ਵਾਇਸ ਆਫ ਮਾਨਸਾ ਵਲੋਂ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਮੌਕੇ ਲੋਕ ਜਾਗਰਿਤ ਕਰਨ ਲਈ ਕੀਤਾ ਜਾਵੇਗਾ ਮਾਰਚ
ਮਾਨਸਾ, 17ਫਰਵਰੀ(ਵਿਸ਼ਵ ਵਾਰਤਾ) ਵਾਇਸ ਆਫ ਮਾਨਸਾ ਵਲੋਂ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਮੌਕੇ ਲੋਕਾਂ ਨੂੰ ਜਾਗਰਿਤ ਕਰਨ ਲਈ 20 ਫਰਵਰੀ ਨੂੰ ਸ਼ਹਿਰ ਦੀ ਦਾਣਾ ਮੰਡੀ ਤੋਂ ਸ਼ੁਰੂ ਕਰਕੇ ਸਾਰੇ ਬਾਜ਼ਾਰ ਵਿਚੋਂ ਦੀ ਹੁੰਦੇ ਹੋਏ ਬੱਸ ਸਟੈਂਡ ਤੱਕ ਪੈਦਲ ਮਾਰਚ ਕਰਕੇ ਚੇਤੰਨਤਾ ਰੈਲੀ ਕਰਵਾਏ ਜਾਣ ਦਾ ਐਲਾਨ ਕੀਤਾ ਹੈ । ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸੰਸਥਾ ਦੇ ਪ੍ਰਧਾਨ ਡਾ ਜਨਕ ਰਾਜ ਸਿੰਗਲਾ ਨੇ ਕਿਹਾ ਕਿ ਮਾਨਸਾ ਇਲਾਕੇ ਦਾ ਪੰਜਾਬੀ ਸੰਗੀਤ ਜਗਤ ਵਿਚ ਵੱਡਾ ਨਾਮ ਕਰਨ ਵਾਲੇ ਅਸ਼ੋਕ ਬਾਂਸਲ ਮਾਨਸਾ ਦੀ ਰਹਿਨੁਮਾਈ ਹੇਠ ਇਹ ਚੇਤੰਨਤਾ ਰੈਲੀ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ ਜਿਸ ਵਿਚ ਸ਼ਹਿਰ ਦੀਆਂ ਵਿਦਿਅਕ ਸੰਸਥਾਵਾਂ ਦੇ ਵਿਦਿਆਰਥੀਆਂ ਵਲੋਂ ਪੰਜਾਬੀ ਸਭਿਆਚਾਰ ਦੀਆਂ ਵੱਖ ਵੱਖ ਵੰਨਗੀਆਂ ਪੇਸ਼ ਕਰਨ ਦੇ ਨਾਲ ਨਾਲ ਸ਼ਹਿਰ ਨਿਵਾਸੀਆਂ ਨੂੰ ਮਾਂ ਬੋਲੀ ਦੀ ਅਹਿਮੀਅਤ ਤੋਂ ਜਾਣੂ ਕਰਾਉਣ ਲਈ ਪੈਦਲ ਮਾਰਚ ਕੀਤਾ ਜਾਵੇਗਾ ਜਿਸ ਦਾ ਆਰੰਭ ਡਿਪਟੀ ਕਮਿਸ਼ਨਰ ਮਾਨਸਾ ਬਲਦੀਪ ਕੌਰ ਅਤੇ ਸੀਨੀਅਰ ਪੁਲਿਸ ਕਪਤਾਨ ਮਾਨਸਾ ਡਾ ਨਾਨਕ ਸਿੰਘ ਵਲੋਂ ਮਸ਼ਾਲਾਂ ਬਾਲ ਕੇ ਕੀਤਾ ਜਾਵੇਗਾ। ਉਹਨਾਂ ਅੱਗੇ ਕਿਹਾ ਕਿ ਅੰਤਰਰਾਸ਼ਟਰੀ ਪੱਧਰ ਦੇ ਗਿੱਧਾ ਕੋਚ ਤੇ ਗਾਇਕ ਪਾਲ ਸਿੰਘ ਸਮਾਉਂ ਦੀ ਟੀਮ ਵਲੋਂ ਸਾਰੇ ਰਸਤੇ ਪੰਜਾਬੀ ਮਾਂ ਬੋਲੀ ਦਾ ਪ੍ਰਚਾਰ ਕੀਤਾ ਜਾਵੇਗਾ ਅਤੇ ਉਹਨਾਂ ਨਾਲ ਹੋਰ ਵੀ ਖੁੱਲੀ ਜੀਪ ਵਿਚ ਢੋਲੀ ਵੀ ਹੋਵੇਗਾ ਜਿਸ ਦੀ ਤਾਲ ਤੇ ਮਾਨਸਾ ਦੇ ਵੱਖ ਸਕੂਲਾਂ ਤੇ ਕਾਲਜਾਂ ਦੇ ਬੱਚੇ ਆਪੋ ਆਪਣੇ ਫਨ ਦਾ ਪ੍ਰਦਰਸ਼ਨ ਕਰਦੇ ਹੋਏ ਇਸ ਮਾਰਚ ਵਿਚ ਭਾਗ ਲੈਣਗੇ। ਸੰਸਥਾ ਦੇ ਸਕੱਤਰ ਵਿਸ਼ਵਦੀਪ ਬਰਾੜ ਨੇ ਕਿਹਾ ਕਿ ਉੱਘੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਕਾਲਾ ਗਾਜੀਆਣਾ ਅਤੇ ਅਮਰੀਕਾ ਵਾਸੀ ਪੰਜਾਬੀ ਮਨਜੀਤ ਚਹਿਲ ਇਸ ਮੌਕੇ ਵਿਦੇਸ਼ਾਂ ਵਿਚ ਵੱਸਦੇ ਪੰਜਾਬੀਆਂ ਵਲੋਂ ਪੰਜਾਬੀ ਮਾਂ ਬੋਲੀ ਲਈ ਕਰਵਾਏ ਜਾਂਦੇ ਯਤਨਾਂ ਦੀ ਜਾਣਕਾਰੀ ਦੇਣਗੇ। ਅਸ਼ੋਕ ਬਾਂਸਲ ਨੇ ਇਸ ਮੌਕੇ ਦੱਸਿਆ ਕਿ ਕੈਲਗਿਰੀ ਤੋਂ ਪੰਜਾਬੀ ਅਖਬਾਰ ਦੇ ਸੰਪਾਦਕ ਹਰਬੰਸ ਸਿੰਘ ਬੁੱਟਰ ਇਸ ਮਾਰਚ ਵਿਚ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਣ ਲਈ ਪਹੁੰਚ ਰਹੇ ਹਨ ਤੇ ਉਹਨਾਂ ਦੇ ਨਾਲ ਕਨੇਡਾ ਦੇ ਮੀਡੀਆ ਨਾਲ ਸਬੰਧਤ ਹੋਰ ਕਈ ਸ਼ਖਸ਼ੀਅਤਾਂ ਵਲੋਂ ਵੀ ਇਸ ਮਾਰਚ ਵਿਚ ਸ਼ਾਮਿਲ ਹੋਣ ਦੀ ਸੰਭਾਵਨਾ ਹੈ। ਸੰਸਥਾ ਵਲੋਂ ਇਸ ਦਾ ਪੋਸਟਰ ਰੀਲੀਜ਼ ਕਰਨ ਸਮੇਂ ਆਪਣੇ ਵਿਚਾਰ ਪ੍ਰਗਟਾਉਦੇ ਹੋਏ ਡਾ ਸ਼ੇਰ ਜੰਗ ਸਿੱਧੂ ਨੇ ਕਿਹਾ ਕਿ ਮਾਂ ਬੋਲੀ ਦਾ ਦੇਣ ਕਦੇ ਨਹੀਂ ਭੁਲਾਇਆ ਜਾ ਸਕਦਾ ਹੈ । ਉਹਨਾਂ ਦੇ ਵਿਚਾਰਾਂ ਦੀ ਤਾਇਦ ਕਰਦੇ ਹੋਏ ਹਰਿੰਦਰ ਮਾਨਸ਼ਾਹੀਆਂ ਅਤੇ ਡਾ ਲਖਵਿੰਦਰ ਮੂਸਾ ਨੇ ਅਜਿਹੇ ਪ੍ਰੋਗਰਾਮ ਸੰਸਥਾਂ ਦੇ ਵਲੋਂ ਸਲਾਨਾ ਰੂਪ ਵਿਚ ਕਰਵਾਏ ਜਾਣ ਦੀ ਅਹਿਮੀਅਤ ਤੇ ਜ਼ੋਰ ਦਿੱਤਾ। ਮੁਸਲਿਮ ਆਗੂ ਹੰਸ ਰਾਜ ਮੋਫਰ ਅਤੇ ਸਮਾਜ ਸੇਵੀ ਪ੍ਰੇਮ ਅਗਰਵਾਲ ਨੇ ਇਸ ਮੌਕੇ ਕਿਹਾ ਕਿ ਪੰਜਾਬੀ ਮਾਂ ਬੋਲੀ ਸਾਰੇ ਪੰਜਾਬੀਆਂ ਦੀ ਸਾਂਝੀ ਮਾਂ ਬੋਲੀ ਹੈ ਅਤੇ ਇਸ ਦੀ ਸੇਵਾ ਲਈ ਜਿੰਨੇ ਵੀ ਯਤਨ ਕੀਤੇ ਜਾਣ ਉਹ ਥੋੜੇ ਹੀ ਹਨ ਕਿਉਂਕਿ ਪੁੱਤਰ ਕਦੇ ਮਾਂ ਦਾ ਕਰਜ਼ ਨਹੀਂ ਚੁੱਕਾਤ ਸਕਦੇ ਹਨ। ਸੰਸਥਾ ਵਲੋਂ ਮੀਡੀਆ ਇੰਚਾਰਜ ਨਰਿੰਦਰ ਗੁਪਤਾ ਨੇ ਇਸ ਮੌਕੇ ਮਾਂ ਬੋਲੀ ਉਪਰ ਆਪਣੀ ਇਕ ਕਵਿਤਾ ਸੁਣਾਈ। ਇਸ ਮੌਕੇ ਸੀਨੀਅਰ ਸਿਟੀਜ਼ਨ ਆਗੂ ਬਿੱਕਰ ਸਿੰਘ ਮਘਾਣੀਆਂ ਅਤੇ ਈਕੋ ਵੀਲਰਜ਼ ਸ਼ਾਇਕਲ ਗੁਰੱਪ ਦੇ ਭਰਪੂਰ ਸਿੰਘ ਬਰਾੜ ਅਤੇ ਹਰਮਿੰਦਰ ਸਿੰਘ ਸਿੱਧੂ ਵਲੋਂ ਸਾਇਕਲਾਂ ਤੇ ਮਾਂ ਬੋਲੀ ਦੇ ਪ੍ਰਚਾਰ ਲਈ ਆਪਣੇ ਵਲੋਂ ਕੀਤੇ ਜਾ ਰਹੇ ਕਦਮਾਂ ਦੀ ਜਾਣਕਾਰੀ ਦਿੱਤੀ । ਜਿਲਾ ਅੱਗਰਵਾਲ ਸਭਾ ਦੇ ਪ੍ਰਧਾਨ ਵਿਨੋਦ ਭੰਮਾ ਨੇ ਪੈਦਲ ਮਾਰਚ ਮੌਕੇ ਸਮੂਹ ਵਪਾਰੀ ਅਤੇ ਦੁਕਾਨਦਾਰਾਂ ਵਲੋਂ ਵੱਡੇ ਪੱਧਰ ਤੇ ਇਸ ਮਾਰਚ ਵਿਚ ਸ਼ਾਮਿਲ ਹੋਣ ਦਾ ਐਲਾਨ ਕੀਤਾ। ਸੰਜੀਵ ਕੇ ਐਸ ਅਤੇ ਰਾਵਿੰਦਰ ਗਰਗ ਵਲੋਂ ਸੰਸਥਾ ਮੈਂਬਰ ਗੁਰਜੰਟ ਚਹਿਲ ਵਲੋਂ ਇਸ ਮੌਕੇ ਲਗਾਈ ਜਾਣ ਵਾਲੀ ਪੁਰਾਤਨ ਵਸਤਾਂ ਦੀ ਪ੍ਰਦਰਸ਼ਨੀ ਲਈ ਆਪਣੇ ਵਲੋਂ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਸੰਸਥਾ ਵਲੋਂ ਇਸ ਮਾਰਚ ਵਿਚ ਸਾਮਿਲ ਹੋਣ ਲਈ ਲੋਕਾਂ ਨੂੰ ਖੁੱਲਾ ਸੱਦਾ ਦਿੰਦਿਆ ਕਿਹਾ ਕਿ ਇਹ ਮਾਂ ਬੋਲੀ ਲਈ ਆਪਣੇ ਵਲੋਂ ਕੁੱਝ ਕਾਰਜ ਕਰਨ ਦੀ ਕੋਸ਼ਿਸ਼ ਹੈ ਜਿਸ ਵਿਚ ਸਭ ਨੂੰ ਸ਼ਾਮਿਲ ਹੋਣਾ ਚਾਹੀਦਾ ਹੈ ਤਾਂ ਜੋ ਸਮੂਹ ਮਾਨਸਾ ਵਾਸੀਆਂ ਦੀ ਮਾਂ ਬੋਲੀ ਦੇ ਵਿਕਾਸ ਪ੍ਰਤੀ ਇਕ ਜੁੱਟਤਾ ਦਾ ਪ੍ਰਦਰਸ਼ਨ ਕੀਤਾ ਜਾ ਸਕੇ।