ਲੋਕ ਸਭਾ ਚੋਣਾਂ 2024- ਚੋਣਾਂ ਸਬੰਧੀ ਪ੍ਰਚਾਰ ਸਮੱਗਰੀ ‘ਤੇ ਛਾਪਕ ਅਤੇ ਪ੍ਰਕਾਸ਼ਕ ਦਾ ਨਾਮ ਅਤੇ ਪਤਾ ਹੋਣਾ ਲਾਜ਼ਮੀ: ਡੀ.ਸੀ.
ਪ੍ਰਿੰਟਿੰਗ ਪ੍ਰੈੱਸਾਂ ਦੇ ਮਾਲਕ ਛਪਾਈ ਸਬੰਧੀ ਇੰਨ-ਬਿੰਨ ਪਾਲਣਾ ਕਰਨਾ ਬਣਾਉਣ ਯਕੀਨੀ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 19ਮਾਰਚ(ਸਤੀਸ਼ ਕੁਮਾਰ ਪੱਪੀ)- ਲੋਕ ਸਭਾ ਚੋਣਾਂ-2024 ਦੇ ਮੱਦੇਨਜ਼ਰ ਜ਼ਿਲਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਸ਼੍ਰੀਮਤੀ ਆਸ਼ਿਕਾ ਜੈਨ ਵੱਲੋਂ ਜ਼ਿਲੇ ਦੇ ਸਮੂਹ ਪ੍ਰਿੰਟਿੰਗ ਪ੍ਰੈਸ ਮਾਲਕਾਂ ਤੇ ਉਨ੍ਹਾਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ ਗਈ।
ਇਸ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਪ੍ਰਿੰਟਿੰਗ ਪ੍ਰੈਸ ਨੁਮਾਇੰਦਿਆਂ ਨੂੰ ਹਦਾਇਤ ਕੀਤੀ ਕਿ ਚੋਣ ਜ਼ਾਬਤੇ ਦੌਰਾਨ ਕਿਸੇ ਵੀ ਤਰਾਂ ਦੀ ਪ੍ਰਚਾਰ ਸਮੱਗਰੀ, ਪੈਂਫਲਿਟ ਜਾਂ ਇਸ਼ਤਿਹਾਰ ਛਾਪਣ ਸਮੇਂ ਉਸ ਉਪਰ ਛਾਪਕ ਅਤੇ ਪ੍ਰਕਾਸ਼ਕ ਦਾ ਨਾਮ ਅਤੇ ਪੂਰਾ ਪਤਾ ਛਾਪਣਾ ਯਕੀਨੀ ਬਣਾਇਆ ਜਾਵੇ। ਇਸ ਦੇ ਨਾਲ ਹੀ ਉਨਾਂ ਇਹ ਵੀ ਆਦੇਸ਼ ਦਿੱਤੇ ਕਿ ਹੋਰਡਿੰਗਜ਼ ਅਤੇ ਫਲੈਕਸ ਆਦਿ ਬਣਾਉਣ ਦਾ ਕੰਮ ਕਰਨ ਵਾਲਿਆਂ ਲਈ ਵੀ ਆਪਣੀ ਫ਼ਰਮ ਨੂੰ ਰਜਿਸਟਰ ਕਰਵਾਉਣਾ ਲਾਜ਼ਮੀ ਹੋਵੇਗਾ।
ਜ਼ਿਲਾ ਚੋਣ ਅਫ਼ਸਰ ਨੇ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਇਹ ਵੀ ਹਦਾਇਤ ਕੀਤੀ ਕਿ ਕੋਈ ਵੀ ਪ੍ਰਚਾਰ ਸਮੱਗਰੀ ਛਾਪਣ ਤੋਂ ਪਹਿਲਾਂ ਇਹ ਘੋਸ਼ਣਾ ਪੱਤਰ ਲਿਆ ਜਾਵੇ ਕਿ ਇਹ ਚੋਣ ਸਮੱਗਰੀ ਕਿਸ ਵੱਲੋਂ ਅਤੇ ਕਿੰਨੀ ਗਿਣਤੀ ਵਿੱਚ ਛਪਵਾਈ ਜਾ ਰਹੀ ਹੈ। ਉਨਾਂ ਇਹ ਵੀ ਹਦਾਇਤ ਕੀਤੀ ਕਿ ਛਾਪੀ ਗਈ ਪ੍ਰਚਾਰ ਸਮੱਗਰੀ ਦੀ ਖ਼ਰਚੇ ਸਮੇਤ ਸੂਚਨਾ ਜ਼ਿਲਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਦਫ਼ਤਰ ਨੂੰ ਭੇਜਣੀ ਯਕੀਨੀ ਬਣਾਈ ਜਾਵੇ।
ਡਿਪਟੀ ਕਮਿਸ਼ਨਰ ਸ਼੍ਰੀਮਤੀ ਆਸ਼ਿਕਾ ਜੈਨ ਨੇ ਪ੍ਰਟਿੰਗ ਪ੍ਰੈਸ ਮਾਲਕਾਂ ਨੂੰ ਆਦੇਸ਼ ਕਰਦਿਆਂ ਇਹ ਵੀ ਕਿਹਾ ਕਿ ਜਿਹੜੀ ਵੀ ਪ੍ਰਿੰਟਿੰਗ ਪ੍ਰੈਸ, ਪ੍ਰਚਾਰ ਸਮੱਗਰੀ ਨੂੰ ਛਾਪੇਗੀ ਉਸ ਵੱਲੋਂ ਬੈਨਰ, ਫ਼ਲੈਕਸ, ਪੋਸਟਰ, ਪੈਂਫਲਿਟ, ਕਿਤਾਬਚੇ ਉੱਪਰ ਆਪਣੀ ਪ੍ਰੈਸ ਦਾ ਨਾਮ ਅਤੇ ਰਜਿਸਟ੍ਰੇਸ਼ਨ ਨੰਬਰ ਛਾਪਣਾ ਵੀ ਲਾਜ਼ਮੀ ਹੋਵੇਗਾ। ਉਨਾਂ ਇਹ ਵੀ ਕਿਹਾ ਕਿ ਪ੍ਰਿੰਟਿੰਗ ਪ੍ਰੈੱਸ ਵੱਲੋਂ ਜਾਤ, ਧਰਮ ਆਦਿ ਵਿਰੁੱਧ ਕੋਈ ਵੀ ਇਤਰਾਜ਼ਯੋਗ ਸਮੱਗਰੀ ਨਹੀਂ ਛਾਪੀ ਜਾਵੇਗੀ। ਉਨਾਂ ਪ੍ਰਿੰਟਿੰਗ ਪ੍ਰੈਸ ਮਾਲਕਾਂ/ਨੁਮਾਇੰਦਿਆਂ ਨੂੰ ਕਿਹਾ ਕਿ ਜਿਹੜੀ ਪ੍ਰਿੰਟਿੰਗ ਪ੍ਰੈਸ ਦੇ ਮਾਲਕ ਵੱਲੋਂ ਚੋਣ ਕਮਿਸ਼ਨ ਦੀਆਂ ਇਨਾਂ ਹਦਾਇਤਾਂ ਦੀ ਉਲੰਘਣਾ ਕੀਤੀ ਜਾਵੇਗੀ ਉਸ ਨੂੰ ਸੈਕਸ਼ਨ 127 (ਏ) ਤਹਿਤ ਛੇ ਮਹੀਨੇ ਤੱਕ ਦੀ ਕੈਦ ਜਾਂ ਜੁਰਮਾਨਾ ਜਾਂ ਫਿਰ ਦੋਨੋ ਹੀ ਸਜਾਵਾਂ ਦਿੱਤੀਆਂ ਜਾ ਸਕਦੀਆਂ ਹਨ।
ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਵਿਰਾਜ ਐਸ. ਤਿੜਕੇ, ਵਧੀਕ ਡਿਪਟੀ ਕਮਿਸ਼ਨਰ(ਸ਼ਹਿਰੀ) ਸ੍ਰੀ ਦਮਨਜੀਤ ਸਿੰਘ ਮਾਨ, ਚੋਣ ਤਹਿਸੀਲਦਾਰ ਸ੍ਰੀ ਸੰਜੇ ਕੁਮਾਰ ਅਤੇ ਜ਼ਿਲੇ ਦੀਆਂ ਵੱਖ-ਵੱਖ ਪ੍ਰਿੰਟਿੰਗ ਪ੍ਰੈਸਾਂ ਦੇ ਮਾਲਕ ਤੇ ਉਨਾਂ ਦੇ ਨੁਮਾਇੰਦੇ ਹਾਜ਼ਰ ਸਨ।