ਲੋਕ ਸਭਾ ਚੋਣਾਂ ‘ਚ ਮੇਰੀ ਜਿੱਤ ਦਾ ਮੁੱਖ ਆਧਾਰ ਹੋਵੇਗਾ ਪਟਿਆਲਾ ਵਾਸੀਆਂ ਦਾ ਭਰੋਸਾ
: ਪ੍ਰਨੀਤ ਕੌਰ
-ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਮੇਰੀ ਜ਼ਿਲ੍ਹਾ ਬਾਰ ਐਸੋਸੀਏਸ਼ਨ ਵਿੱਚ ਵੱਡੀ ਹਿੱਸੇਦਾਰੀ
-ਵਕੀਲਾਂ ਦੇ ਕੰਮ ਨੂੰ ਸੁਖਾਲਾ ਬਣਾਉਣ ਲਈ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਦਾ ਕੀਤਾ ਵਾਅਦਾ
ਪਟਿਆਲਾ 18 ਮਈ 2024 (ਵਿਸ਼ਵ ਵਾਰਤਾ):- ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਸੱਦੇ ‘ਤੇ ਸ਼ੁੱਕਰਵਾਰ ਨੂੰ ਕਰਵਾਏ ਗਏ ਇੱਕ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਪਟਿਆਲਾ ਲੋਕ ਸਭਾ ਸੀਟ ਤੋਂ ਭਾਜਪਾ ਦੀ ਉਮੀਦਵਾਰ ਪ੍ਰਨੀਤ ਕੌਰ ਨੇ ਕਿਹਾ ਕਿ ਲੋਕ ਸਭਾ ਚੋਣਾਂ ਵਿੱਚ ਮੇਰੀ ਜਿੱਤ ਦਾ ਮੁੱਖ ਆਧਾਰ ਪਟਿਆਲਾ ਦੇ ਲੋਕਾਂ ਦਾ ਭਰੋਸਾ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਭਰੋਸਾ ਇੱਕ ਦਿਨ ਵਿੱਚ ਨਹੀਂ ਬਣਿਆ। ਪਿਛਲੇ
25 ਸਾਲਾਂ ਤੋਂ ਉਹ ਲਗਾਤਾਰ ਪਟਿਆਲਾ ਵਾਸੀਆਂ ਦੇ ਦੁੱਖ-ਸੁੱਖ ਵਿੱਚ ਸ਼ਰੀਕ ਹੋ ਰਹੇ ਹਨ। ਪੂਰਾ ਪਟਿਆਲਾ ਵੀ ਉਹਨਾਂ ਦੇ ਪਰਿਵਾਰ ਦੇ ਦੁੱਖ-ਸੁੱਖ ਵਿਚ ਸ਼ਰੀਕ ਹੁੰਦਾ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਆਪਸੀ ਸਹਿਯੋਗ ਦੇ ਆਧਾਰ ‘ਤੇ ਬਣੇ ਇਸ ਭਰੋਸੇ ਨੂੰ ਮੈਂ ਹਮੇਸ਼ਾ ਆਪਣੀ ਤਾਕਤ ਮੰਨਿਆ ਹੈ। ਇਹੀ ਕਾਰਨ ਹੈ ਕਿ ਅੱਜ ਆਮ ਆਦਮੀ ਪਾਰਟੀ, ਕਾਂਗਰਸ ਅਤੇ ਅਕਾਲੀ ਦਲ ਮੇਰੇ ਖਿਲਾਫ ਇਕੱਠੇ ਹਨ, ਪਰ ਇਸ ਦੇ ਬਾਵਜੂਦ ਪਟਿਆਲੇ ਦੇ ਲੋਕਾਂ ਦਾ ਭਰੋਸਾ ਮੈਨੂੰ ਇਨ੍ਹਾਂ ਤਿੰਨਾਂ ਵਿਰੋਧੀ ਪਾਰਟੀਆਂ ਨਾਲ ਲੜਨ ਦੀ ਤਾਕਤ ਦੇ ਰਿਹਾ ਹੈ। ਪ੍ਰਨੀਤ ਕੌਰ ਨੇ
ਜ਼ਿਲ੍ਹਾ ਬਾਰ ਐਸੋਸੀਏਸ਼ਨ ਵਿੱਚ ਆਪਣੇ ਅਤੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਦਿੱਤੇ ਸਹਿਯੋਗ ਨੂੰ ਯਾਦ ਕਰਦਿਆਂ ਕਿਹਾ ਕਿ ਇਸ ਵਾਰ ਦੀਆਂ ਲੋਕਸਭਾ ਚੋਣਾਂ ਨੂੰ ਪਟਿਆਲਾ ਦੇ ਲੋਕ ਖੁੱਦ ਆਪਣੇ ਆਧਾਰ ਤੇ ਅੱਗੇ ਆ ਕੇ ਲੜ ਰਹੇ ਹਨ। ਉਹਨਾ ਕਿਹਾ ਕਿ ਪਟਿਆਲਾ ਵਾਸੀਆਂ ਨੂੰ ਪਤਾ ਹੈ ਕਿ ਨਰਿੰਦਰ ਮੋਦੀ ਦੇਸ਼ ਦੇ ਤੀਜੀ ਵਾਰ ਪ੍ਰਧਾਨ ਮੰਤਰੀ ਬਣਨਗੇ ਅਤੇ ਉਹ ਪਟਿਆਲੇ ਤੱਕ ਨਰਿੰਦਰ ਮੋਦੀ ਜੀ ਦੇ ਹੱਥ ਮਜਬੂਤ ਕਰਕੇ ਹੀ ਪਟਿਆਲਾ ਵਾਸੀ ਆਪਣੇ ਬੱਚਿਆਂ ਅਤੇ ਸੂਬੇ ਦਾ ਭਵਿੱਖ ਸੁਰੱਖਿਅਤ ਕਰ ਸਕਣਗੇ।
ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਮੁੱਖ ਹਾਲ ਵਿੱਚ ਵੱਡੀ ਗਿਣਤੀ ਵਿੱਚ ਵਕੀਲਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਨੀਤ ਕੌਰ ਨੇ ਕਿਹਾ ਕਿ ਜਿਸ ਸਮੇਂ ਭਾਜਪਾ ਤੇ ਅਕਾਲੀ ਦਲ ਦਾ ਗਠਜੋੜ ਸੀ, ਉਸ ਸਮੇਂ ਵੀ ਪਟਿਆਲਾ ਨੂੰ ਭਾਜਪਾ ਦੇ ਹਿੱਸੇ ਵਿੱਚ ਨਹੀਂ ਰੱਖਿਆ ਗਿਆ। ਇਹ ਪਹਿਲੀ ਵਾਰ ਹੈ ਜਦੋਂ ਭਾਰਤੀ ਜਨਤਾ ਪਾਰਟੀ ਵੱਲੋਂ ਪਟਿਆਲਾ ਤੋਂ ਲੋਕ ਸਭਾ ਉਮੀਦਵਾਰ ਵਜੋਂ ਉਹਨਾਂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ। ਪਟਿਆਲਾ ਦੇ ਲੋਕਾਂ ਨੂੰ
ਨਰਿੰਦਰ ਮੋਦੀ ਦੀ ਤਾਕਤ ਵਧਾਉਣ ਦਾ ਮੌਕਾ ਮਿਲਿਆ ਹੈ ਅਤੇ 1 ਜੂਨ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਇਸ ਮੌਕੇ ਦਾ ਭਰਪੂਰ ਫਾਇਦਾ ਉਠਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਔਖੇ ਸਮੇਂ ਵਿੱਚੋਂ ਕੱਢਣ ਲਈ ਉਨ੍ਹਾਂ ਨੇ ਭਾਜਪਾ ਦਾ ਹਿੱਸਾ ਬਣਨਾ ਹੀ ਬਿਹਤਰ ਸਮਝਿਆ।
ਭਾਜਪਾ ਉਮੀਦਵਾਰ ਪ੍ਰਨੀਤ ਕੌਰ ਨੇ ਕਿਹਾ ਕਿ ਲੋਕਾਂ ਨੂੰ ਕਾਨੂੰਨ ਰਾਹੀਂ ਉਨ੍ਹਾਂ ਦੇ ਹੱਕ ਦਿਵਾਉਣ ਵਾਲੇ ਵਕੀਲ ਭਾਈਚਾਰੇ ਅਤੇ ਜ਼ਿਲ੍ਹਾ ਅਦਾਲਤ ਵਿੱਚ ਆਉਣ ਵਾਲੇ ਲੋਕਾਂ ਦੀ ਸਹੂਲਤ ਅਤੇ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਕੈਪੀਟਲ ਸਿਨੇਮਾ ਨੇੜੇ ਮਾਲ ਰੋਡ ’ਤੇ
ਅੰਡਰਪਾਥ ਬਣਾਉਣ ਦੀ ਮੰਗ ਉਨ੍ਹਾਂ ਕੋਲ ਪੁੱਜੀ ਹੈ। ਉਹ ਲੋਕ ਸਭਾ ਚੋਣਾਂ ਵਿੱਚ ਜਿੱਤ ਤੋਂ ਤੁਰੰਤ ਬਾਅਦ ਇਸ ਮੰਗ ਨੂੰ ਪੂਰਾ ਕਰਵਾਉਣ ਲਈ ਹਰ ਸੰਭਵ ਯਤਨ ਕਰਨਗੇ। ਉਨ੍ਹਾਂ ਕਿਹਾ ਕਿ ਬੇਸ਼ੱਕ ਪਹਿਲਾਂ ਵੀ ਉਹ ਕੈਪਟਨ ਅਮਰਿੰਦਰ ਸਿੰਘ ਅਤੇ ਸੰਸਦ ਮੈਂਬਰ ਹੁੰਦਿਆਂ
ਜ਼ਿਲ੍ਹਾ ਬਾਰ ਐਸੋਸੀਏਸ਼ਨ ਵਿੱਚ ਆਪਣਾ ਯੋਗਦਾਨ ਪਾਉਂਦੇ ਰਹੇ ਹਨ, ਪਰ ਭਵਿੱਖ ਵਿੱਚ ਵੀ ਉਹ ਐਸੋਸੀਏਸ਼ਨ ਦੀਆਂ ਲੋੜਾਂ ਨੂੰ ਪੂਰਾ ਕਰਨ ਵਿੱਚ ਕੋਈ ਸੰਕੋਚ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਬਾਰਾਦਰੀ ਵਿੱਚ ਵਕੀਲ ਭਾਈਚਾਰੇ ਦੀ ਸਹੂਲਤ ਲਈ ਸਾਬਕਾ ਮੇਅਰ ਸੰਜੀਵ ਸ਼ਰਮਾ
ਬਿੱਟੂ ਨੇ ਪੱਕੀ ਪਾਰਕਿੰਗ ਮੁਹੱਈਆ ਕਰਵਾਈ ਸੀ, ਜਿਸ ਦਾ ਵਕੀਲ ਭਾਈਚਾਰੇ ਨੇ ਪੂਰਾ ਲਾਭ ਮਿਲਿਆ ਹੈ।
ਪਤਰਕਾਰਾਂ ਦੇ ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਮੌਜੂਦਾ ਮਾਨ ਸਰਕਾਰ ਨੂੰ ਕੇਂਦਰ ਤੋਂ ਸਾਰੀਆਂ ਗਰਾਂਟਾਂ ਮਿਲ ਰਹੀਆਂ ਹਨ, ਪਰ ਉਸ ਨੂੰ ਮੋਦੀ ਸਰਕਾਰ ਦੀ ਆਲੋਚਨਾ ਕਰਨ ਦੀ ਆਦਤ ਪੈ ਗਈ ਹੈ। ਪਟਿਆਲਾ ਦੇ ਰਾਜਿੰਦਰਾ ਸੁਪਰਸਪੈਸ਼ਲਿਟੀ ਹਸਪਤਾਲ ਨੂੰ ਮਾਨ ਸਰਕਾਰ ਸੁਪਰ ਸਪੈਸ਼ਲ ਡਾਕਟਰ ਤੱਕ ਨਹੀਂ ਦੇ ਸਕੀ।
ਸਵਾਤੀ ਮਾਲੀਵਾਲ ਬਾਰੇ ਕੀਤੇ ਸਵਾਲ ਦਾ ਜਵਾਬ ਦਿੰਦਿਆਂ ਪ੍ਰਨੀਤ ਕੌਰ ਨੇ ਕਿਹਾ, “ਸੰਸਦ ਮੈਂਬਰ ਸਵਾਤੀ ਮਾਲੀਵਾਲ ਵੱਲੋਂ ਅਰਵਿੰਦ ਕੇਜਰੀਵਾਲ ਦੇ ਪੀਐੱਸ ਰਿਸ਼ਵ ਕੁਮਾਰ ਖ਼ਿਲਾਫ਼ ਦਰਜ ਕਰਵਾਈ ਗਈ ਐਫਆਈਆਰ ਵਿੱਚ ਜੋ ਵੇਰਵੇ ਸਾਹਮਣੇ ਆਏ ਹਨ, ਉਹ ਬਹੁਤ ਹੀ ਦੁਖਦਾਇਕ ਹਨ। ਉਨ੍ਹਾਂ ਨੇ ਕੁਮਾਰ ‘ਤੇ ਉਸ ਦੇ ਚਿਹਰੇ ‘ਤੇ 7-8 ਵਾਰ ਥੱਪੜ ਮਾਰਨ ਅਤੇ ਉਸ ਦੀ ਛਾਤੀ, ਪੇਟ ਅਤੇ ਸੰਵੇਦਨਸ਼ੀਲ ਹਿੱਸਿਆਂ ‘ਤੇ ਸੱਟਾਂ ਮਾਰਨ ਦਾ ਦੋਸ਼ ਲਗਾਇਆ ਹੈ। ਜੇਕਰ ਆਮ ਆਦਮੀ ਪਾਰਟੀ ਦੇ ਆਪਣੇ ਹੀ ਰਾਜ ਸਭਾ ਮੈਂਬਰ ਨਾਲ ਮੁੱਖ ਮੰਤਰੀ ਨਿਵਾਸ ‘ਤੇ ਅਜਿਹਾ ਵਿਵਹਾਰ ਕੀਤਾ ਜਾਂਦਾ ਹੈ ਤਾਂ ਕੋਈ ਹੋਰ ਕਿਵੇਂ ਸੁਰੱਖਿਅਤ ਮਹਿਸੂਸ ਕਰੇਗਾ? ਮੈਂ ਇਸ ਘਟਨਾ ਦੀ ਸਖ਼ਤ ਨਿੰਦਾ ਕਰਦੀ ਹਾਂ ਅਤੇ ਇਸ ਦੀ ਸੁਤੰਤਰ ਜਾਂਚ ਦੀ ਮੰਗ ਕਰਦੀ ਹਾਂ।”