*ਲੱਤ ਤੋਂ ਅੰਗਹੀਣ ਮੱਖਣ ਸਿੰਘ ਨੇ ਖੇਤੀ ਕਾਨੂੰਨਾਂ ਖ਼ਿਲਾਫ਼ ਕੀਤੀ ਖੁਦਕੁਸ਼ੀ*
ਬਰਨਾਲਾ, 16 ਫਰਵਰੀ (ਤਰਸੇਮ ਗੋਇਲ)-ਕੇਂਦਰ ਸਰਕਾਰ ਵਲੋਂ ਖੇਤੀ ਕਾਨੂੰਨਾਂ ਖਿਲਾਫ਼ ਚੱਲ ਰਹੇ ਸੰਘਰਸ਼ ’ਤੇ ਭਾਵੇ ਆਪਣਾ ਰੁਖ ਸਖਤ ਹੀ ਰੱਖਿਆ ਹੋਇਆ ਹੈ, ਪਰ ਇਸ ਕਿਸਾਨੀ ਅੰਦੋਲਨ ’ਚ ਹਰ ਰੋਜ ਕਿਸਾਨ ਖੁਦਕੁਸ਼ੀ ਜਾਂ ਕਿਸਾਨੀ ਸੰਘਰਸ਼ ’ਚ ਮਰ ਰਹੇ ਹਨ। ਬਰਨਾਲਾ ਜ਼ਿਲ੍ਹੇ ਦੇ ਪਿੰਡ ਪੱਖੋਕੇ ਤੋਂ ਇੱਕ ਲੱਤ ਤੋਂ ਅੰਗਹੀਣ 42 ਸਾਲਾ ਦਲਿਤ ਮੱਖਣ ਸਿੰਘ ਪੁੱਤਰ ਗੁਲਾਬ ਸਿੰਘ ਨੇ ਸੋਮਵਾਰ ਦੀ ਦੇਰ ਰਾਤ ਬਰਨਾਲਾ-ਮੋਗਾ ਸੜਕ ’ਤੇ ਆਪਣਾ ਮੋਬਾਈਲ ਰਾਹੀਂ ਆਡੀਓ ਵਾਇਰਲ ਕਰਦਿਆਂ ਲਾਇਵ ਖੁਦਕੁਸ਼ੀ ਕੀਤੀ। ਜਿਸ ਨੂੰ ਭਾਵੇਂ ਬਰਨਾਲਾ ਪੁਲਿਸ ਤੇ ਸਿਵਲ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਦਿਨ ਚੜ੍ਹਦੇ ਹੀ ਸਵੇਰੇ 7:30 ਵਜੇ ਮੰਗਲਵਾਰ ਨੂੰ ਪਿੰਡ ਦੇ ਹੀ ਰਾਮਬਾਗ ’ਚ ਸਸਕਾਰ ਕਰ ਦਿੱਤਾ, ਪਰ ਬਾਅਦ ਦੁਪਹਿਰ ਜਿਉਂ ਮਿ੍ਤਕ ਦਲਿਤ ਮੱਖਣ ਸਿੰਘ ਰਿਸਤੇਦਾਰ ਤੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਰਾਬਤਾ ਕਰਨ ਉਪਰੰਤ ਹਾਦਸੇ ਵਾਲੀ ਬਰਨਾਲਾ-ਮੋਗਾ ਸੜਕ ’ਤੇ ਜਾ ਕੇ ਜਾਂਚ ਕੀਤੀ ਤਾਂ ਮੱਖਣ ਸਿੰਘ ਦਾ ਮੋਬਾਈਲ ਉਨ੍ਹਾਂ ਦੇ ਹੱਥ ਲੱਗਿਆ। ਜਿਸ ਨੂੰ ਖੋਲਣ ’ਤੇ ਉਸ ’ਚੋਂ ਖੁਦਕੁਸ਼ੀ ਤੋਂ ਪਹਿਲਾਂ ਮੱਖਣ ਸਿੰਘ ਦੀ ਆਡੀਓ ਮਿਲੀ। ਜਿਸ ’ਚ ਉਸ ਨੇ ਦਿੱਲੀ ਚੱਲ ਰਹੇ ਕਿਸਾਨੀ ਅੰਦੋਲਨ ਬਾਰੇ ਬੋਲਦਿਆਂ ਕੇਂਦਰ ਸਰਕਾਰ ਵਲੋਂ ਖੇਤੀ ਕਾਨੂੰਨਾਂ ਨੂੰ ਰੱਦ ਨਾ ਕਰਨ ਦਾ ਹਵਾਲਾ ਦਿੰਦਿਆਂ ਇਸ ਕਿਸਾਨੀ ਸੰਘਰਸ਼ ’ਚ ਮਰ ਰਹੇ ਕਿਸਾਨਾਂ-ਮਜ਼ਦੂਰਾਂ ਦੀ ਲਾਇਨ ’ਚ ਆਪਣੇ -ਆਪ ਨੂੰ ਖੜ੍ਹਾ ਕਰਦਿਆਂ ਸੋਮਵਾਰ ਦੀ ਰਾਤ ਕਰੀਬ 11:00 ਵਜੇ ਸੜਕ ਤੋਂ ਲੰਘਣ ਵਾਲੇ ਵਾਹਨਾਂ ਨਾਲ ਟਕਰਾ ਕੇ ਆਪਣੀ ਜਾਨ ਗਵਾਈ।
*4.40 ਮਿੰਟ ਦੀ ਆਡੀਓ ਹੋਈ ਵਾਇਰਲ*
ਖੇਤੀ ਕਾਨੂੰਨਾਂ ਦੇ ਖਿਲਾਫ਼ ਜਾਨ ਗਵਾਉਣ ਵਾਲੇ ਅੰਗਹੀਣ ਦਲਿਤ ਮੱਖਣ ਸਿੰਘ ਨੇ ਸੋਮਵਾਰ ਦੀ ਰਾਤ ਨੂੰ 10:35 ਮਿੰਟ ’ਤੇ ਆਪਣੇ ਮੋਬਾਇਲ ਰਾਹੀਂ ਖੁਦਕੁਸ਼ੀ ਤੋਂ ਪਹਿਲਾਂ ਇਕ ਆਡੀਓ ਰਿਕਾਰਡ ਕੀਤੀ। ਜਿਸ ’ਚ ਉਸ ਨੇ 26 ਜਨਵਰੀ ਨੂੰ ਦਿੱਲੀ ’ਚ ਹੋਈ ਘਟਨਕ੍ਰਾਮ ’ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਕੋਈ ਹਿੰਸਾ ਨਹੀਂ, ਕੋਈ ਗਲਤੀ ਨਹੀਂ’, ਜੋ ਕਾਨੂੰਨ ਕਿਸਾਨਾਂ ਲਈ ਬਣੇ ਹਨ, ਜਦ ਉਹ ਕਿਸਾਨਾਂ ਨੂੰ ਹੀ ਪਸੰਦ ਨਹੀਂ ਤਾਂ ਸਰਕਾਰ ਉਨ੍ਹਾਂ ਨੂੰ ਮੱੁਢੋ ਰੱਦ ਕਿਉਂ ਨਹੀਂ ਕਰ ਰਹੀ। ਮੋਦੀ ਸਰਕਾਰ ਸਾਨੂੰ ਸਾਡੇ ਹੱਕ ਕਿਉਂ ਨਹੀਂ ਦਿੰਦੀ। ਮੈਨੂੰ ਆਪਣੀ ਜ਼ਿੰਦਗੀ ਦਾ ਕੋਈ ਚਾਅ ਨਹੀਂ। ਮੈਂ ਕਿਸਾਨੀ ਸੰਘਰਸ਼ ’ਚ ਕੁੱਦੇ ਨੌਜਵਾਨਾਂ ਨੂੰ ਸਲੂਟ ਕਰਦਾ ਹਾਂ ਤੇ ਹਮਉਮਰਦਿਆਂ ਨੂੰ ਸਲਾਮ ਕਰਕੇ ਬਜ਼ੁਰਗਾਂ ਦੇ ਪੈਰੀ ਹੱਥ ਲਗਾ ਇਸ ਸੰਘਰਸ਼ ’ਚ ਜਾਨ ਗਵਾ ਚੁੱਕੇ ਸੰਘਰਸ਼ਸੀਲਾਂ ਨੂੰ ਨਮਸਕਾਰ ਕਰਨ ਖੁਦ ਉਨ੍ਹਾਂ ਕੋਲ ਪੁੱਜ ਰਿਹਾ ਹਾਂ। ਮੈਂ ਬਰਨਾਲਾ-ਮੋਗਾ ਹਾਈਵੇ ਰੋਡ ’ਤੇ ਖੇਤੀ ਕਾਨੂੰਨਾਂ ਦੇ ਵਿਰੁੱਧ ਖੁਦਕੁਸ਼ੀ ਕਰ ਰਿਹਾ ਹਾਂ। ਮੈਂ ਜੋ ਕੰਮ ਕਰ ਰਿਹਾ ਹਾਂ, ਭਾਵੇਂ ਇਹ ਔਖ਼ਾ ਹੈ ਪਰ ਮੇਰੀ ਜ਼ਮੀਰ ਕਿਸਾਨੀ ਅੰਦੋਲਨ ਨੂੰ ਡਾਵਾਂਡੋਲ ਹੁੰਦਾ ਬਰਦਾਸਤ ਨਹੀਂ ਕਰ ਰਹੀ। ਮੈਂ ਇਸ ਸੰਘਰਸ਼ ਦੀ ਚੜਦੀ ਕਲਾਂ ਲਈ ਮੌਤ ਨੂੰ ਗਲ ਲਗਾ ਰਿਹਾ ਹਾਂ। ਭਾਵੇਂ ਖੁਦਕੁਸ਼ੀ ਇਕ ਗਲਤ ਤਰੀਕਾ ਹੈ, ਪਰ ਸਰਕਾਰ ਸਾਨੂੰ ਖੁਦਕੁਸ਼ੀ ਕਰਨ ਲਈ ਮਜ਼ਬੂਰ ਕਰ ਰਹੀ ਹੈ।
*-ਕਿਸਾਨੀ ਸੰਘਰਸ਼ ’ਚ ਮੱਖਣ ਸਿੰਘ ਦੋ ਵਾਰ ਗਿਆ*
ਮੰਗਲਵਾਰ ਬਾਅਦ ਦੁਪਹਿਰ ਸੱਥਰ ’ਤੇ ਬੈਠੇ ਮੱਖਣ ਸਿੰਘ ਦੇ ਪਿਤਾ ਗੁਲਾਬ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਕਿਸਾਨੀ ਸੰਘਰਸ਼ ਨੂੰ ਬਹੁਤ ਸਮਰਪਿਤ ਸੀ। ਉਹ ਦੋ ਵਾਰੀ ਕਿਸਾਨੀ ਅੰਦੋਲਨ ’ਚ ਦਿੱਲੀ ਚੱਲ ਰਹੇ ਸੰਘਰਸ਼ ਦਾ ਵੀ ਹਿੱਸਾ ਬਣਿਆ। ਉਨ੍ਹਾਂ ਦੱਸਿਆ ਕਿ ਉਹ ਜਦੋਂ ਦੇ ਖੇਤੀ ਕਾਨੂੰਨ ਬਣੇ ਹਨ, ਉਦੋਂ ਤੋਂ ਹੀ ਉਨ੍ਹਾਂ ਨੂੰ ਲੈ ਕੇ ਪ੍ਰੇਸ਼ਾਨ ਰਹਿੰਦਾ ਸੀ। ਮੱਖਣ ਸਿੰਘ ਆਪਣੇ ਪਰਿਵਾਰ ’ਚ ਜਿੱਤੇ ਮਾਪਿਆਂ ਨੂੰ ਬਿਲਕਦੇ ਛੱਡ ਗਿਆ , ਉੱਥੇ ਹੀ ਪਤਨੀ ਸਮੇਤ 16 ਵਰ੍ਹਿਆਂ ਦੀ ਧੀ ਤੇ 14 ਸਾਲਾਂ ਦਾ ਜਵਾਨ ਪੁੱਤ ਨੂੰ ਰੋਂਦਿਆਂ ਛੱਡ ਗਿਆ। ਮੱਖਣ ਸਿੰਘ ਜਿੱਥੇ ਕਿਸਾਨੀ ਨੂੰ ਸਮਰਪਿਤ ਸੀ, ਉੱਥੇ ਧਾਰਮਿਕ ਬਿਰਤੀ ਦਾ ਇਨਸਾਨ ਇਕ ਗੁਰੂ ਘਰ ਦਾ ਗ੍ਰੰਥੀ ਸੀ।