ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਰਾਜੀਵ ਵਰਮਾ ਵੱਲੋਂ ਅਫ਼ਰੀਕਨ ਸਵਾਈਨ ਫ਼ੀਵਰ ਤੋਂ ਬਚਾਅ ਲਈ ਮੂਸਾਪੁਰ ਰੋਡ ਕਲੋਨੀ ਸਬੰਧੀ ਇਹਤਿਆਤੀ ਹੁਕਮ ਜਾਰੀ
ਨਵਾਂਸ਼ਹਿਰ, 31 ਦਸੰਬਰ(ਵਿਸ਼ਵ ਵਾਰਤਾ)-ਡਾਇਰੈਕਟਰ, ਪਸ਼ੂ ਪਾਲਣ ਵਿਭਾਗ, ਪੰਜਾਬ ਵੱਲੋਂ ‘ਜਾਨਵਰਾਂ ਵਿੱਚ ਛੂਤ ਦੀਆਂ ਬੀਮਾਰੀਆਂ ਦੀ ਰੋਕਥਾਮ ਅਤੇ ਕੰਟਰੋਲ ਐਕਟ, 2009’ ਦੇ ਅਧਿਆਇ ਤੀਸਰੇ ਦੇ ਸੈਕਸ਼ਨ 6 ਤਹਿਤ ਜਾਰੀ ਨੋਟੀਫ਼ਿਕੇਸ਼ਨ ਰਾਹੀਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਮੂਸਾਪੁਰ ਰੋਡ ਕਾਲੋਨੀ ਨੂੰ ਅਫਰੀਕਨ ਸਵਾਈਨ ਫੀਵਰ ਨਾਲ ਪ੍ਰਭਾਵਿਤ ਜ਼ੋਨ ਐਲਾਨੇ ਜਾਣ ਦੀ ਲਗਾਤਾਰਤਾ ਦੇ ਮੱਦੇਨਜ਼ਰ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਸ਼ਹੀਦ ਭਗਤ ਸਿੰਘ ਨਗਰ ਰਾਜੀਵ ਵਰਮਾ ਨੇ ਸਾਵਧਾਨੀ ਵਜੋਂ ਫੌਜਦਾਰੀ ਜਾਬਤਾ ਸੰਘਤਾ 1973 (1974 ਦਾ ਐਕਟ-2) ਦੀ ਧਾਰਾ 144 ਅਧੀਨ ਇਹਤਿਆਤੀ ਹੁਕਮ ਜਾਰੀ ਕੀਤੇ ਹਨ। ਇਹ ਇਹਤਿਆਤੀ ਹੁਕਮ 1 ਜਨਵਰੀ 2023 ਤੋਂ 28 ਫ਼ਰਵਰੀ 2023 ਤੱਕ ਲਾਗੂ ਰਹਿਣਗੇ।
ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਨੇ ਦੱਸਿਆ ਕਿ ਬੀਮਾਰੀ ਦੇ ਕੇਂਦਰਾਂ ਤੋਂ 0 ਤੋਂ ਇੱਕ ਕਿਲੋਮੀਟਰ ਤੱਕ ਦੇ ਖੇਤਰ ‘ਸੰਕ੍ਰਮਣ (ਪ੍ਰਭਾਵਿਤ) ਜ਼ੋਨ’ ਅਤੇ 1 ਤੋਂ 10 ਕਿਲੋਮੀਟਰ (9 ਕਿਲੋਮੀਟਰ) ਤੱਕ ਦੇ ਖੇਤਰ ‘ਨਿਗਰਾਨੀ ਜ਼ੋਨ’ ਹੋਣਗੇ।
ਡਿਪਟੀ ਡਾਇਰੈਕਟਰ ਪਸ਼ੂ ਪਾਲਣ, ਸ਼ਹੀਦ ਭਗਤ ਸਿੰਘ ਨਗਰ ਨੂੰ ਇਨ੍ਹਾਂ ਇਹਤਿਆਤੀ ਹੁਕਮਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ। ਇਨ੍ਹਾਂ ਮਨਾਹੀ ਦੇ ਹੁਕਮਾਂ ਤਹਿਤ ਸੂਰ ਪਾਲਣ ਦਾ ਕੰਮ ਕਰ ਰਹੇ ਹਰ ਕਿਸਮ ਦੇ ਵਿਅਕਤੀ, ਪ੍ਰਭਾਵਿਤ ਇਲਾਕੇ ਤੋਂ 10 ਕਿਲੋਮੀਟਰ ਦੇ ਘੇਰੇ ਤੋਂ ਬਾਹਰ ਜਾਣ ਅਤੇ ਬਾਹਰਲੇ ਇਲਾਕੇ ਤੋਂ ਪ੍ਰਭਾਵਿਤ ਇਲਾਕੇ ਵਿੱਚ ਆਉਂਣ ਤੋਂ ਗੁਰੇਜ਼ ਕਰਨਗੇ। ਸੂਰਾਂ ਦੀ ਹਰ ਕਿਸਮ ਦੀ ਮੂਵਮੈਂਟ ਅਤੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਹਦੂਦ ਨਾਲ ਲਗਦੇ ਸੂਬੇ ਅਤੇ ਜ਼ਿਲਿਆਂ ਤੋਂ ਵੀ ਸੂਰਾਂ ਅਤੇ ਸੁਰਾਂ ਤੋਂ ਬਣਦੇ ਪਦਾਰਥ ਲੈ ਕੇ ਜਾਣ ਜਾਂ ਲੈ ਕੇ ਆਉਣ ਤੇ ਪੂਰਨ ਪਾਬੰਦੀ ਹੋਵੇਗੀ। ਕੋਈ ਜਿੰਦਾ/ਮਿ੍ਰਤਕ ਸੂਰ (ਜੰਗਲੀ ਸੂਰ, ਸੂਰ ਦਾ ਮੀਟ, ਸੂਰਾਂ ਦੀ ਫੀਡ, ਸੂਰ ਫਾਰਮ ਦਾ ਕੋਈ ਵੀ ਸਮਾਨ ਅਤੇ ਮਸ਼ੀਨਰੀ ਆਦਿ) ਵੀ ਪ੍ਰਭਾਵਿਤ ਇਲਾਕੇ ਤੋਂ ਬਾਹਰ ਲਿਜਾਣ ਜਾਂ ਬਾਹਰਲੇ ਇਲਾਕੇ ਤੋਂ ਪ੍ਰਭਾਵਿਤ ਇਲਾਕੇ ਵਿੱਚ ਲਿਆਉਣ ’ਤੇ ਪੂਰਨ ਪਾਬੰਦੀ ਹੋਵੇਗੀ। ਕਿਸੇ ਵੀ ਵਿਅਕਤੀ ਵੱਲੋਂ ਅਫਰੀਕਨ ਸਵਾਇਨ ਫੀਵਰ ਨਾਲ ਪ੍ਰਭਾਵਿਤ ਸੂਰ ਜਾਂ ਸੂਰਾਂ ਦੇ ਮੀਟ ਤੋਂ ਬਣਦੇ ਪਦਾਰਥ ਬਜਾਰ ਵਿੱਚ ਲੈ ਕੇ ਜਾਣ ਤੇ ਪੂਰਨ ਪਾਬੰਦੀ ਹੋਵੇਗੀ।