ਲੋਕ ਸਭਾ ਚੋਣਾਂ 2024- ਭਾਜਪਾ ਦੀ ਅੱਠਵੀਂ ਲਿਸਟ ਜਾਰੀ
ਹੰਸ ਰਾਜ ਹੰਸ ਨੂੰ ਫਰੀਦਕੋਟ ਤੋਂ ਮਿਲੀ ਟਿਕਟ
ਕਾਂਗਰਸ ਛੱਡਣ ਵਾਲੇ ਰਵਨੀਤ ਬਿੱਟੂ ਅਤੇ ਪ੍ਰਨੀਤ ਕੌਰ ਤੋਂ ਇਲਾਵਾ ਪੜ੍ਹੋ, ਹੋਰ ਕਿਸਨੂੰ ਉਤਾਰਿਆ ਮੈਦਾਨ ‘ਚ
ਚੰਡੀਗੜ੍ਹ, 30ਮਾਰਚ(ਵਿਸ਼ਵ ਵਾਰਤਾ)- ਆਪਣੀ ਪੁਰਾਣੀ ਭਾਈਵਾਲ ਪਾਰਟੀ ਤੋਂ ਵੱਖ ਹੋ ਕੇ ਇਕੱਲਿਆਂ ਲੋਕ ਸਭਾ ਚੋਣ ਲੜ ਰਹੀ ਭਾਰਤੀ ਜਨਤਾ ਪਾਰਟੀ ਨੇ ਪੰਜਾਬ ਦੀਆਂ 13 ਵਿੱਚੋਂ 6 ਸੀਟਾਂ ਤੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਕਾਂਗਰਸ ਛੱਡ ਕੇ ਆਏ ਰਵਨੀਤ ਸਿੰਘ ਬਿੱਟੂ ਨੂੰ ਲੁਧਿਆਣਾ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਧਰਮਪਤਨੀ ਪ੍ਰਨੀਤ ਕੌਰ ਨੂੰ ਪਟਿਆਲਾ ਤੋਂ ਮੈਦਾਨ ਵਿੱਚ ਉਤਾਰਿਆ ਹੈ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਛੱਡ ਕੇ ਆਏ ਸੁਸ਼ੀਲ ਕੁਮਾਰ ਰਿੰਕੂ ਨੂੰ ਜਲੰਧਰ ਤੋਂ ਟਿਕਟ ਮਿਲੀ ਹੈ। ਪਾਰਟੀ ਨੇ ਫਿਲਮ ਸਟਾਰ ਸਨੀ ਦਿਓਲ ਦੀ ਟਿਕਟ ਕੱਟਦੇ ਹੋਏ ਗੁਰਦਾਸਪੁਰ ਤੋਂ ਦਿਨੇਸ਼ ਸਿੰਘ ਬੱਬੂ ਤੇ ਭਰੋਸਾ ਜਤਾਇਆ ਹੈ। ਸਾਬਕਾ ਯੂਐਸ ਤਰਨਜੀਤ ਸਿੰਘ ਸੰਧੂ ਨੂੰ ਅੰਮ੍ਰਿਤਸਰ ਤੋਂ ਉਮੀਦਵਾਰ ਬਣਾਇਆ ਗਿਆ ਹੈ। ਇਹਨਾਂ ਸਭ ਤੋਂ ਇਲਾਵਾ ਮਸ਼ਹੂਰ ਗਾਇਕ ਅਤੇ ਦਿੱਲੀ ਤੋਂ ਲੋਕ ਸਭਾ ਮੈਂਬਰ ਹੰਸ ਰਾਜ ਹੰਸ ਨੂੰ ਫਰੀਦਕੋਟ ਤੋਂ ਟਿਕਟ ਮਿਲੀ ਹੈ। ਦੱਸ ਦਈਏ ਕਿ ਫਰੀਦਕੋਟ ਤੋਂ ਆਮ ਆਦਮੀ ਪਾਰਟੀ ਨੇ ਪੰਜਾਬੀ ਫਿਲਮ ਅਦਾਕਾਰ ਕਰਮਜੀਤ ਅਨਮੋਲ ਨੂੰ ਮੈਦਾਨ ਵਿੱਚ ਉਤਾਰਿਆ ਹੈ।