ਵਪਾਰੀਆਂ ਦੀਆਂ ਸਮੱਸਿਆਵਾਂ ਦਾ ਮੌਕੇ ‘ਤੇ ਹੱਲ ਕਰਨ ਦਾ ਸਬੱਬ ਬਣੀ ਸਰਕਾਰ-ਵਪਾਰ ਮਿਲਣੀ
ਮੁੱਖ ਮੰਤਰੀ ਨੇ ਮਿਲਣੀ ਦੌਰਾਨ ਉਠਾਏ ਮੁੱਦਿਆਂ ਦੇ ਤੁਰੰਤ ਹੱਲ ਦਾ ਦਿੱਤਾ ਭਰੋਸਾ
ਦੀਨਾਨਗਰ (ਗੁਰਦਾਸਪੁਰ), 25 ਫਰਵਰੀ (ਵਿਸ਼ਵ ਵਾਰਤਾ):- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਐਤਵਾਰ ਨੂੰ ਕਰਵਾਈ ਸਰਕਾਰ-ਵਪਾਰ ਮਿਲਣੀ ਵਪਾਰੀਆਂ ਅਤੇ ਉਦਯੋਗਪਤੀਆਂ ਦੀਆਂ ਸਮੱਸਿਆਵਾਂ ਨੂੰ ਮੌਕੇ ‘ਤੇ ਹੱਲ ਕਰਨ ਲਈ ਢੁਕਵਾਂ ਮੰਚ ਸਾਬਤ ਹੋਈ।
ਮਿਲਣੀ ਦੌਰਾਨ ਜਸਬੀਰ ਸਿੰਘ ਨੇ ਕਿਹਾ ਕਿ ਇਹ ਪੂਰੇ ਜ਼ਿਲ੍ਹੇ ਲਈ ਇਤਿਹਾਸਕ ਮੌਕਾ ਹੈ ਕਿਉਂਕਿ ਮੁੱਖ ਮੰਤਰੀ ਇੱਥੇ ਆਏ ਹਨ। ਉਨ੍ਹਾਂ ਕਿਹਾ ਕਿ ਪਹਿਲੀ ਵਾਰ ਕਿਸੇ ਮੁੱਖ ਮੰਤਰੀ ਨੇ ਲੋਕਾਂ ਵਿੱਚ ਆ ਕੇ ਵਪਾਰੀਆਂ ਦੀਆਂ ਸ਼ਿਕਾਇਤਾਂ ਸੁਣਨ ਦੀ ਖੇਚਲ ਕੀਤੀ ਹੈ। ਉਨ੍ਹਾਂ ਕਿਹਾ ਕਿ ਦੀਨਾਨਗਰ ਸਰਹੱਦ ‘ਤੇ ਸਥਿਤ ਹੈ, ਇਸ ਲਈ ਲਗਾਤਾਰ ਬਿਜਲੀ ਦੇ ਕੱਟ ਉਨ੍ਹਾਂ ਦੇ ਕੰਮ ਵਿਚ ਮੁਸ਼ਕਲਾਂ ਪੈਦਾ ਕਰਦੇ ਹਨ।
ਇਸ ਦਾ ਤੁਰੰਤ ਜਵਾਬ ਦਿੰਦਿਆਂ ਮੁੱਖ ਮੰਤਰੀ ਨੇ ਪੀ.ਐਸ.ਪੀ.ਸੀ.ਐਲ. ਦੇ ਅਧਿਕਾਰੀਆਂ ਨੂੰ ਇਸ ਮਾਮਲੇ ਨੂੰ ਘੋਖਣ ਅਤੇ ਇਹ ਯਕੀਨੀ ਬਣਾਉਣ ਲਈ ਕਿਹਾ ਕਿ ਕੋਈ ਅਣਐਲਾਨੀ ਕਟੌਤੀ ਨਹੀਂ ਹੋਣੀ ਚਾਹੀਦੀ। ਉਨ੍ਹਾਂ ਕਿਹਾ ਕਿ ਇਹ ਬਰਦਾਸ਼ਤਯੋਗ ਨਹੀਂ ਹੈ ਕਿਉਂਕਿ ਪੰਜਾਬ ਕੋਲ ਵਾਧੂ ਬਿਜਲੀ ਹੈ ਅਤੇ ਕੋਈ ਵੀ ਕੱਟ ਖ਼ਾਸ ਕਰਕੇ ਅਣ-ਐਲਾਨੇ ਕੱਟ ਨਹੀਂ ਲੱਗਣੇ ਚਾਹੀਦੇ।
ਇਕ ਹੋਰ ਵਪਾਰੀ/ਉਦਯੋਗਪਤੀ ਰਵੀ ਖੰਨਾ ਨੇ ਕਿਹਾ ਕਿ ਸਨਅਤੀ ਇਲਾਕਾ ਗੁਰਦਾਸਪੁਰ ਬਹੁਤ ਪਹਿਲਾਂ ਹੋਂਦ ਵਿੱਚ ਆਇਆ ਸੀ ਪਰ ਉਦੋਂ ਤੋਂ ਹੀ ਸਮੱਸਿਆਵਾਂ ਦੀ ਦਲਦਲ ਵਿੱਚ ਫਸਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਹੈ ਕਿ ਕੋਈ ਮੁੱਖ ਮੰਤਰੀ ਸਰਹੱਦੀ ਖੇਤਰ ਵਿੱਚ ਆਇਆ ਹੈ, ਪਿਛਲੇ ਸਮੇਂ ਵਿੱਚ ਇੱਥੋਂ ਤੱਕ ਕਿ ਸਥਾਨਕ ਵਿਧਾਇਕਾਂ ਨੇ ਵੀ ਇਲਾਕੇ ਦੇ ਲੋਕਾਂ ਦੀ ਗੱਲ ਨਹੀਂ ਸੁਣੀ। ਉਨ੍ਹਾਂ ਆਸ ਪ੍ਰਗਟਾਈ ਕਿ ਸਰਹੱਦੀ ਜ਼ਿਲ੍ਹੇ ਦੇ ਮਸਲੇ ਹੁਣ ਜਲਦੀ ਹੱਲ ਹੋ ਜਾਣਗੇ।
ਇਸ ਦਾ ਜਵਾਬ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਲੋਕਾਂ ਨੇ ਉਨ੍ਹਾਂ ਨੂੰ ਉਮੀਦ ਨਾਲ ਵੋਟਾਂ ਪਾਈਆਂ ਸਨ, ਜਿਸ ਕਾਰਨ ਹੁਣ ਸੂਬੇ ਵਿੱਚ ਤਬਦੀਲੀ ਦੀ ਹਨੇਰੀ ਵਗ ਰਹੀ ਹੈ ਅਤੇ ਉਹ ਇੱਥੋਂ ਦੇ ਲੋਕਾਂ ਵਿੱਚ ਬੈਠੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਹੁਣ ਖੱਜਲ-ਖੁਆਰੀ ਨਹੀਂ ਝੱਲਣੀ ਪਵੇਗੀ ਕਿਉਂਕਿ ਸੂਬਾ ਸਰਕਾਰ ਲੋਕਾਂ ਦੀ ਭਲਾਈ ਅਤੇ ਸੂਬੇ ਦੀ ਤਰੱਕੀ ਲਈ ਠੋਸ ਉਪਰਾਲੇ ਕਰ ਰਹੀ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਹ ਨਾ ਤਾਂ ਹਰ ਖਾਤੇ ਵਿੱਚ 15 ਲੱਖ ਰੁਪਏ ਦੇਣ ਦਾ ਵਾਅਦਾ ਕਰਦੇ ਹਨ ਅਤੇ ਨਾ ਹੀ ਪਾਣੀ ‘ਤੇ ਬੱਸਾਂ ਚਲਾਉਣ ਦਾ ਵਾਅਦਾ ਕਰਦੇ ਹਨ ਪਰ ਜੋ ਗੱਲ ਕਹਿੰਦੇ ਹਨ, ਉਸ ਨੂੰ ਪੂਰਾ ਕੀਤਾ ਜਾਵੇਗਾ।
ਕਾਦੀਆਂ ਤੋਂ ਪਰਮਜੀਤ ਸਿੰਘ ਸੋਹਲ ਨੇ ਕਿਹਾ ਕਿ ਵਪਾਰੀ ਸੂਬੇ ਦੀਆਂ ਆਰਥਿਕ ਗਤੀਵਿਧੀਆਂ ਦੀ ਰੀੜ੍ਹ ਦੀ ਹੱਡੀ ਹਨ ਪਰ ਉਨ੍ਹਾਂ ਨੂੰ ਕੋਈ ਵੀ ਸਹੂਲਤ ਨਹੀਂ ਮਿਲਦੀ, ਖ਼ਾਸ ਕਰਕੇ ਕੁਦਰਤੀ ਆਫ਼ਤ, ਚੋਰੀ ਜਾਂ ਦੁਰਘਟਨਾ ਦੀ ਸਥਿਤੀ ਵਿੱਚ। ਉਨ੍ਹਾਂ ਕਿਹਾ ਕਿ ਵਪਾਰੀਆਂ ਨੂੰ ਆਪਣਾ ਕੰਮ ਪੂਰੀ ਤਰ੍ਹਾਂ ਕਰਨ ਦਿੱਤਾ ਜਾਣਾ ਚਾਹੀਦਾ ਹੈ, ਉਨ੍ਹਾਂ ਕਿਹਾ ਕਿ ਪਹਿਲੀ ਵਾਰ ਕੋਈ ਮੁੱਖ ਮੰਤਰੀ ਉਨ੍ਹਾਂ ਦੀਆਂ ਸਮੱਸਿਆਵਾਂ ਸੁਣਨ ਲਈ ਆਇਆ ਹੈ।
ਇਕ ਹੋਰ ਵਪਾਰੀ/ਉਦਯੋਗਪਤੀ ਰਾਜਬੀਰ ਸਿੰਘ ਰੰਧਾਵਾ ਨੇ ਸੂਬੇ ਵਿੱਚ ਮਿਸਾਲੀ ਕੰਮ ਕਰਨ ਲਈ ਮੁੱਖ ਮੰਤਰੀ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਆਜ਼ਾਦੀ ਤੋਂ ਬਾਅਦ ਕਦੇ ਵੀ ਕਿਸੇ ਮੁੱਖ ਮੰਤਰੀ ਨੇ ਲੋਕਾਂ ਦੀ ਗੱਲ ਨਹੀਂ ਸੁਣੀ ਪਰ ਪਹਿਲੀ ਵਾਰ ਲੋਕਾਂ ਦੀ ਗੱਲ ਸੁਣੀ ਜਾ ਰਹੀ ਹੈ। ਉਨ੍ਹਾਂ ਬਟਾਲਾ ਜ਼ਿਲ੍ਹੇ ਵਿੱਚ ਟਰੈਫਿਕ ਜਾਮ ਅਤੇ ਸੁਰੱਖਿਆ ਦੇ ਨਾਲ-ਨਾਲ ਕਸਬੇ ਵਿੱਚ ਜਨਤਕ ਆਵਾਜਾਈ ਪ੍ਰਣਾਲੀ ਨੂੰ ਮਜ਼ਬੂਤ ਕਰਨ ਦੇ ਮੁੱਦੇ ਵੀ ਉਠਾਏ। ਉਨ੍ਹਾਂ ਸ਼ਹਿਰ ਵਿੱਚ ਸਨਅਤੀ ਵਿਕਾਸ ਨੂੰ ਹੁਲਾਰਾ ਦੇਣ ਲਈ ਸੂਬਾ ਸਰਕਾਰ ਵੱਲੋਂ ਠੋਸ ਉਪਰਾਲੇ ਕਰਨ ਦੀ ਵੀ ਮੰਗ ਕੀਤੀ।
ਦੀਨਾਨਗਰ ਤੋਂ ਸਤਵਿੰਦਰ ਸਿੰਘ ਗੋਲਡੀ ਨੇ ਕਿਹਾ ਕਿ ਪਿਛਲੇ 35 ਸਾਲਾਂ ਵਿੱਚ ਕਿਸੇ ਨੇ ਵੀ ਆਮ ਆਦਮੀ ਦੀ ਪਰਵਾਹ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਹੁਣ ਮੁੱਖ ਮੰਤਰੀ ਦੇ ਠੋਸ ਯਤਨਾਂ ਨਾਲ ਪੰਜਾਬ ਬੇਮਿਸਾਲ ਵਿਕਾਸ ਅਤੇ ਤਰੱਕੀ ਦੇ ਨਵੇਂ ਦੌਰ ਦਾ ਗਵਾਹ ਹੈ। ਉਨ੍ਹਾਂ ਮੰਗ ਕੀਤੀ ਕਿ ਹੱਥੀਂ ਖੁਦਾਈ ਕਰਨ ਦੀ ਬਜਾਏ ਮਸ਼ੀਨਾਂ ਨਾਲ ਤਿੰਨ ਫੁੱਟ ਤੱਕ ਮਿੱਟੀ ਦੀ ਪੁਟਾਈ ਕਰਨ ਦੀ ਇਜਾਜ਼ਤ ਦਿੱਤੀ ਜਾਵੇ ਅਤੇ ਭੱਠਾ ਮਾਲਕਾਂ ਲਈ ਮਿੱਟੀ ਪੁੱਟਣ ਦੀ ਹੱਦ ਮੌਜੂਦਾ ਦੋ ਏਕੜ ਤੋਂ ਵਧਾ ਕੇ ਪੰਜ ਏਕੜ ਕੀਤੀ ਜਾਵੇ।
ਮੁੱਖ ਮੰਤਰੀ ਨੇ ਕਿਹਾ ਕਿ ਹੁਣ ਤੋਂ ਭੱਠਾ ਮਾਲਕ ਭੱਠਿਆਂ ਲਈ ਦੋ ਏਕੜ ਦੀ ਬਜਾਏ ਪੰਜ ਏਕੜ ਰਕਬੇ ਦੀ ਵਰਤੋਂ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਸਬੰਧੀ ਰਸਮੀ ਹੁਕਮ ਜਲਦੀ ਹੀ ਜਾਰੀ ਕਰ ਦਿੱਤੇ ਜਾਣਗੇ ਅਤੇ ਵਾਤਾਵਰਣ ਨੂੰ ਬਚਾਉਣ ਵਾਲੇ ਭੱਠਾ ਮਾਲਕਾਂ ਨੂੰ ਵੀ ਉਤਸ਼ਾਹਿਤ ਕੀਤਾ ਜਾਵੇਗਾ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਆਮ ਆਦਮੀ ਦੀ ਭਲਾਈ ਲਈ ਮਿੱਟੀ ਦੀ ਹੱਥੀਂ ਪੁਟਾਈ ਦੇ ਮੁੱਦੇ ਨੂੰ ਵੀ ਹਮਦਰਦੀ ਨਾਲ ਘੋਖਿਆ ਜਾਵੇਗਾ।