ਲੁਧਿਆਣਾ- ਪਲਾਸਟਿਕ ਫੈਕਟਰੀ ‘ਚ ਲੱਗੀ ਭਿਆਨਕ ਅੱਗ
ਚੰਡੀਗੜ੍ਹ, 21ਜੂਨ(ਵਿਸ਼ਵ ਵਾਰਤਾ)-ਲੁਧਿਆਣਾ ਦੇ ਲਾਡੋਵਾਲ ਨੇੜਲੇ ਪਿੰਡ ਫਤਿਹਗੜ੍ਹ ਗੁੱਜਰਾਂ ਵਿੱਚ ਵੀਰਵਾਰ ਰਾਤ ਨੂੰ ਇੱਕ ਪਲਾਸਟਿਕ ਫੈਕਟਰੀ ਵਿੱਚ ਭਿਆਨਕ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਸੀ ਕਿ ਕਈ ਕਿਲੋਮੀਟਰ ਦੂਰ ਤੱਕ ਦਿਖਾਈ ਦੇ ਰਹੀ ਸੀ। ਅੱਗ ਲੱਗਣ ਤੋਂ ਤੁਰੰਤ ਬਾਅਦ ਮਜ਼ਦੂਰਾਂ ਨੇ ਘਟਨਾ ਦੀ ਸੂਚਨਾ ਮਾਲਕ ਨੂੰ ਦਿੱਤੀ। ਫੈਕਟਰੀ ਮਾਲਕ ਤੁਰੰਤ ਮੌਕੇ ‘ਤੇ ਪਹੁੰਚ ਗਏ। ਮਿਲੀ ਜਾਣਕਾਰੀ ਅਨੁਸਾਰ ਇਹ ਅੱਗ ਕਰਤਾਰ ਇੰਟਰਪ੍ਰਾਈਜ਼ਜ਼ ਵਿੱਚ ਲੱਗੀ। ਸਥਾਨਕ ਲੋਕਾਂ ਨੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਅੱਗ ਵਧਦੀ ਹੀ ਗਈ। ਲੋਕਾਂ ਨੇ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ। ਜਾਣਕਾਰੀ ਦਿੰਦਿਆਂ ਫੈਕਟਰੀ ਮਾਲਕ ਨੇ ਦੱਸਿਆ ਕਿ ਉਹ ਕਰੀਬ 8 ਵਜੇ ਫੈਕਟਰੀ ਬੰਦ ਕਰਕੇ ਚਲਾ ਗਿਆ ਸੀ। ਉਸ ਨੂੰ ਕਰੀਬ 9 ਵਜੇ ਇੱਕ ਮਜ਼ਦੂਰ ਦਾ ਫੋਨ ਆਇਆ ਜਿਸ ਨੇ ਉਸ ਨੂੰ ਦੱਸਿਆ ਕਿ ਫੈਕਟਰੀ ਵਿੱਚ ਅੱਗ ਲੱਗ ਗਈ ਹੈ। ਜਦੋਂ ਉਹ ਫੈਕਟਰੀ ਪਹੁੰਚਿਆ ਤਾਂ ਲੱਖਾਂ ਰੁਪਏ ਦਾ ਕੱਚਾ ਮਾਲ ਸੁਆਹ ਹੋ ਚੁੱਕਾ ਸੀ।ਫਾਇਰ ਬ੍ਰਿਗੇਡ ਦੀਆਂ 10 ਦੇ ਕਰੀਬ ਗੱਡੀਆਂ ਘਟਨਾ ਵਾਲੀ ਥਾਂ ਤੇ ਪੁੱਜੀਆਂ। ਥਾਣਾ ਲਾਡੋਵਾਲ ਦੀ ਪੁਲੀਸ ਨੇ ਵੀ ਬਚਾਅ ਕਾਰਜ ਵਿੱਚ ਸਹਿਯੋਗ ਦਿੱਤਾ। ਅੱਗ ਲੱਗਣ ਕਾਰਨ ਦੇਰ ਰਾਤ ਤੱਕ ਪਿੰਡ ਵਿੱਚ ਹਫੜਾ-ਦਫੜੀ ਮੱਚੀ ਰਹੀ। ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਵੱਲੋਂ ਰਾਤ 12 ਵਜੇ ਤੱਕ ਬਚਾਅ ਕਾਰਜ ਜਾਰੀ ਰਿਹਾ।