ਲੋਕ ਸਭਾ ਲਈ ਪਈਆਂ ਵੋਟਾਂ ਦੀ ਗਿਣਤੀ ਦੀਆਂ ਤਿਆਰੀਆਂ ਪੂਰੀਆਂ-ਜ਼ਿਲ੍ਹਾ ਚੋਣ ਅਫ਼ਸਰ
ਫਾਜ਼ਿਲਕਾ, 3 ਜੂਨ (ਵਿਸ਼ਵ ਵਾਰਤਾ):- ਲੋਕ ਸਭਾ ਲਈ ਪਈਆਂ ਵੋਟਾਂ ਦੀ ਗਿਣਤੀ ਦੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ। ਇਹ ਜਾਣਕਾਰੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੇ ਇੱਥੇ ਬਣੇ ਗਿਣਤੀ ਕੇਂਦਰ ਦਾ ਦੌਰਾ ਕਰਨ ਮੌਕੇ ਦਿੱਤੀ ਇਸ ਮੌਕੇ ਉਨ੍ਹਾਂ ਦੇ ਨਾਲ ਵਿਸੇਸ਼ ਤੌਰ ਤੇ ਚੋਣ ਕਮਿਸ਼ਨ ਵੱਲੋਂ ਤਾਇਨਾਤ ਕੀਤੇ ਗਏ ਕਾਊਂਟਿੰਗ ਅਬਜਰਵਰ ਸ੍ਰੀ ਬੁਪੋਈ ਪੂਰੋਇਕ ਵੀ ਹਾਜਰ ਸਨ, ਜਿੰਨ੍ਹਾਂ ਨੇ ਗਿਣਤੀ ਕੇਂਦਰ ਤੇ ਕੀਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਫਾਜ਼ਿਲਕਾ ਤੇ ਜਲਾਲਾਬਾਦ ਦੀ ਗਿਣਤੀ ਫਾਜ਼ਿਲਕਾ ਦੇ ਸਰਕਾਰੀ ਸੀਨਿਅਰ ਸੰਕੈਡਰੀ ਸਕੂਲ ਲੜਕੇ ਵਿਖੇ ਅਤੇ ਅਬੋਹਰ ਤੇ ਬੱਲੂਆਣਾ ਦੀ ਗਿਣਤੀ ਅਬੋਹਰ ਦੇ ਡੀਏਵੀ ਕਾਲਜ ਕੈਂਪਸ ਵਿਚ ਹੋਵੇਗੀ। ਗਿਣਤੀ 4 ਜੂਨ ਨੂੰ ਸਵੇਰੇ 8 ਵਜੇ ਸ਼ੁਰੂ ਹੋਵੇਗੀ। ਹਰੇਕ ਗਿਣਤੀ ਕੇਂਦਰ ਵਿਚ 14-14 ਟੇਬਲ ਲਗਾਏ ਗਏ ਹਨ ਭਾਵ ਇਕ ਰਾਉਂਡ ਵਿਚ 14 ਮਸ਼ੀਨਾਂ ਦੀ ਗਿਣਤੀ ਇਕੋ ਵਾਰ ਹੋਵੇਗੀ। ਉਨ੍ਹਾਂ ਨੇ ਦੱਸਿਆ ਕਿ ਫਿਲਹਾਲ ਈਵੀਐਮ ਮਸ਼ੀਨਾਂ ਤਿੰਨ ਪਰਤੀ ਸੁਰੱਖਿਆ ਘੇਰੇ ਵਿਚ ਹਨ ਅਤੇ ਇੰਨ੍ਹਾਂ ਦੀ ਸੀਸੀਟੀਵੀ ਕੈਮਰਿਆਂ ਨਾਲ ਵੀ ਨਿਗਰਾਨੀ ਕੀਤੀ ਜਾ ਰਹੀ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਵੋਟਾਂ ਦੀ ਗਿਣਤੀ ਦੇ ਨਤੀਜੇ ਰਾਊਂਡ ਵਾਈਜ ਮੀਡੀਆ ਨਾਲ ਸ਼ੇਅਰ ਕਰਨ ਲਈ ਮੀਡੀਆ ਸੈਂਟਰ ਵੀ ਸਥਾਪਿਤ ਕੀਤਾ ਗਿਆ ਹੈ ਅਤੇ ਨਾਲੋਂ ਨਾਲ ਰਾਊ਼ਡ ਵਾਈਜ ਨਤੀਜੇ ਜਨਤਕ ਕੀਤੇ ਜਾਣਗੇ।
ਇਸ ਮੌਕੇ ਫਾਜ਼ਿਲਕਾ ਦੇ ਐਸਡੀਐਮ ਸ੍ਰੀ ਵਿਪਨ ਭੰਡਾਰੀ, ਨਾਇਬ ਤਹਿਸੀਲਦਾਰ ਸ੍ਰੀ ਹਰਪ੍ਰੀਤ ਸਿੰਘ, ਪੀਡਬਲਯੂਡੀ ਵਿਭਾਗ ਤੋਂ ਸ੍ਰੀ ਅੰਜੂਮ ਸੇਠੀ ਵੀ ਹਾਜਰ ਸਨ।