
ਚੰਡੀਗੜ੍ਹ, 14 ਸਤੰਬਰ(ਵਿਸ਼ਵ ਵਾਰਤਾ): ਵਿਜੀਲੈਂਸ ਬਿਊਰੋ ਪੰਜਾਬ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ ਅੱਜ ਮਸਤੁਗੜ੍ਹ, ਤਹਿਸੀਲ ਪੱਟੀ ਜਿਲਾ ਤਰਨਤਾਰਨ ਵਿਖੇ ਤਾਇਨਾਤ ਇਕ ਪਟਵਾਰੀ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਮਾਲ ਹਲਕਾ ਮਸਤੁਗੜ੍ਹ ਵਾਧੁ ਚਾਰਜ ਭੁਰਾ ਕਰੀਮਪੁਰਾ ਜਿਲਾ ਤਰਨਤਾਰਨ ਵਿਖੇ ਤਾਇਨਾਤ ਪਟਵਾਰੀ ਸੁਖਬੀਰ ਸਿੰਘ ਨੂੰ ਦਲੇਰ ਸਿੰਘ, ਵਾਸੀ ਪਿੰਡ ਭੂਰਾ ਕਰੀਮਪੁਰਾ, ਜਿਲਾ ਤਰਨਤਾਰਨ ਦੀ ਸ਼ਿਕਾਇਤ ਉੱਤੇ ਵਿਜੀਲੈਂਸ ਬਿਓਰੋ ਵੱਲੋਂ ਰੰਗੇ ਹੱਥੀਂ ਕਾਬੂ ਕਰ ਲਿਆ ਗਿਆ। ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਨੂੰ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਉਸ ਦੀ ਵਿਰਾਸਤੀ ਜਮੀਨ ਦਾ ਇੰਤਕਾਲ ਕਰਨ ਦੇ ਇਵਜ਼ ਵਿੱਚ ਉਕਤ ਪਟਵਾਰੀ ਵੱਲੋਂ 40,000 ਰੁਪਏ ਦੀ ਮੰਗੇ ਜਾ ਰਹੇ ਹਨ।
ਵਿਜੀਲੈਂਸ ਵਲੋਂ ਸ਼ਿਕਾਇਤ ਦੀ ਪੜਤਾਲ ਉਪਰੰਤ ਉਕਤ ਪਟਵਾਰੀ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜਰੀ ਵਿਚ 16,000 ਰੁਪਏ ਦੀ ਰਿਸ਼ਵਤ ਲੈਂਦਿਆਂ ਦਬੋਚ ਲਿਆ। ਦੋਸ਼ੀ ਖਿਲਾਫ਼ ਵਿਜੀਲੈਂਸ ਨੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।