ਲੁਧਿਆਣਾ ਦੇ ਹੋਟਲ ਨੂੰ ਉਡਾਉਣ ਦੀ ਧਮਕੀ ਦਾ ਮਾਮਲਾ: ਮੁਲਜ਼ਮ ਨੂੰ ਦਿੱਲੀ ਤੋਂ ਕੀਤਾ ਗਿਆ ਗ੍ਰਿਫ਼ਤਾਰ
ਚੰਡੀਗੜ੍ਹ 28 ਦਸੰਬਰ(ਵਿਸ਼ਵ ਵਾਰਤਾ)- ਪੰਜਾਬ ਦੇ ਲੁਧਿਆਣਾ ਦੇ ਫਿਰੋਜ਼ਪੁਰ ਰੋਡ ‘ਤੇ ਸਥਿਤ ਹਯਾਤ ਰੀਜੈਂਸੀ ਹੋਟਲ ਨੂੰ ਉਡਾਉਣ ਦੀ ਧਮਕੀ ਦੇ ਮਾਮਲੇ ‘ਚ ਪੁਲਿਸ ਨੇ ਮੁਲਜ਼ਮ ਨੂੰ ਦਿੱਲੀ ਤੋਂ ਗ੍ਰਿਫ਼ਤਾਰ ਕੀਤਾ ਹੈ। ਜਿਸ ਸਮੇਂ ਹੋਟਲ ਨੂੰ ਧਮਕੀ ਮਿਲੀ, ਉਸ ਸਮੇਂ ਹੋਟਲ ਵਿੱਚ 25 ਕਮਰੇ ਬੁੱਕ ਕੀਤੇ ਗਏ ਸਨ। ਇਸ ਮੌਕੇ 60 ਮਹਿਮਾਨਾਂ ਤੋਂ ਇਲਾਵਾ 90 ਸਟਾਫ਼ ਮੈਂਬਰ ਵੀ ਹਾਜ਼ਰ ਸਨ।
ਪੁਲੀਸ ਅਨੁਸਾਰ ਧਮਕੀ ਦੇਣ ਵਾਲਾ ਵਿਅਕਤੀ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਹੈ। ਫਿਲਹਾਲ ਪੁਲਸ ਨੇ ਦੋਸ਼ੀ ਦੀ ਪਛਾਣ ਦਾ ਖੁਲਾਸਾ ਨਹੀਂ ਕੀਤਾ ਹੈ। ਜਿਵੇਂ ਹੀ ਹੋਟਲ ਨੂੰ ਧਮਕੀ ਮਿਲੀ ਤਾਂ ਮੈਨੇਜਰ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ। ਜਿਸ ਤੋਂ ਬਾਅਦ 100 ਤੋਂ ਵੱਧ ਪੁਲਿਸ ਮੁਲਾਜ਼ਮਾਂ ਨੇ ਹੋਟਲ ਨੂੰ ਘੇਰਾ ਪਾ ਲਿਆ। ਹੋਟਲ ‘ਚ ਬੁੱਕ ਕੀਤੇ ਗਏ ਸਾਰੇ ਕਮਰਿਆਂ ਦੇ ਮਹਿਮਾਨਾਂ ਨੂੰ ਉਨ੍ਹਾਂ ਦੇ ਕਮਰਿਆਂ ‘ਚੋਂ ਬਾਹਰ ਕੱਢ ਕੇ ਸੁਰੱਖਿਅਤ ਪਾਰਕ ‘ਚ ਬਿਠਾਇਆ ਗਿਆ।ਡਾਗ ਸਕੁਐਡ ਟੀਮ ਨੂੰ ਵੀ ਮੌਕੇ ‘ਤੇ ਬੁਲਾਇਆ ਗਿਆ। ਸੁਰੱਖਿਆ ਕਰਮਚਾਰੀ ਦੇਰ ਰਾਤ ਤੱਕ ਹੋਟਲ ਦੇ ਬਾਹਰ ਤਾਇਨਾਤ ਰਹੇ। ਇਸ ਦੇ ਨਾਲ ਹੀ ਸਥਾਨਕ ਐੱਸਐੱਚਓ ਨੂੰ ਵੀ ਪੁਲਸ ਅਧਿਕਾਰੀਆਂ ਵੱਲੋਂ ਇਲਾਕੇ ‘ਚ ਗਸ਼ਤ ਵਧਾਉਣ ਦੇ ਹੁਕਮ ਦਿੱਤੇ ਗਏ ਹਨ।ਦੱਸਿਆ ਜਾ ਰਿਹਾ ਹੈ ਕਿ ਪੁਲਸ ਜਲਦ ਹੀ ਹਯਾਤ ਰੀਜੈਂਸੀ ਨੂੰ ਮਿਲੀ ਧਮਕੀ ਦਾ ਖੁਲਾਸਾ ਕਰ ਸਕਦੀ ਹੈ। ਦੋਸ਼ੀ ਨੂੰ ਦਿੱਲੀ ਪੁਲਸ ਦੀ ਮਦਦ ਨਾਲ ਗ੍ਰਿਫਤਾਰ ਕਰ ਲਿਆ ਗਿਆ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਮੁਲਜ਼ਮਾਂ ਨੂੰ ਅੱਜ ਲੁਧਿਆਣਾ ਲਿਆਂਦਾ ਜਾ ਸਕਦਾ ਹੈ। ਪੁਲੀਸ ਮੁਲਜ਼ਮ ਦੀ ਕਾਲ ਡਿਟੇਲ ਆਦਿ ਦੀ ਜਾਂਚ ਕਰੇਗੀ ਕਿਉਂਕਿ ਉਹ ਕਈ ਹੋਰ ਸ਼ਹਿਰਾਂ ਦੇ ਵੱਖ-ਵੱਖ ਹੋਟਲਾਂ ਵਿੱਚ ਵੀ ਧਮਕੀਆਂ ਦੇ ਚੁੱਕਾ ਹੈ।