ਲੋਕ ਸਭਾ ਚੋਣਾਂ ਦੇ ਚੌਥੇ ਪੜਾਅ ਦੀ ਵੋਟਿੰਗ ਸ਼ੁਰੂ
ਅੱਜ 10 ਰਾਜਾਂ ਦੀਆਂ 96 ਸੀਟਾਂ ‘ਤੇ ਹੋ ਰਹੀ ਹੈ ਵੋਟਿੰਗ
ਚੰਡੀਗੜ੍ਹ, 13ਮਈ(ਵਿਸ਼ਵ ਵਾਰਤਾ)- ਲੋਕ ਸਭਾ ਚੋਣਾਂ 2024 ਦੇ ਚੌਥੇ ਪੜਾਅ ‘ਚ ਅੱਜ ਸਵੇਰੇ 7 ਵਜੇ ਤੋਂ 10 ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਦੀਆਂ 96 ਸੀਟਾਂ ‘ਤੇ ਵੋਟਿੰਗ ਸ਼ੁਰੂ ਹੋ ਗਈ ਹੈ। 8.73 ਕਰੋੜ ਔਰਤਾਂ ਸਮੇਤ 17.70 ਕਰੋੜ ਤੋਂ ਵੱਧ ਵੋਟਰ ਆਪਣੀ ਵੋਟ ਪਾਉਣਗੇ। ਕੁੱਲ 1.92 ਲੱਖ ਪੋਲਿੰਗ ਸਟੇਸ਼ਨ ਬਣਾਏ ਗਏ ਹਨ ਅਤੇ 19 ਲੱਖ ਤੋਂ ਵੱਧ ਅਧਿਕਾਰੀ ਤਾਇਨਾਤ ਕੀਤੇ ਗਏ ਹਨ। ਇਸ ਪੜਾਅ ‘ਚ 5 ਕੇਂਦਰੀ ਮੰਤਰੀ ਚੋਣ ਲੜ ਰਹੇ ਹਨ। ਚੋਣ ਕਮਿਸ਼ਨ ਅਨੁਸਾਰ ਚੌਥੇ ਪੜਾਅ ਦੀਆਂ ਚੋਣਾਂ ਵਿੱਚ ਕੁੱਲ 1,717 ਉਮੀਦਵਾਰ ਮੈਦਾਨ ਵਿੱਚ ਹਨ, ਜਿਨ੍ਹਾਂ ਵਿੱਚੋਂ 1,540 ਪੁਰਸ਼ ਅਤੇ 170 ਮਹਿਲਾ ਉਮੀਦਵਾਰ ਹਨ। ਜ਼ਿਕਰਯੋਗ ਹੈ ਕਿ 543 ਲੋਕ ਸਭਾ ਸੀਟਾਂ ਦੇ ਤੀਜੇ ਪੜਾਅ ਤੱਕ 284 ਸੀਟਾਂ ‘ਤੇ ਵੋਟਿੰਗ ਹੋ ਚੁੱਕੀ ਹੈ। ਅੱਜ 380 ਸੀਟਾਂ ‘ਤੇ ਵੋਟਿੰਗ ਪੂਰੀ ਹੋਵੇਗੀ। ਬਾਕੀ 3 ਪੜਾਵਾਂ ‘ਚ 163 ਸੀਟਾਂ ‘ਤੇ ਵੋਟਿੰਗ ਹੋਵੇਗੀ। ਨਤੀਜੇ 4 ਜੂਨ ਨੂੰ ਆਉਣਗੇ।