ਲੋਕ ਸਭਾ ਚੋਣਾਂ 2024: ਵੋਟਿੰਗ ਮਸ਼ੀਨਾਂ ਦੀ ਪਹਿਲੀ ਰੈਂਡਮਾਈਜੇਸ਼ਨ, ਡਿਪਟੀ ਕਮਿਸ਼ਨਰ ਤੇ ਸਿਆਸੀ ਨੁਮਾਇੰਦੇ ਰਹੇ ਮੌਜੂਦ
ਵੋਟਿੰਗ ਮਸ਼ੀਨਾਂ ਦੀ ਸੂਚੀ ਏ.ਆਰ.ਓਜ਼ ਅਤੇ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਦਿੱਤੀ: ਅਮਿਤ ਕੁਮਾਰ ਪੰਚਾਲ
ਜ਼ਿਲ੍ਹਾ ਪ੍ਰਸ਼ਾਸਨ ਵਲੋਂ ਨਿਰਪੱਖ ਤੇ ਸ਼ਾਂਤਮਈ ਚੋਣਾਂ ਲਈ ਪੁਖਤਾ ਪ੍ਰਬੰਧ
ਕਪੂਰਥਲ਼ਾ, 2 ਮਈ (ਵਿਸ਼ਵ ਵਾਰਤਾ): ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਮੂਹ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਦੀ ਮੌਜੂਦਗੀ ਵਿਚ ਵੋਟਿੰਗ ਮਸ਼ੀਨਾਂ ਦੀ ਪਹਿਲੀ ਰੈਂਡਮਾਈਜੇਸ਼ਨ ਕਰਵਾਈ ਗਈ।
ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ ਅਮਿਤ ਕੁਮਾਰ ਪੰਚਾਲ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਤੇ ਸ਼ਡਿਊਲ ਮੁਤਾਬਿਕ ਰੈਂਡਮਾਈਜੇਸ਼ਨ ਕਰਵਾਈ ਗਈ। ਉਨ੍ਹਾਂ ਦੱਸਿਆ ਕਿ ਵੋਟਿੰਗ ਮਸ਼ੀਨਾਂ ਦੀ ਅੱਜ ਹੋਈ ਪਹਿਲੀ ਰੈਂਡਮਾਈਜੇਸ਼ਨ ਈ.ਐਮ.ਐਸ. ਸਾਫਵੇਅਰ ਰਾਹੀਂ ਕਰਵਾਈ ਗਈ, ਜਿਸ ਉਪਰੰਤ ਵੋਟਿੰਗ ਮਸ਼ੀਨਾਂ ਦੀ ਸੂਚੀ ਵਿਧਾਨ ਸਭਾ ਚੋਣ ਹਲਕਿਆਂ ਦੇ ਸਹਾਇਕ ਰਿਟਰਨਿੰਗ ਅਧਿਕਾਰੀਆਂ ਅਤੇ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਦਿੱਤੀ ਗਈ। ਉਨ੍ਹਾਂ ਦੱਸਿਆ ਕਿ 3 ਮਈ ਤੋਂ ਵਿਧਾਨ ਸਭਾ ਹਲਕਾ ਵਾਰ ਵੋਟਿੰਗ ਮਸ਼ੀਨਾਂ ਦੀ ਸੋਰਟਿੰਗ ਕੀਤੀ ਜਾਵੇਗੀ ਅਤੇ ਸੋਰਟਿੰਗ ਉਪਰੰਤ ਇਹ ਮਸ਼ੀਨਾਂ 7 ਮਈ ਤੱਕ ਸਬੰਧਿਤ ਸਹਾਇਕ ਰਿਟਰਨਿੰਗ ਅਫਸਰਾਂ ਨੂੰ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਦੀ ਮੌਜੂਦਗੀ ਵਿੱਚ ਸੌਂਪ ਦਿੱਤੀਆਂ ਜਾਣਗੀਆਂ ।
ਵੋਟਿੰਗ ਮਸ਼ੀਨਾਂ ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਬਣਾਏ ਗਏ ਵੇਅਰਹਾਊਸ ਨੂੰ 3 ਮਈ ਤੋਂ ਰੋਜ਼ਾਨਾ ਸਵੇਰੇ 9 ਵਜੇ ਖੋਲਿਆ ਜਾਵੇਗਾ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਸਬੰਧੀ ਫਗਵਾੜਾ ਨਗਰ ਨਿਗਮ ਦੇ ਜੁਆਇੰਟ ਕਮਿਸ਼ਨਰ-ਕਮ-ਨੋਡਲ ਅਫਸਰ ਵਲੋਂ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਦੀ ਹਾਜ਼ਰੀ ਵਿਚ ਰੋਜ਼ਾਨਾ ਸਵੇਰੇ ਵੇਅਰਹਾਊਸ ਖੋਲਦਿਆਂ ਸ਼ਾਮ 6 ਵਜੇ ਬੰਦ ਕੀਤਾ ਜਾਵੇਗਾ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਸ਼ਾਂਤਮਈ ਅਤੇ ਪਾਰਦਰਸ਼ੀ ਢੰਗ ਨਾਲ ਚੋਣਾਂ ਕਰਵਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ ਇਸ ਮੰਤਵ ਲਈ ਲਗਭਗ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਚੋਣ ਅਮਲੇ ਦੀਆਂ ਡਿਊਟੀਆਂ ਲਾਈਆਂ ਜਾ ਚੁੱਕੀਆਂ ਹਨ ਜਿਨ੍ਹਾਂ ਦੀ ਪਹਿਲੀ ਟ੍ਰੇਨਿੰਗ ਨਿਸ਼ਚਿਤ ਸਥਾਨਾਂ ’ਤੇ 5 ਮਈ ਨੂੰ ਤੈਅ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਲੋਕ ਸਭਾ ਹਲਕਾ ਹੁਸ਼ਿਆਰਪੁਰ ਵਿਚ ਪੈਂਦੇ ਵਿਧਾਨ ਸਭਾ ਹਲਕਾ 26-ਭੁਲੱਥ ਦੇ ਪੋਲਿੰਗ ਸਟਾਫ਼ ਦੀ ਟ੍ਰੇਨਿੰਗ ਗੁਰੂ ਨਾਨਕ ਪ੍ਰੇਮ ਕਰਮਸਰ ਕਾਲਜ, ਨਡਾਲਾ ਅਤੇ 29-ਫਗਵਾੜਾ ਲਈ ਗੁਰੂ ਨਾਨਕ ਕਾਲਜ ਸੁਖਚੈਨਆਣਾ ਸਾਹਿਬ ਵਿਖੇ ਹੋਵੇਗੀ। ਇਸੇ ਤਰ੍ਹਾਂ ਲੋਕ ਸਭਾ ਹਲਕਾ ਖਡੂਰ ਸਾਹਿਬ ਲਈ 27-ਕਪੂਰਥਲਾ ਵਿਧਾਨ ਸਭਾ ਹਲਕੇ ਲਈ ਵਿਰਸਾ ਵਿਹਾਰ ਦੇ ਆਡੀਟੋਰੀਅਮ ਵਿਖੇ ਟ੍ਰੇਨਿੰਗ ਦਿੱਤੀ ਜਾਵੇਗੀ ਅਤੇ 28-ਸੁਲਤਾਨਪੁਰ ਲੋਧੀ ਲਈ ਅਕਾਲ ਅਕੈਡਮੀ ਸਕੂਲ ਵਿਖੇ ਟ੍ਰੇਨਿੰਗ ਹੋਵੇਗੀ। ਜ਼ਿਲ੍ਹੇ ਵਿਚ ਪੈਂਦੇ ਪੋਲਿੰਗ ਸਟੇਸ਼ਨਾਂ ਸਬੰਧੀ ਪੰਚਾਲ ਨੇ ਦੱਸਿਆ ਕਿ ਚਾਰ ਵਿਧਾਨ ਸਭਾ ਹਲਕਿਆਂ ਵਿਚ ਕੁੱਲ 791 ਪੋਲਿੰਗ ਸਟੇਸ਼ਨ ਹਨ ਜਿਨ੍ਹਾਂ ਵਿਚ ਭੁਲੱਥ ਹਲਕੇ ਦੇ 175, ਕਪੂਰਥਲਾ ਦੇ 194, ਸੁਲਤਾਨਪੁਰ ਲੋਧੀ ਦੇ 195 ਅਤੇ ਫਗਵਾੜਾ ਦੇ 227 ਪੋਲਿੰਗ ਸਟੇਸ਼ਨ ਸ਼ਾਮਲ ਹਨ।
ਜਿਕਰਯੋਗ ਹੈ ਕਿ 1 ਜੂਨ 2024 ਨੂੰ ਪੈਣ ਵਾਲੀਆਂ ਵੋਟਾਂ ਲਈ ਨਾਮਜ਼ਦਗੀਆਂ ਭਰਨ ਦੀ ਪ੍ਰਕਿਰਿਆ 7 ਮਈ ਤੋਂ ਸ਼ੁਰੂ ਹੋਣ ਜਾ ਰਹੀ ਹੈ ਜੋਕਿ 14 ਮਈ ਤੱਕ ਰਹੇਗੀ। ਇਸੇ ਤਰ੍ਹਾਂ 15 ਮਈ ਨੂੰ ਨਾਮਜ਼ਦਗੀਆਂ ਦੀ ਪੜਤਾਲ ਹੋਵੇਗੀ ਅਤੇ 17 ਮਈ ਪਰਚੇ ਵਾਪਸ ਲੈਣ ਦੀ ਆਖਰੀ ਮਿਤੀ ਹੋਵੇਗੀ। ਵੋਟਾਂ ਉਪਰੰਤ ਨਤੀਜੇ 4 ਜੂਨ ਨੂੰ ਆਉਣਗੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ (ਜ) ਸ਼ਿਖਾ ਭਗਤ, ਨਗਰ ਨਿਗਮ ਫਗਵਾੜਾ ਦੇ ਜੁਆਇੰਟ ਕਮਿਸ਼ਨਰ ਕੁਲਪ੍ਰੀਤ ਸਿੰਘ, ਚੋਣ ਤਹਿਸੀਲਦਾਰ ਮਨਜੀਤ ਕੌਰ ਅਤੇ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਵਿਚ ਸ਼੍ਰੋਮਣੀ ਅਕਾਲੀ ਦਲ ਤੋਂ ਹਰਬੰਸ ਸਿੰਘ ਵਾਲੀਆ, ਰਣਜੀਤ ਸਿੰਘ, ਅਜੈ ਬਬਲਾ, ਆਮ ਆਦਮੀ ਪਾਰਟੀ ਵਲੋਂ ਗੁਰਪਾਲ ਸਿੰਘ ਇੰਡੀਅਨ, ਅਮਰੀਕ ਸਿੰਘ, ਰਵੀ ਸ਼ਰਮਾ, ਕਾਂਗਰਸ ਵਲੋਂ ਜਤਿਨ ਸ਼ਰਮਾ, ਭਾਜਪਾ ਵਲੋਂ ਅਨਿਲ ਕੁਮਾਰ, ਬਸਪਾ ਵਲੋਂ ਹਰਿੰਦਰ ਕੁਮਾਰ ਸ਼ੀਤਲ, ਸੁਰਜੀਤ ਸਿੰਘ, ਮੁਖਤਾਰ ਸਿੰਘ ਅਤੇ ਐਲ.ਪੀ.ਆਈ.ਵਲੋਂ ਕੇ.ਐਲ ਕੌਸ਼ਲ ਆਦਿ ਮੌਜੂਦ ਸਨ।