ਮੁਕੇਰੀਆਂ, 24 ਫਰਵਰੀ (ਵਿਸ਼ਵ ਵਾਰਤਾ):- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਕੀਤੀ ਗਈ ‘ਸਰਕਾਰ-ਵਪਾਰ ਮਿਲਣੀ’ ਵਪਾਰੀਆਂ ਵੱਲੋਂ ਉਠਾਏ ਗਏ ਮੁੱਦਿਆਂ ਦੇ ਫੌਰੀ ਨਿਪਟਾਰੇ ਲਈ ਢੁਕਵਾਂ ਮੰਚ ਸਾਬਤ ਹੋਈ।
ਗੱਲਬਾਤ ਦੌਰਾਨ ਜਦੋਂ ਇੱਕ ਵਪਾਰੀ ਨੇ ਤਲਵਾੜਾ ਵਿਖੇ ਬੀ.ਬੀ.ਐਮ.ਬੀ. ਹਸਪਤਾਲ ਦੇ ਕਾਰਜਸ਼ੀਲ ਨਾ ਹੋਣ ਕਾਰਨ ਤਲਵਾੜਾ ਦੇ ਵਸਨੀਕਾਂ ਦੀ ਦੁਰਦਸ਼ਾ ਦਾ ਮੁੱਦਾ ਉਠਾਇਆ ਤਾਂ ਮੁੱਖ ਮੰਤਰੀ ਨੇ ਤੁਰੰਤ ਪੀ.ਐਸ.ਪੀ.ਸੀ.ਐਲ. ਦੇ ਚੇਅਰਮੈਨ ਨੂੰ ਇਸ ਮੁੱਦੇ ਨੂੰ ਬੀ.ਬੀ.ਐਮ.ਬੀ. ਅਧਿਕਾਰੀਆਂ ਕੋਲ ਉਠਾਉਣ ਲਈ ਕਿਹਾ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਬੀ.ਬੀ.ਐਮ.ਬੀ. ਹਸਪਤਾਲ ਨੂੰ ਅਪਗ੍ਰੇਡ ਕਰਨ ਦਾ ਮੁੱਦਾ ਵੀ ਅਧਿਕਾਰੀਆਂ ਕੋਲ ਉਠਾਏਗੀ ਅਤੇ ਲੋਕਾਂ ਲਈ ਮਿਆਰੀ ਇਲਾਜ ਯਕੀਨੀ ਬਣਾਇਆ ਜਾਵੇਗਾ।
ਇਕ ਹੋਰ ਵਪਾਰੀ ਵੱਲੋਂ ਮੰਡੀਆਂ ਦੀ ਦੁਰਦਸ਼ਾ ਸਬੰਧੀ ਉਠਾਏ ਗਏ ਮੁੱਦੇ ‘ਤੇ ਮੁੱਖ ਮੰਤਰੀ ਨੇ ਸੂਬਾ ਭਰ ਦੀਆਂ ਮੰਡੀਆਂ ਵਿੱਚ ਬੁਨਿਆਦੀ ਢਾਂਚੇ ਨੂੰ ਆਧੁਨਿਕ ਲੀਹਾਂ ‘ਤੇ ਅੱਪਗ੍ਰੇਡ ਕਰਨ ਦਾ ਐਲਾਨ ਵੀ ਕੀਤਾ। ਉਨ੍ਹਾਂ ਕਿਹਾ ਕਿ ਵਪਾਰੀਆਂ ਅਤੇ ਉਦਯੋਗਾਂ ਦੀ ਭਲਾਈ ਲਈ ਹਰ ਸੰਭਵ ਯਤਨ ਕੀਤੇ ਜਾਣਗੇ।
ਇਸੇ ਤਰ੍ਹਾਂ ਜਦੋਂ ਇੱਕ ਵਪਾਰੀ ਨੇ ਹੁਸ਼ਿਆਰਪੁਰ ਦੇ ਗਊਸ਼ਾਲਾ ਬਜ਼ਾਰ ਵਿੱਚ ਵਾਹਨਾਂ ਦੀ ਪਾਰਕਿੰਗ ਨਾ ਹੋਣ ਦੇਣ ਕਾਰਨ ਵਪਾਰੀਆਂ ਨੂੰ ਹੋ ਰਹੀ ਅਸੁਵਿਧਾ ਦਾ ਮਾਮਲਾ ਉਠਾਇਆ ਤਾਂ ਮੁੱਖ ਮੰਤਰੀ ਨੇ ਤੁਰੰਤ ਡੀ.ਐਮ.ਓ. ਦਫ਼ਤਰ ਵਿੱਚ ਪਾਰਕਿੰਗ ਦੀ ਥਾਂ ਉਪਲਬਧ ਕਰਵਾਉਣ ਦੇ ਹੁਕਮ ਦਿੱਤੇ। ਉਨ੍ਹਾਂ ਕਿਹਾ ਕਿ ਵਪਾਰੀਆਂ ਅਤੇ ਉਦਯੋਗਾਂ ਨੂੰ ਹੋਣ ਵਾਲੀ ਮੁਸ਼ਕਲ ਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਇੱਕ ਵਪਾਰੀ ਵੱਲੋਂ ਉਠਾਏ ਗਏ ਇੱਕ ਹੋਰ ਮੁੱਦੇ ਬਾਰੇ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਹੁਣ 2 ਕਰੋੜ ਰੁਪਏ ਤੱਕ ਦਾ ਕਾਰੋਬਾਰ (ਟਰਨਓਵਰ) ਕਰਨ ਵਾਲੇ ਸਾਰੇ ਵਪਾਰੀਆਂ ਨੂੰ ਸਿਹਤ ਬੀਮਾ ਮੁਹੱਈਆ ਕਰਵਾਏਗੀ। ਪਹਿਲਾਂ ਇਹ ਸਹੂਲਤ ਸਿਰਫ਼ ਇਕ ਕਰੋੜ ਰੁਪਏ ਦੀ ਟਰਨਓਵਰ ਵਾਲੇ ਵਪਾਰੀਆਂ ਨੂੰ ਹੀ ਮਿਲਦੀ ਸੀ।