ਲੋਕ ਸਭਾ ਚੋਣਾਂ 2024: ਸੀਟਾਂ ਵੀ ਵਧੀਆਂ ਤੇ ਵੋਟਾਂ ਵੀ ਵਧੀਆਂ : ਭਗਵੰਤ ਮਾਨ
ਮੁੱਖ ਮੰਤਰੀ ਗੁਰੂਦਵਾਰਾ ਸਿੰਘ ਸ਼ਹੀਦਾਂ ਵਿਖੇ ਪਰਿਵਾਰ ਸਮੇਤ ਹੋਏ ਨਤਮਸਤਕ
ਮੋਹਾਲੀ ,10 ਜੂਨ (ਵਿਸ਼ਵ ਵਾਰਤਾ):ਲੋਕ ਸਭਾ ਚੋਣਾਂ ਤੋਂ ਬਾਅਦ ਪੰਜਾਬ ਦੇ ਸੀਐਮ ਭਗਵੰਤ ਮਾਨ ਪਹਿਲੀ ਵਾਰ ਕਿਸੇ ਜਨਤਕ ਜਗ੍ਹਾ ‘ਤੇ ਪਹੁੰਚੇ , ਜਿਥੇ ਉਨ੍ਹਾਂ ਮੋਹਾਲੀ ਸਥਿਤ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਮੱਥਾ ਟੇਕਿਆ। ਇਸ ਮੌਕੇ ਉਨ੍ਹਾਂ ਮੀਡੀਆ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਪਹਿਲੀ ਵਾਰ ਪੰਜਾਬ ‘ਚ ਲੋਕ ਸਭਾ ਚੋਣਾਂ ‘ਚ ਆਪ ਦੇ ਪ੍ਰਦਰਸ਼ਨ ਬਾਰੇ ਮੀਡੀਆ ਨਾਲ ਗੱਲ ਕੀਤੀ ਹੈ। ਮਾਨ ਨੇ ਮੀਡੀਆ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਜਦੋ ਉਹ ਸੰਗਰੂਰ ਤੋਂ ਐਮਪੀ ਬਣੇ ਸਨ ਉਦੋਂ ਆਮ ਆਦਮੀ ਪਾਰਟੀ ਦੀਆਂ ਵੋਟਾਂ 7.50 % ਸਨ ਅਤੇ ਆਪ ਨੂੰ ਸਿਰਫ 1 ਸੀਟ ਮਿਲੀ ਸੀ ,ਅੱਗੋਂ ਉਨ੍ਹਾਂ ਕਿਹਾ ਕਿ ਹੁਣ ਵੋਟ ਫ਼ੀਸਦ ਵਧਕੇ 26% ਹੋ ਗਿਆ ਹੈ ਅਤੇ ਆਪ ਪੰਜਾਬ ‘ਚ 3 ਸੀਟਾਂ ਜਿੱਤੀ ਹੈ। ਪੰਜਾਬ ‘ਚ ਆਪ ਦੀਆਂ ਵੋਟਾਂ ਵੀ ਵਧੀਆਂ ਹਨ ਅਤੇ ਸੀਟਾਂ ‘ਚ ਵੀ ਵਾਧਾ ਹੋਇਆ ਹੈ। ਮਾਨ ਨੇ ਕਿਹਾ ਕਿ ਕਾਂਗਰਸ ਦਾ ਵੋਟ ਫੀਸਦੀ ਪਿਛਲੀਆਂ ਚੋਣਾਂ ਵਿੱਚ 40 ਫ਼ੀਸਦੀ ਸੀ ਪਰ ਇਸ ਵਾਰ 26% ਉੱਤੇ ਆ ਗਿਆ ਹੈ। ਮਾਨ ਨੇ ਕਿਹਾ ਕਿ ਉਹ ਇਸ ਸਾਰੇ ਵਰਤਾਰੇ ਦੀ ਸਮੀਖਿਆ ਕਰ ਰਹੇ ਹਨ। ਇਸ ਮੌਕੇ ਉਨ੍ਹਾਂ ਮਜ਼ਾਕੀਆ ਅੰਦਾਜ਼ ‘ਚ ਕਿਹਾ ਕਿ ਅਸੀਂ ਮਿਹਨਤ ‘ਚ ਕੋਈ ਕਸਰ ਨਹੀਂ ਛੱਡੀ ‘ਤੇ ਫੈਸਲਾ ਲੋਕਾਂ ਦੇ ਹੱਥ ਵਿੱਚ ਹੁੰਦਾ ਹੈ ਅਤੇ ਆਪ ਸਰਕਾਰ ਪੰਜਾਬ ਦੇ ਲੋਕਾਂ ਲਈ ਕੰਮ ਕਰਨ ‘ਚ ਕੋਈ ਕਸਰ ਨਹੀਂ ਛੱਡੇਗੀ।