ਸਿੱਧੂ ਮੂਸੇਵਾਲਾ ਕਤਲਕਾਂਡ ਮਾਮਲੇ ਵਿੱਚ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦਾ ਵੱਡਾ ਖੁਲਾਸਾ
ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮਹਿਜ਼ 10 ਕਿਲੋਮੀਟਰ ਦੂਰ ਲੁਕੇ ਹੋਏ ਸਨ ਸਿੱਧੂ ਦੇ ਕਾਤਲ
ਚੰਡੀਗੜ੍ਹ,1 ਸਤੰਬਰ ਵਿਸ਼ੲ ਵਾਰਤਾ)- ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ‘ਚ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਵੱਡਾ ਖੁਲਾਸਾ ਕੀਤਾ ਹੈ।ਸਪੈਸ਼ਲ ਸੈੱਲ ਮੁਤਾਬਿਕ ਮੂਸੇਵਾਲਾ ਦੇ ਚਾਰ ਕਾਤਲ ਕਤਲ ਵਾਲੀ ਥਾਂ ਤੋਂ ਮਹਿਜ਼ 10 ਕਿਲੋਮੀਟਰ ਦੂਰ ਇੱਕ ਖੇਤ ਵਿੱਚ ਇੱਕ ਘੰਟੇ ਤੱਕ ਲੁਕੇ ਰਹੇ। ਜੇਕਰ ਪੁਲਿਸ ਨੇ ਤੁਰੰਤ ਕਾਰਵਾਈ ਕੀਤੀ ਹੁੰਦੀ ਤਾਂ ਕਾਤਲ ਉਸੇ ਦਿਨ ਹੀ ਫੜੇ ਜਾ ਸਕਦੇ ਸਨ। ਇਸ ਦੌਰਾਨ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਪੁਲਿਸ ਦੀ ਪੀਸੀਆਰ ਕਾਰ ਵੀ ਉਥੋਂ ਲੰਘੀ ਪਰ ਬੋਲੈਰੋ ਦੇ ਕੋਲੋਂ ਬਿਨਾਂ ਰੁਕੇ ਹੀ ਚਲੀ ਗਈ। ਦਿੱਲੀ ਪੁਲਿਸ ਨੇ ਇਹ ਸੂਚਨਾ ਪੰਜਾਬ ਪੁਲਿਸ ਨੂੰ ਭੇਜ ਦਿੱਤੀ ਹੈ।
ਇਸ ਦੇ ਨਾਲ ਹੀ ਇਹ ਵੀ ਪਤਾ ਲੱਗਾ ਹੈ ਕਿ ਮੂਸੇਵਾਲਾ ਦੇ ਕਤਲ ਲਈ ਲਿਆਂਦੇ ਗਏ ਹਥਿਆਰ ਵਾਰਦਾਤ ਵਾਲੀ ਥਾਂ ਦੇ ਇੱਕ ਕਿਲੋਮੀਟਰ ਦੇ ਘੇਰੇ ਵਿੱਚ ਲੁਕਾਏ ਗਏ ਸਨ। ਇਸ ਦਾ ਜ਼ਿਕਰ ਪੰਜਾਬ ਪੁਲਿਸ ਨੇ ਚਾਰਜਸ਼ੀਟ ਵਿੱਚ ਕੀਤਾ ਹੈ। ਜ਼ਾਹਿਰ ਹੈ ਕਿ ਮੂਸੇਵਾਲਾ ਕਤਲੇਆਮ ਵਿੱਚ ਸੁਰੱਖਿਆ ਵਿੱਚ ਢਿੱਲ ਦੇਣ ਤੋਂ ਇਲਾਵਾ ਪੰਜਾਬ ਪੁਲਿਸ ਵੱਲੋਂ ਉਸ ਸਮੇਂ ਦੀਆਂ ਕਈ ਲਾਪਰਵਾਹੀਆਂ ਦਾ ਵੀ ਪਰਦਾਫਾਸ਼ ਹੋਇਆ ਹੈ।
ਦਿੱਲੀ ਪੁਲਿਸ ਮੁਤਾਬਕ ਮੂਸੇਵਾਲਾ ਨੂੰ ਮਾਰਨ ਤੋਂ ਬਾਅਦ ਬੋਲੇਰੋ ਮਾਡਿਊਲ ਸ਼ੂਟਰ ਪ੍ਰਿਆਵਰਤ ਫੌਜੀ, ਅੰਕਿਤ ਸੇਰਸਾ, ਦੀਪਕ ਮੁੰਡੀ ਅਤੇ ਕਸ਼ਿਸ਼ ਹਰਿਆਣਾ ਵੱਲ ਭੱਜ ਗਏ। ਇਸ ਦੌਰਾਨ ਉਹਨਾਂ ਨੇ ਪਿੱਛਿਓਂ ਇੱਕ ਪੀਸੀਆਰ ਗੱਡੀ ਨੂੰ ਆਉਂਦੇ ਦੇਖਿਆ। ਜਿਸ ਕਾਰਨ ਉਹ ਰਸਤਾ ਭਟਕ ਕੇ ਪਿੰਡ ਖਿਆਲਾ ਵੱਲ ਚਲੇ ਗਏ। ਉਥੇ ਉਹਨਾਂ ਦੀ ਬੋਲੈਰੋ ਕਾਰ ਫਸ ਗਈ। ਉਹ ਬੋਲੈਰੋ ਛੱਡ ਕੇ ਨਾਲ ਵਾਲੇ ਖੇਤ ਵਿੱਚ ਜਾ ਲੁਕੇ। ਇਸ ਦੌਰਾਨ ਪੀਸੀਆਰ ਕਾਰ ਬਿਨਾਂ ਰੁਕੇ ਕੋਲ ਦੀ ਲੰਘ ਗਈ।
ਇਸ ਖੁਲਾਸੇ ਤੋਂ ਬਾਅਦ ਪੰਜਾਬ ਪੁਲਿਸ ‘ਤੇ ਸਵਾਲ ਖੜ੍ਹੇ ਹੋ ਰਹੇ ਹਨ ਕਿ ਮੂਸੇਵਾਲਾ ਦੇ ਕਤਲ ਤੋਂ ਬਾਅਦ ਉਨ੍ਹਾਂ ਨੇ ਸਹੀ ਢੰਗ ਨਾਲ ਨਾਕਾਬੰਦੀ ਨਹੀਂ ਕੀਤੀ। ਨਾ ਤਾਂ ਮਾਨਸਾ ਨੂੰ ਸੀਲ ਕੀਤਾ ਗਿਆ ਅਤੇ ਨਾ ਹੀ ਪੰਜਾਬ ਦੀਆਂ ਹਰਿਆਣਾ ਅਤੇ ਰਾਜਸਥਾਨ ਨਾਲ ਲੱਗਦੀਆਂ ਸਰਹੱਦਾਂ ਨੂੰ ਸੀਲ ਕੀਤਾ ਗਿਆ। ਇਸ ਕਾਰਨ ਬੋਲੇਰੋ ਮੋਡੀਊਲ ਦੇ ਚਾਰ ਸ਼ੂਟਰ ਪਹਿਲਾਂ ਹਰਿਆਣਾ ਅਤੇ ਫਿਰ ਗੁਜਰਾਤ ਭੱਜਣ ਵਿੱਚ ਕਾਮਯਾਬ ਹੋ ਗਏ। ਉਧਰ, ਪੰਜਾਬ ਪੁਲੀਸ ਨੇ ਸਪਸ਼ਟ ਕੀਤਾ ਕਿ ਮੂਸੇਵਾਲਾ ਦੇ ਕਤਲ ਦਾ ਪਤਾ ਲੱਗਦਿਆਂ ਹੀ ਕਤਲ ਵਾਲੀ ਥਾਂ ਅਤੇ ਹਸਪਤਾਲ ’ਤੇ ਹੋਰ ਫੋਰਸ ਤਾਇਨਾਤ ਕਰ ਦਿੱਤੀ ਗਈ ਸੀ ਤਾਂ ਜੋ ਅਮਨ-ਕਾਨੂੰਨ ਦੀ ਸਥਿਤੀ ਨੂੰ ਵਿਗੜਨ ਨਾ ਦਿੱਤਾ ਜਾਵੇ।