ਤੇਜ਼ੀ ਨਾਲ ਬਦਲ ਰਹੇ ਜ਼ਮਾਨੇ ਵਿਚ ਹਰ ਕੋਈ ਤਰੱਕੀ ਕਰਨਾ ਚਾਹੁੰਦਾ ਹੈ, ਪਰ ਇਸ ਤਰੱਕੀ ਦੇ ਦੌਰ ਵਿਚ ਜਿਥੇ ਇਨਸਾਨ ਆਪਣੀ ਸਿਹਤ ਨਾਲ ਖਿਲਵਾੜ ਕਰਕੇ ਪੈਸੇ ਦੇ ਪਿੱਛੇ ਭੱਜ ਰਿਹਾ ਹੈ, ਉਥੇ ਇਸ ਨਾਲ ਉਸ ਦੀ ਉਮਰ ਵੀ ਘਟਦੀ ਜਾ ਰਹੀ ਹੈ| ਜਦੋਂ ਅਸੀਂ ਆਪਣੇ ਬਜ਼ੁਰਗਾਂ ਵੱਲ ਦੇਖਦੇ ਹਾਂ ਤਾਂ ਅਸੀਂ ਆਪਣੇ ਮਨ ਵਿਚ ਇਹ ਸੋਚਦੇ ਹਾਂ ਕਿ ਸ਼ਾਇਦ ਹੀ ਅਸੀਂ ਇਸ ਉਮਰ ਤੱਕ ਪਹੁੰਚ ਸਕੀਏ| ਅੱਜ-ਕੱਲ੍ਹ ਨੌਜਵਾਨ ਵਰਗ ਦੇ ਲੋਕ ਵੀ ਭਿਆਨਕ ਬਿਮਾਰੀਆਂ ਦੀ ਲਪੇਟ ਵਿਚ ਹਨ, ਜੋ ਕਿ ਸਾਡੇ ਸਮਾਜ ਲਈ ਇਕ ਖਤਰੇ ਦੀ ਘੰਟੀ ਹੈ| ਇਹ ਗੱਲ ਠੀਕ ਹੈ ਕਿ ਹਰ ਇਨਸਾਨ ਤਰੱਕੀ ਕਰਕੇ ਅੱਗੇ ਵਧਣਾ ਚਾਹੀਦਾ ਹੈ, ਪਰ ਸਾਨੂੰ ਅਜਿਹੀਆਂ ਗੱਲਾਂ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ, ਜੋ ਸਾਡੇ ਲਈ ਬੇਹੱਦ ਘਾਤਕ ਸਾਬਿਤ ਹੋ ਸਕਦੀਆਂ ਹਨ| ਆਓ ਤੁਹਾਨੂੰ 5 ਅਜਿਹੀਆਂ ਆਦਤਾਂ ਬਾਰੇ ਦੱਸਦੇ ਹਾਂ ਜਿਨ੍ਹਾਂ ਨੂੰ ਤਿਆਗ ਕੇ ਤੁਸੀਂ ਆਪਣੀ ਉਮਰ ਨੂੰ ਵਧਾ ਸਕਦੇ ਹੋ-
1. ਸ਼ਰਾਬ ਤੇ ਸਿਗਰਟਨੋਸ਼ੀ ਦੀ ਆਦਤ :
ਸ਼ਰਾਬ ਅਤੇ ਸਿਗਰਟਨੋਸ਼ੀ ਸਾਡੀ ਸਿਹਤ ਲਈ ਸਭ ਤੋਂ ਖਤਰਨਾਕ ਹਨ| ਕਈ ਲੋਕ ਸ਼ਰਾਬ ਦੇ ਇੰਨੇ ਆਦੀ ਹੋ ਜਾਂਦੇ ਹਨ, ਜਿਸ ਨਾਲ ਉਨ੍ਹਾਂ ਦੀ ਲੀਵਰ ਤੱਕ ਖਰਾਬ ਹੋ ਜਾਂਦਾ ਹੈ| ਇਸ ਤੋਂ ਇਲਾਵਾ ਅੱਜ ਕੱਲ੍ਹ ਅਸੀਂ ਦੇਖਦੇ ਹਾਂ ਕਿ ਕੁਝ ਲੋਕ ਵਿਆਹ-ਸ਼ਾਦੀਆਂ ਵਿਚ ਸ਼ਰਾਬ ਜ਼ਿਆਦਾ ਪੀ ਲੈਂਦੇ ਹਨ ਅਤੇ ਵਾਹਨ ਚਲਾਉਂਦੇ ਸਮੇਂ ਸੜਕ ਹਾਦਸੇ ਦਾ ਵੀ ਸ਼ਿਕਾਰ ਹੋ ਜਾਂਦੇ ਹਨ| ਇਸ ਤੋਂ ਇਲਾਵਾ ਸਿਗਰਟਨੋਸ਼ੀ ਕਾਰਨ ਸਾਨੂੰ ਕੈਂਸਰ ਅਤੇ ਫੇਫੜੇ ਆਦਿ ਦੀਆਂ ਬਿਮਾਰੀਆਂ ਲੱਗਣ ਦਾ ਖਤਰਾ ਹਰ ਸਮੇਂ ਲੱਗਿਆ ਰਹਿੰਦਾ ਹੈ| ਸਾਡੇ ਦੇਸ਼ ਵਿਚ ਰੋਜ਼ਾਨਾ ਹੀ ਸਿਗਰਟਨੋਸ਼ੀ ਕਾਰਨ ਕਈ ਲੋਕ ਮਾਰੇ ਜਾਂਦੇ ਹਨ| ਇਸ ਲਈ ਸ਼ਰਾਬ ਅਤੇ ਸਿਗਰਟਨੋਸ਼ੀ ਦੀ ਆਦਤ ਨੂੰ ਤਿਆਗ ਦੇਣਾ ਚਾਹੀਦਾ ਹੈ|
2. ਜੰਕਫੂਡ ਦੀ ਵਧੇਰੇ ਵਰਤੋਂ
ਨਵੀਂ ਪੀੜ੍ਹੀ ਤਲੇ ਹੋਏ ਖਾਣੇ ਦੀ ਗੁਲਾਮ ਬਣ ਚੁੱਕੀ ਹੈ| ਜੰਕਫੂਡ ਅੱਜ ਕੱਲ੍ਹ ਹਰ ਇਕ ਨੌਜਵਾਨ ਦੀ ਪਹਿਲੀ ਪਸੰਦ ਬਣ ਗਿਆ ਹੈ| ਇਹ ਖਾਣੇ ਬੇਸ਼ੱਕ ਸਾਨੂੰ ਸਵਾਦ ਜ਼ਰੂਰ ਲਗਦੇ ਹਨ, ਪਰ ਜਦੋਂ ਇਨ੍ਹਾਂ ਕਾਰਨ ਜਦੋਂ ਮੋਟਾਪਾ ਵਧਦਾ ਹੈ ਤਾਂ ਸਾਨੂੰ ਕਈ ਗੰਭੀਰ ਬਿਮਾਰੀਆਂ ਵੀ ਘੇਰ ਲੈਂਦੀਆਂ ਹਨ| ਸਾਨੂੰ ਇਨ੍ਹਾਂ ਦੀ ਥਾਂ ਹਰੀਆਂ ਸਬਜ਼ੀਆਂ, ਫਲਾਂ ਤੇ ਫਲਾਂ ਦੇ ਰਸ ਦੀ ਵਧੇਰੇ ਵਰਤੋਂ ਕਰਨੀ ਚਾਹੀਦੀ ਹੈ|
3. ਦੇਰ ਰਾਤ ਤੱਕ ਟੀ.ਵੀ ਦੇਖਣਾ
ਦੇਰ ਰਾਤ ਤੱਕ ਟੀ.ਵੀ ਦੇਖਣਾ ਪਹਿਲਾਂ ਸ਼ਹਿਰਾਂ ਵਿਚ ਆਮ ਗੱਲ ਸੀ, ਪਰ ਹੁਣ ਇਹ ਰਿਵਾਜ਼ ਪਿੰਡਾਂ ਵਿਚ ਵੀ ਆਮ ਬਣਦਾ ਜਾ ਰਿਹਾ ਹੈ| ਕਈ ਲੋਕ ਦੇਰ ਰਾਤ ਟੀ.ਵੀ ਦੇਖਦੇ ਰਹਿੰਦੇ ਹਨ, ਜਿਸ ਕਾਰਨ ਉਨ੍ਹਾਂ ਦੇ ਬਲੱਡ ਸਰਕੂਲਰ ਵਿਚ ਰੁਕਾਵਟ ਆ ਜਾਂਦੀ ਹੈ| ਇਸ ਨਾਲ ਮਾਨਸਿਕ ਤਣਾਅ, ਮੋਟਾਪਾ ਅਤੇ ਕੈਸਟ੍ਰੋਲ ਦੀ ਸਮੱਸਿਆ ਵਧਦੀ ਹੈ| ਸੋ ਸਾਨੂੰ ਜ਼ਿਆਦਾ ਦੇਰ ਤੱਕ ਟੀ.ਵੀ ਦੇਖਣ ਦੀ ਆਦਤ ਘਟਾਉਣੀ ਚਾਹੀਦੀ ਹੈ|
4. ਜ਼ਿਆਦਾ ਨਮਕ ਦੀ ਵਰਤੋਂ
ਖਾਣੇ ਵਿਚ ਜ਼ਿਆਦਾ ਨਮਕ ਦੀ ਵਰਤੋਂ ਵੀ ਸਾਡੀ ਸਿਹਤ ਲਈ ਘਾਤਕ ਸਿੱਧ ਹੁੰਦੀ ਹੈ| ਇਸ ਨਾਲ ਬਲੱਡ ਪ੍ਰੈਸ਼ਰ ਦੀ ਬਿਮਾਰੀ ਕਾਫੀ ਹੱਦ ਤੱਕ ਵਧਦੀ ਹੈ ਅਤੇ ਇਸ ਕਾਰਨ ਸਾਡੀ ਕਿਡਨੀ ਵੀ ਖਰਾਬ ਹੋ ਸਕਦੀ ਹੈ| ਸਾਨੂੰ ਭੋਜਨ ਵਿਚ ਘੱਟ ਨਮਕ ਦੀ ਵਰਤੋਂ ਕਰਨੀ ਚਾਹੀਦੀ ਹੈ|
5. ਕੋਲਡ ਡਰਿੰਕਸ ਦੀ ਵਧੇਰੇ ਵਰਤੋਂ
ਜ਼ਿਆਦਾ ਕੋਲਡ ਡਰਿੰਕਸ ਦੀ ਵਰਤੋਂ ਵੀ ਸਾਡੀ ਸਿਹਤ ਲਈ ਹਾਨੀਕਾਰਕ ਹੈ| ਇਸ ਦਾ ਅਸਰ ਸਾਡੀਆਂ ਹੱਡੀਆਂ ਉਤੇ ਪੈਂਦਾ ਹੈ| ਇਸ ਲਈ ਛੋਟੇ ਬੱਚਿਆਂ ਤੋਂ ਲੈ ਕੇ ਵੱਡੀ ਉਮਰ ਤੱਕ ਦੇ ਲੋਕਾਂ ਨੂੰ ਕੋਲਡ ਡਰਿੰਕਸ ਜ਼ਿਆਦਾ ਨਹੀਂ ਪੀਣਾ ਚਾਹੀਦਾ|