ਚੰਡੀਗੜ੍ਹ 12 ਦਸੰਬਰ (ਵਿਸ਼ਵ ਵਾਰਤਾ) : ਪੰਜਾਬ ਵਿਜੀਲੈਂਸ ਬਿਓਰੋ ਨੇ ਸਿੰਚਾਈ ਵਿਭਾਗ ਦੇ ਡੈਮ ਵਿੰਗ ਪਟਿਆਲਾ ਵਿਖੇ ਤਾਇਨਾਤ ਸਬ-ਡਵੀਜਨਲ ਅਫਸਰ (ਐਸ.ਡੀ.ਓ) ਕਮਿੱਕਰ ਸਿੰਘ ਦਿਓਲ ਅਤੇ ਉਸਦੇ ਪਰਿਵਾਰਕ ਮੈਂਬਰਾਂ ਖਿਲਾਫ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਤਹਿਤ ਮੁਕੱਦਮਾ ਦਰਜ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ ਸਾਲ 2016 ਦੌਰਾਨ ਵਿਜੀਲੈਂਸ ਵਲੋਂ ਐਸ.ਡੀ.ਓ ਕਮਿੱਕਰ ਸਿੰਘ ਵਿਰੁੱਧ ਵਿੱਤ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ਾਂ ਤਹਿਤ ਪੜਤਾਲ ਕੀਤੀ ਗਈ। ਜਿਸ ਵਿਚ ਐਸ.ਡੀ.ਓ ਕਮਿੱਕਰ ਸਿੰਘ ਅਤੇ ਉਸਦੇ ਪਰਿਵਾਰਕ ਮੈਂਬਰਾਂ ਵਲੋਂ ਇਸ ਸਮੇ ਦੌਰਾਨ ਆਪਣੇ ਜਾਣੂੰ ਵਸੀਲਿਆਂ ਤੋਂ ਹਾਸਲ ਹੋਈ ਕੁੱਲ ਆਮਦਨ ਨਾਲੋਂ 2.38 ਕਰੋੜ ਦਾ ਵੱਧ ਖਰਚਾ ਕੀਤਾ ਗਿਆ ਜੋ ਕਿ ਆਮਦਨ ਨਾਲੋਂ 389.83 ਫੀਸਦੀ ਵੱਧ ਬਣਦਾ ਹੈ।
ਵਿਜੀਲੈਂਸ ਦੀ ਪੜਤਾਲ ਦੋਰਾਨ ਇਹ ਸਪੱਸ਼ਟ ਹੈ ਕਿ ਐਸ.ਡੀ.ਓ ਕਮਿੱਕਰ ਸਿੰਘ ਵੱਲੋਂ ਆਪਣੇ ਆਹੁਦੇ ਦੀ ਦੁਰਵਰਤੋਂ ਕਰਕੇ ਆਮਦਨ ਤੋਂ ਵੱਧ ਜਾਇਦਾਦ ਬਣਾਈ ਹੈ ਅਤੇ ਜਿਸ ਵਿਚ ਐਸ.ਡੀ.ਓ ਕਮਿੱਕਰ ਸਿੰਘ ਦਿਓਲ ਅਤੇ ਉਸਦੇ ਪਰਿਵਾਰਕ ਮੈਂਬਰਾਂ ਵਿਚ ਪਤਨੀ ਜਸਵੰਤ ਕੌਰ, ਪੁੱਤਰ ਸ਼ੁਭਦੀਪ ਸਿੰਘ ਅਤੇ ਪੁੱਤਰੀ ਰਾਜਨ ਦਿਓਲ ਖਿਲਾਫ ਮੁਕੱਦਮਾ ਦਰਜ ਕਰਕੇ ਅਗਲੇਰੀ ਪੜਤਾਲ ਅਰੰਭ ਕਰ ਦਿੱਤੀ ਗਈ ਹੈ।