਾਰੀਆਂ ਲਈ ਇਹ ਹੁਕਮ ਜਾਰੀ ਕੀਤਾ ਹੈ। ਜਿਸ ਤਹਿਤ ਹੁਣ ਹਰ ਰੈਂਕ ਦੇ ਅਧਿਕਾਰੀਆਂ ਨੂੰ ਫੋਰਮਲ (ਰਸਮੀ) ਪਹਿਰਾਵੇ ਪਾ ਕੇ ਹੀ ਦਫ਼ਤਰ ਵਿੱਚ ਦਾਖ਼ਲ ਹੋਣਾ ਪਵੇਗਾ।
ਹਾਲਾਂਕਿ ਪੰਜਾਬ ਸਰਕਾਰ ਨੇ ਫੀਲਡ ਵਿੱਚ ਡਿਊਟੀ ਕਰਨ ਵਾਲੇ ਮੁਲਾਜ਼ਮਾਂ ਤੇ ਅਧਿਕਾਰੀਆਂ ਨੂੰ ਛੋਟ ਦਿੱਤੀ ਹੈ। ਕਿਉਂਕਿ ਫੀਲਡ ਡਿਊਟੀ ਦੌਰਾਨ ਕਈ ਤਰ੍ਹਾਂ ਦੀਆਂ ਸਾਵਧਾਨੀਆਂ ਵਰਤਣੀਆਂ ਜ਼ਰੂਰੀ ਹਨ। ਇਹੀ ਕਾਰਨ ਹੈ ਕਿ ਰਾਜ ਸਰਕਾਰ ਦੇ ਇਹ ਹੁਕਮ ਸਿਰਫ ਦਫਤਰ ‘ਚ ਬੈਠੇ ਕਰਮਚਾਰੀਆਂ ਅਤੇ ਅਧਿਕਾਰੀਆਂ ‘ਤੇ ਹੀ ਲਾਗੂ ਹੋਣਗੇ, ਜਿਸ ਦੇ ਨਤੀਜੇ ਵਜੋਂ ਹੁਣ ਹਰ ਅਧਿਕਾਰੀ ਰਸਮੀ ਪੈਂਟ-ਸ਼ਰਟ, ਬਲੇਜ਼ਰ ਅਤੇ ਕੋਟ ‘ਚ ਨਜ਼ਰ ਆਉਣਗੇ ਨਾ ਕਿ ਜੀਨਸ ਅਤੇ ਟੀ. ਸ਼ਰਟ ‘ਚ। ਪਿਛਲੇ ਦਿਨੀਂ ਪੰਜਾਬ ਸਰਕਾਰ ਵੱਲੋਂ ਵਿਜੀਲੈਂਸ ਦਫ਼ਤਰ ਵਿੱਚ ਜੀਨਸ ਅਤੇ ਟੀ-ਸ਼ਰਟਾਂ ਪਾ ਕੇ ਬੈਠੇ ਅਫ਼ਸਰਾਂ ’ਤੇ ਇਤਰਾਜ਼ ਜਤਾਇਆ ਗਿਆ ਸੀ। ਇਹੀ ਕਾਰਨ ਹੈ ਕਿ ਇਨ੍ਹਾਂ ਸ਼ਿਕਾਇਤਾਂ ਦਾ ਨੋਟਿਸ ਲੈਂਦਿਆਂ ਸੂਬਾ ਸਰਕਾਰ ਨੇ ਦਫ਼ਤਰ ਵਿੱਚ ਬੈਠੇ ਅਧਿਕਾਰੀਆਂ ਨੂੰ ਰਸਮੀ ਪਹਿਰਾਵਾ ਪਹਿਨਣ ਦੇ ਹੁਕਮ ਜਾਰੀ ਕੀਤੇ ਹਨ।