ਵਿਜੀਲੈਂਸ ਵਿਭਾਗ ਨੇ ਮਾਨਸਾ ਦੇ ਤਹਿਸੀਲ ਭਲਾਈ ਅਫ਼ਸਰ ਨੂੰ ਹਜ਼ਾਰਾਂ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ
ਮਾਨਸਾ, 9 ਸਤੰਬਰ(ਵਿਸ਼ਵ ਵਾਰਤਾ)-ਵਿਜੀਲੈਂਸ ਵਿਭਾਗ ਵੱਲੋਂ ਮਾੜੇ ਅਨਸਰਾਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਅੱਜ ਮਾਨਸਾ ਦੇ ਤਹਿਸੀਲ ਭਲਾਈ ਅਫ਼ਸਰ ਕੁਲਦੀਪ ਸਿੰਘ ਨੂੰ 7000 ਰੁਪਏ ਵਿਚ ਰੰਗੇ ਹੱਥੀਂ ਕਾਬੂ ਕਰ ਲਿਆ ਗਿਆ ਹੈ।
ਵਿਜੀਲੈਂਸ ਵਿਭਾਗ ਦੇ ਬਠਿੰਡਾ ਸਥਿਤ ਸੀਨੀਅਰ ਕਪਤਾਨ ਪੁਲੀਸ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਮਹਿਕਮੇ ਦੇ ਡੀਐਸਪੀ ਕੁਲਵੰਤ ਸਿੰਘ ਨੇ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਤਹਿਸੀਲ ਭਲਾਈ ਅਫ਼ਸਰ ਕੁਲਦੀਪ ਸਿੰਘ ਨੂੰ ਕਾਬੂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁੱਦਈ ਪ੍ਰੇਮ ਸਿੰਘ ਪੁੱਤਰ ਵਾਸੀ ਧਰਮ ਸਿੰਘ ਪਿੰਡ ਖਿਆਲੀ ਚਹਿਲਾਂ ਵਾਲੀ ਨੇ ਵਿਜੀਲੈਂਸ ਵਿਭਾਗ ਦੇ ਅਧਿਕਾਰੀਆਂ ਕੋਲ ਸ਼ਿਕਾਇਤ ਕੀਤੀ ਗਈ ਕਿ ਤਹਿਸੀਲ ਭਲਾਈ ਅਫ਼ਸਰ ਨੇ ਉਸ ਪਾਸੋਂ ਰਿਸ਼ਵਤ ਦੀ ਮੰਗ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪ੍ਰੇਮ ਸਿੰਘ ਅਨੂਸੂਚਿਤ ਜਾਤੀ ਨਾਲ ਸਬੰਧ ਰੱਖਦਾ ਹੈ ਅਤੇ ਉਸ ਦੇ ਪੁੱਤਰ ਸੁਖਵਿੰਦਰ ਸਿੰਘ ਦਾ ਕਤਲ ਹੋ ਗਿਆ ਸੀ ਅਤੇ ਪੰਜਾਬ ਸਰਕਾਰ ਪਾਸੋਂ ਮਿਲ਼ਣ ਵਾਲੀ 3 ਲੱਖ ਰੁਪਏ ਦੀ ਰਾਸ਼ੀ ਵਾਸਤੇ ਉਸ ਪਾਸੋਂ 30000 ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਜਾ ਰਹੀ ਸੀ, ਜਿਸ ਵਿਚੋਂ 7000 ਰੁਪਏ ਪਹਿਲਾਂ ਅਤੇ ਬਾਕੀ ਰਕਮ ਚੈੱਕ ਕੱਟਣ ਮਗਰੋਂ ਦੇਣ ਦਾ ਵਾਅਦਾ ਕੀਤਾ ਗਿਆ।
ਡੀਐਸਪੀ ਵਿਜੀਲੈਂਸ ਨੇ ਦੱਸਿਆ ਕਿ ਵਿਭਾਗ ਦੀ ਟੀਮ ਵੱਲੋਂ ਸ਼ਿਕਾਇਤ ਦੀ ਪੜਤਾਲ ਕਰਨ ਉਪਰੰਤ ਉਕਤ ਤਹਿਸੀਲ ਭਲਾਈ ਅਫ਼ਸਰ ਕੁਲਦੀਪ ਸਿੰਘ ਵਿਰੁੱਧ ਮੁਕਦਮਾ ਨੰਬਰ 12, ਮਿਤੀ 09-09-2021, ਅਧੀਨ ਧਾਰਾ 7 ਪੀ.ਸੀ.ਐਕਟ 1988 ਐਜ ਅਮੈਡਿਡ ਬਾਏ ਐਕਟ-2018 ਅਤੇ 120-ਬੀ, ਆਈਪੀਸੀ ਥਾਣਾ ਵਿਜੀਲੈਂਸ ਬਿਊਰੋ ਬਠਿੰਡਾ ਵਿਖੇ ਦਰਜ ਕਰਕੇ ਕਸੂਰਵਾਰ ਨੂੰ ਸਰਕਾਰੀ ਗਵਾਹਾਂ ਦੀ 7000/- ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਫੜਿਆ ਹੈ। ਉਨ੍ਹਾਂ ਦੱਸਿਆ ਕਿ ਮੁਕੱਦਮੇਂ ਦੀ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ।