ਹੁਣ ਨਵਾਂਸ਼ਹਿਰ ਦੀਆਂ ਦਾਣਾ ਮੰਡੀਆਂ ‘ਚ ਵੀ ਸਾਹਮਣੇ ਆਇਆ ਟੈਂਡਰ ਘੁਟਾਲਾ
ਵਿਜੀਲੈਂਸ ਨੇ 3 ਠੇਕੇਦਾਰਾਂ ਖਿਲਾਫ ਮਾਮਲਾ ਕੀਤਾ ਦਰਜ
ਚੰਡੀਗੜ੍ਹ,24 ਸਤੰਬਰ(ਵਿਸ਼ਵ ਵਾਰਤਾ)-ਪੰਜਾਬ ਵਿਜੀਲੈਂਸ ਬਿਊਰੋ, ਜਲੰਧਰ ਵੱਲੋਂ ਲੇਬਰ ਕਾਰਟੇਜ ਅਤੇ ਟਰਾਂਸਪੋਰਟ ਟੈਂਡਰਾਂ ਅਤੇ ਅਨਾਜ ਮੰਡੀਆਂ ਦੇ ਕੰਮਕਾਜ ਸਬੰਧੀ ਪੜਤਾਲ ਕੀਤੀ ਜਾ ਰਹੀ ਹੈ। ਇਸ ਜਾਂਚ ਵਿੱਚ ਨਵਾਂਸ਼ਹਿਰ ਦੇ ਅਧਿਕਾਰੀਆਂ, ਕਰਮਚਾਰੀਆਂ ਅਤੇ ਖੁਰਾਕ ਵਿਭਾਗ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿੱਚ ਖਰੀਦ ਏਜੰਸੀਆਂ ਦੇ ਅਧਿਕਾਰੀਆਂ/ਕਰਮਚਾਰੀਆਂ ਦੀ ਮਿਲੀਭੁਗਤ ਨਾਲ ਟੈਂਡਰ ਘੁਟਾਲਾ ਸਾਹਮਣੇ ਆਇਆ ਹੈ। ਜਿਸ ਤੋਂ ਬਾਅਦ ਸਰਕਾਰੀ ਖਜ਼ਾਨੇ ਨੂੰ ਚੂਨਾ ਲਗਾਉਣ ਦੇ ਦੋਸ਼ ‘ਚ 3 ਠੇਕੇਦਾਰਾਂ ਖਿਲਾਫ ਥਾਣਾ ਵਿਜੀਲੈਂਸ ਬਿਊਰੋ ਜਲੰਧਰ ‘ਚ ਮਾਮਲਾ ਦਰਜ ਕੀਤਾ ਗਿਆ ਹੈ। ਇਸ ਸਬੰਧੀ ਜ਼ਿਲ੍ਹੇ ਦੇ ਹੋਰ ਮੁਲਜ਼ਮਾਂ ਅਤੇ ਹੋਰ ਟੈਂਡਰਾਂ ਸਮੇਤ ਸਰਕਾਰੀ ਅਧਿਕਾਰੀਆਂ/ਕਰਮਚਾਰੀਆਂ ਦੀ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ। ਵਿਜੀਲੈਂਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ ਨਵਾਂਸ਼ਹਿਰ, ਜਲੰਧਰ ਦੀਆਂ ਅਨਾਜ ਮੰਡੀਆਂ ਵਿੱਚ ਟੈਂਡਰ ਘੁਟਾਲਾ ਅਤੇ ਗੜਬੜੀ ਸਾਹਮਣੇ ਆਈ ਹੈ।