ਲੋਕ ਸਭਾ ਵਿੱਚ ਖਤਮ ਅਤੇ ਰਾਜ ਸਭਾ ਵਿੱਚ ਵਧ ਜਾਵੇਗੀ ‘ਆਮ ਆਦਮੀ ਪਾਰਟੀ’ ਦੀ ਨੁਮਾਇੰਦਗੀ
ਅੱਜ ਭਗਵੰਤ ਮਾਨ ਦਿੱਲੀ ਜਾ ਕੇ ਲੋਕ ਸਭਾ ਸਪੀਕਰ ਨੂੰ ਸੌਂਪਣਗੇ ਅਸਤੀਫਾ
ਅਸਤੀਫਾ ਦੇਣ ਤੋਂ ਪਹਿਲਾਂ ਸੰਗਰੂਰ ਦੇ ਲੋਕਾਂ ਨਾਲ ਕੀਤਾ ਇਹ ਵਾਅਦਾ
ਚੰਡੀਗੜ੍ਹ,14 ਮਾਰਚ(ਵਿਸ਼ੲ ਵਾਰਤਾ) – ਆਮ ਆਦਮੀ ਪਾਰਟੀ ਦੇ ਵਿਧਾਇਕਾਂ ਵੱਲੋਂ ਮੁੱਖ ਮੰਤਰੀ ਦੇ ਅਹੁਦੇ ਲਈ ਮਨੋਨਿਤ ਭਗਵੰਤ ਮਾਨ ਅੱਜ ਦਿੱਲੀ ਜਾ ਕੇ ਲੋਕ ਸਭਾ ਦੇ ਸਪੀਕਰ ਨੂੰ ਆਪਣਾ ਅਸਤੀਫਾ ਸੌਂਪਣਗੇ। ਇਸ ਦੀ ਜਾਣਕਾਰੀ ਉਹਨਾਂ ਨੇ ਟਵਿੱਟਰ ਰਾਂਹੀ ਦਿੱਤੀ ਹੈ। ਇਸ ਦੇ ਨਾਲ ਹੀ ਉਹਨਾਂ ਨੇ ਆਪਣੇ ਲੋਕ ਸਭਾ ਹਲਕਾ ਸੰਗਰੂਰ ਦੇ ਲੋਕਾਂ ਨਾਲ ਵਾਅਦਾ ਕਰਦਿਆਂ ਕਿਹਾ ਹੈ ਕਿ ਉਹਨਾਂ ਦੀ ਆਵਾਜ਼ ਲੋਕ ਸਭਾ ਵਿੱਚ ਫਿਰ ਤੋਂ ਗੂੰਜੇਗੀ।
ਅੱਜ ਦਿੱਲੀ ਜਾ ਕੇ ਮੈਂ ਸੰਗਰੂਰ ਦੇ MP ਪਦ ਤੋਂ ਅਸਤੀਫ਼ਾ ਦੇ ਰਿਹਾ ਹਾਂ। ਸੰਗਰੂਰ ਦੇ ਲੋਕਾਂ ਨੇ ਇੰਨੇ ਸਾਲ ਮੈਨੂੰ ਬਹੁਤ ਪਿਆਰ ਦਿੱਤਾ, ਇਸ ਲਈ ਧੰਨਵਾਦ। ਹੁਣ ਪੂਰੇ ਪੰਜਾਬ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਹੈ, ਸੰਗਰੂਰ ਦੇ ਲੋਕਾਂ ਨਾਲ ਵਾਅਦਾ ਕਰਦਾ ਹਾਂ ਕਿ ਕੁਝ ਹੀ ਮਹੀਨਿਆਂ ਵਿੱਚ ਉਹਨਾਂ ਦੀ ਆਵਾਜ਼ ਲੋਕ ਸਭਾ 'ਚ ਫ਼ਿਰ ਗੂੰਜੇਗੀ।
— Bhagwant Mann (@BhagwantMann) March 14, 2022
ਦੱਸ ਦੇਈਏ ਕਿ ਭਗਵੰਤ ਮਾਨ ਇਸ ਸਮੇਂ ਸੰਗਰੂਰ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ ਹਨ ਅਤੇ ਉਹ 16 ਮਾਰਚ ਨੂੰ ਪੰਜਾਬ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਪੰਜਾਬ ਵਿੱਚ ਰਾਜ ਸਭਾ ਦੀਆਂ ਕੁੱਲ ਸੱਤ ਸੀਟਾਂ ਹਨ, ਜਿਨ੍ਹਾਂ ਵਿੱਚੋਂ ਮੌਜੂਦਾ ਸੰਸਦ ਮੈਂਬਰ ਸੁਖਦੇਵ ਸਿੰਘ ਢੀਂਡਸਾ, ਨਰੇਸ਼ ਗੁਜਰਾਲ, ਸ਼ਵੇਤ ਮਲਿਕ, ਪ੍ਰਤਾਪ ਸਿੰਘ ਬਾਜਵਾ ਅਤੇ ਸ਼ਮਸ਼ੇਰ ਸਿੰਘ ਦੂਲੋਂ ਦਾ ਕਾਰਜਕਾਲਅਪ੍ਰੈਲ ਵਿੱਚ ਖਤਮ ਹੋਣ ਵਾਲਾ ਹੈ। ਇਨ੍ਹਾਂ ਪੰਜ ਸੀਟਾਂ ਲਈ ਚੋਣਾਂ ਦਾ ਐਲਾਨ ਹੋ ਚੁੱਕਾ ਹੈ। ਪੰਜਾਬ ਵਿੱਚ 92 ਵਿਧਾਇਕਾਂ ਵਾਲੀ ਸਭ ਤੋਂ ਵੱਡੀ ਪਾਰਟੀ ‘ਆਪ’ ਇਹਨਾਂ 5 ਵਿੱਚੋਂ 4 ਸੀਟਾਂ ਆਸਾਨੀ ਨਾਲ ਜਿੱਤ ਸਕਦੀ ਹੈ। ਇਸ ਤਰ੍ਹਾਂ ਦਿੱਲੀ ਤੋਂ ਬਾਅਦ ਹੁਣ ਪੰਜਾਬ ਵਿੱਚੋਂ ਵੀ ਆਮ ਆਦਮੀ ਪਾਰਟੀ ਨੂੰ ਰਾਜ ਸਭਾ ਵਿੱਚ ਨੁਮਾਇੰਦਗੀ ਮਿਲ ਜਾਵੇਗੀ।