ਲਾਰੈਂਸ ਬਿਸ਼ਨੋਈ ਦੇ ਸਾਥੀ ਪੈਰੀ ਤੋਂ ਪੰਜਾਬ ਪੁਲਿਸ ਦਾ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਕਰੇਗਾ ਪੁੱਛਗਿੱਛ
ਪੜ੍ਹੋ ਕਿਹੜੇ ਮਾਮਲੇ ਵਿੱਚ ਪੁੱਛੇ ਜਾਣਗੇ ਸਵਾਲ
ਚੰਡੀਗੜ੍ਹ 19 ਜਨਵਰੀ(ਵਿਸ਼ਵ ਵਾਰਤਾ) -ਪੰਜਾਬ ਪੁਲਿਸ ਦਾ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਅੱਜ ਲਾਰੈਂਸ ਗੈਂਗ ਦੇ ਸਰਗਰਮ ਮੈਂਬਰ ਇੰਦਰਪ੍ਰੀਤ ਸਿੰਘ ਉਰਫ ਪੈਰੀ ਅਤੇ ਕੈਨੇਡਾ ਵਿੱਚ ਬੈਠੇ ਗੋਲਡੀ ਬਰਾੜ ਦੇ ਸਾਥੀ ਤੋਂ ਕਈ ਅਹਿਮ ਪੁੱਛਗਿੱਛ ਕਰੇਗਾ। ਉਸ ਨੂੰ ਹਾਲ ਹੀ ਵਿੱਚ ਪੰਜਾਬ ਪੁਲਿਸ ਨੇ ਹਿਮਾਚਲ ਪ੍ਰਦੇਸ਼ ਦੇ ਸੁੰਦਰਨਗਰ ਵਿੱਚ ਇੱਕ ਹੋਟਲ ਤੋਂ ਕਾਬੂ ਕੀਤਾ ਸੀ। ਜਾਣਕਾਰੀ ਅਨੁਸਾਰ ਪੁਲਿਸ ਲਾਰੇਂਸ ਦੇ ਭਰਾ ਅਨਮੋਲ ਲਈ ਪਾਸਪੋਰਟ ਤਿਆਰ ਕਰਵਾਉਣ ਵਿਚ ਪੈਰੀ ਦੀ ਭੂਮਿਕਾ ਦੀ ਜਾਂਚ ਕਰੇਗੀ। ਦੱਸ ਦਈਏ ਕਿ ਪਿਛਲੇ ਸਾਲ 30 ਮਈ ਨੂੰ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਅਨਮੋਲ ਫਰਜ਼ੀ ਪਾਸਪੋਰਟ ‘ਤੇ ਵਿਦੇਸ਼ ਭੱਜ ਗਿਆ ਸੀ। ਇਸ ਦੇ ਨਾਲ ਹੀ ਡੇਰਾ ਸੱਚਾ ਸੌਦਾ ਦੇ ਪੈਰੋਕਾਰ ਪ੍ਰਦੀਪ ਸਿੰਘ ਦੇ ਕਤਲ ਕੇਸ ਵਿੱਚ ਪੈਰੀ ਦੀ ਅਹਿਮ ਭੂਮਿਕਾ ਵੀ ਸਾਹਮਣੇ ਆ ਰਹੀ ਹੈ। ਉਹ ਡੇਰਾ ਪ੍ਰੇਮੀ ਦੇ ਕਤਲ ਤੋਂ ਬਾਅਦ ਤੋਂ ਫਰਾਰ ਸੀ। ਜਿਕਰਯੋਗ ਹੈ ਕਿ ਪਿਛਲੇ ਸਾਲ 10 ਨਵੰਬਰ ਨੂੰ ਕੋਟਕਪੂਰਾ ਵਿੱਚ ਅੱਧੀ ਦਰਜਨ ਹਮਲਾਵਰਾਂ ਵੱਲੋਂ ਪ੍ਰਦੀਪ ਸਿੰਘ ਦਾ ਕਤਲ ਕਰ ਦਿੱਤਾ ਗਿਆ ਸੀ।
ਇਸ ਤੋਂ ਇਲਾਵਾ ਪੈਰੀ ‘ਤੇ ਚੰਡੀਗੜ੍ਹ ਪੁਲਿਸ ਨੇ ਪਿਛਲੇ ਸਾਲ ਮਾਰਚ ਵਿਚ ਸ਼ਹਿਰ ਦੇ ਇਕ ਕਾਰੋਬਾਰੀ ਨੂੰ ਫਿਰੌਤੀ ਦੀਆਂ ਕਾਲਾਂ ਕਰਨ ਦੇ ਦੋਸ਼ ਵਿਚ ਵੀ ਕੇਸ ਦਰਜ ਕੀਤਾ ਸੀ।ਚੰਡੀਗੜ੍ਹ ਪੁਲੀਸ ਨੇ ਉਸ ’ਤੇ 5 ਕੇਸ ਦਰਜ ਕੀਤੇ ਸਨ। ਹਾਲਾਂਕਿ ਇਨ੍ਹਾਂ ‘ਚੋਂ 2 ‘ਚ ਉਹ ਬਰੀ ਹੋ ਚੁੱਕਾ ਹੈ। ਪੈਰੀ ਦੇ ਖਿਲਾਫ ਜੂਨ 2011 ਵਿੱਚ ਹੋਏ ਹਮਲੇ, ਦੰਗੇ ਅਤੇ ਆਰਮਜ਼ ਐਕਟ ਦਾ ਕੇਸ ਵੀ ਅਦਾਲਤ ਵਿੱਚ ਚੱਲ ਰਿਹਾ ਹੈ। ਇਸ ਮਾਮਲੇ ਵਿੱਚ ਲਾਰੈਂਸ ਵੀ ਮੁਲਜ਼ਮ ਹੈ। ਪੈਰੀ ਅਤੇ ਲਾਰੈਂਸ ਦੋਵੇਂ ਡੀਏਵੀ ਕਾਲਜ, ਚੰਡੀਗੜ੍ਹ ਵਿੱਚ ਕਲਾਸਮੇਟ ਸਨ।
ਪੈਰੀ ਨੂੰ ਚੰਡੀਗੜ੍ਹ ਪੁਲਿਸ ਦੇ ਆਪਰੇਸ਼ਨ ਸੈੱਲ ਨੇ 16 ਮਾਰਚ 2022 ਨੂੰ ਉਸਦੇ ਘਰੋਂ ਕਾਬੂ ਕੀਤਾ ਸੀ। ਉਸ ਕੋਲੋਂ ਇੱਕ ਪਿਸਤੌਲ ਅਤੇ 10 ਜਿੰਦਾ ਕਾਰਤੂਸ ਬਰਾਮਦ ਹੋਣ ਦਾ ਦਾਅਵਾ ਕੀਤਾ ਗਿਆ ਹੈ। ਇਸ ਦੇ ਨਾਲ ਹੀ ਹੋਰ ਪੁੱਛਗਿੱਛ ਦੌਰਾਨ ਕੁਝ ਹੋਰ ਆਧੁਨਿਕ ਹਥਿਆਰ ਵੀ ਬਰਾਮਦ ਕੀਤੇ ਗਏ ਹਨ।