ਲੁਧਿਆਣਾ ਵਿੱਚ ਇੰਨਕਮ ਟੈਕਸ ਦੀ ਛਾਪੇਮਾਰੀ, ਜਵੈਲਰਜ਼ ਅਤੇ ਡਿਪਾਰਟਮੈਂਟਲ ਸਟੋਰਾਂ ਤੋਂ ਮਿਲੀ ਕਰੋੜਾਂ ਰੁਪਏ ਦੀ ਨਕਦੀ
ਲੁਧਿਆਣਾ 28 ਨਵੰਬਰ(ਵਿਸ਼ਵ ਵਾਰਤਾ) ਇਸ ਸਮੇਂ ਦੀ ਵੱਡੀ ਖਬਰ ਪੰਜਾਬ ਦੇ ਮੈਨਚੈਸਟਰ ਕਹੇ ਜਾਣ ਵਾਲੇ ਲੁਧਿਆਣਾ ਤੋਂ ਆ ਰਹੀ ਹੈ। ਜਿੱਥੇ ਸ਼ਹਿਰ ਦੇ ਤਿੰਨ ਵੱਡੇ ਦੁਕਾਨਦਾਰਾਂ ਤੇ ਛਾਪੇਮਾਰੀ ਕੀਤੀ ਗਈ ਹੈ। ਇਹ ਕਾਰਵਾਈ ਪਿਛਲੇ ਦਿਨ ਤੋਂ ਜਾਰੀ ਹੈ ਅਤੇ ਜਾਣਕਾਰੀ ਅਨੁਸਾਰ ਇਸ ਦੌਰਾਨ ਇੰਨਕਮ ਟੈਕਸ ਦੇ ਹੱਥ 11 ਕਰੋੜ ਨਕਦੀ ਅਤੇ 100 ਕਰੋੜ ਦੇ ਦਸਤਾਵੇਜ਼ ਲੱਗੇ ਹਨ। ਇਸ ਦੇ ਨਾਲ ਹੀ ਦੱਸ ਦਈਏ ਕਿ ਇੰਨਕਮ ਟੈਕਸ ਵੱਲੋਂ ਪਿਛਲੇ ਵੀਰਵਾਰ ਤੋਂ ਸਾਰੇ ਦੇਸ਼ ਵਿੱਚ 20 ਥਾਵਾਂ ਤੇ ਰੇਡ ਕੀਤੀ ਜਾ ਰਹੀ ਹੈ। ਇਸ ਦੌਰਾਨ ਲੁਧਿਆਣਾ ਦੇ ਮਸ਼ਹੂਰ ਸਰਦਾਰ ਜਵੈਲਰਜ਼,ਮਨੀਰਾਮ ਬਲਵੰਤ ਰਾਏ ਡਿਪਾਰਟਮੈਂਟਲ ਸਟੋਰ ਅਤੇ ਨਿਕਮਲ ਜਵੈਲਰਜ ਦੇ ਟਿਕਾਣਿਆਂ ਤੇ ਵੀ ਛਾਪੇਮਾਰੀ ਕੀਤੀ ਗਈ ਸੀ। ਇਸ ਤੋਂ ਇਲਾਵਾ ਲੁਧਿਆਣਾ ਦੇ ਨਾਲ ਨਾਲ ਪਟਿਆਲਾ ਅਤੇ ਅੰਮ੍ਰਿਤਸਰ ਵਿੱਚ ਇੰਨਕਮ ਟੈਕਸ ਦੀ ਛਾਪੇਮਾਰੀ ਕੀਤੀ ਗਈ ਹੈ। ਬਰਾਮਦ ਕੀਤੀ ਗਈ ਨਕਦੀ ਅਤੇ ਦਸਤਾਵੇਜਾਂ ਬਾਰੇ ਅਜੇ ਤੱਕ ਅਧਿਕਾਰਤ ਪੁਸ਼ਟੀ ਹੋਣੀ ਬਾਕੀ ਹੈ,ਪਰ ਇਹ ਕਿਆਸ ਲਗਾਏ ਜਾ ਰਹੇ ਹਨ ਕਿ ਇਸ ਵਿੱਚ ਹੋਰ ਵੀ ਵਾਧਾ ਹੋ ਸਕਦਾ ਹੈ।