ਲਾਰੇਂਸ ਬਿਸ਼ਨੋਈ ਦੇ ਪ੍ਰੋਡਕਸ਼ਨ ਵਾਰੰਟ ਤੇ ਬਹਿਸ ਹੋਈ ਪੂਰੀ;ਥੋੜ੍ਹੀ ਦੇਰ ਵਿੱਚ ਅਦਾਲਤ ਸੁਣਾਏਗੀ ਫੈਸਲਾ
ਪੰਜਾਬ ਪੁਲਿਸ ਦੀ ਟੀਮ ਬੁੱਲੇਟ ਪਰੂਫ ਗੱਡੀ ਅਤੇ ਐਸਪੀ ਪੱਧਰ ਦੇ ਅਧਿਕਾਰੀਆਂ ਸਮੇਤ ਲਾਰੇਂਸ ਨੂੰ ਲੈਣ ਪਹੁੰਚੀ ਦਿੱਲੀ
ਚੰਡੀਗੜ੍ਹ,14 ਜੂਨ(ਵਿਸ਼ਵ ਵਾਰਤਾ)-ਤਿਹਾੜ ਜੇਲ ‘ਚ ਬੰਦ ਗੈਂਗਸਟਰ ਲਾਰੈਂਸ ਦੇ ਪ੍ਰੋਡਕਸ਼ਨ ਵਾਰੰਟ ‘ਤੇ ਪਟਿਆਲਾ ਹਾਊਸ ਕੋਰਟ ‘ਚ ਬਹਿਸ ਪੂਰੀ ਹੋ ਗਈ ਹੈ। ਅਦਾਲਤ ਕੁਝ ਦੇਰ ਬਾਅਦ ਆਪਣਾ ਫੈਸਲਾ ਸੁਣਾਏਗੀ। ਦੱਸ ਦਈਏ ਕਿ ਪੰਜਾਬ ਪੁਲਿਸ ਨੇ ਮੂਸੇਵਾਲਾ ਕਤਲ ਕੇਸ ਵਿੱਚ ਲਾਰੈਂਸ ਦੇ ਪ੍ਰੋਡਕਸ਼ਨ ਵਾਰੰਟ ਦੀ ਮੰਗ ਕੀਤੀ ਹੈ। ਪੰਜਾਬ ਪੁਲਿਸ ਨੇ ਅਦਾਲਤ ਵਿੱਚ ਗੋਲਡੀ ਬਰਾੜ, ਲਾਰੈਂਸ ਗੈਂਗ ਅਤੇ ਸਚਿਨ ਥਾਪਨ ਦੀਆਂ ਫੇਸਬੁੱਕ ਪੋਸਟਾਂ ਦਿਖਾਈਆਂ। ਉਨ੍ਹਾਂ ਕਿਹਾ ਕਿ ਲਾਰੇਂਸ ਤੋਂ ਪੁੱਛ-ਪੜਤਾਲ ਜ਼ਰੂਰੀ ਹੈ ਕਿਉਂਕਿ ਇਹ ਕਤਲ ਉਸ ਨੇ ਹੀ ਕੀਤਾ ਸੀ।
ਇਸ ਦੇ ਨਾਲ ਹੀ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਵੀ ਲਾਰੇਂਸ ਦੇ ਰਿਮਾਂਡ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਸ ਨੂੰ ਅਸਲਾ ਐਕਟ ਤਹਿਤ ਰਿਮਾਂਡ ‘ਤੇ ਲਿਆ ਗਿਆ ਹੈ। ਇਸ ਸਬੰਧ ਵਿਚ ਉਸ ਕੋਲੋਂ ਪੁੱਛਗਿੱਛ ਹੋਣੀ ਬਾਕੀ ਹੈ।
ਇਸ ਮਾਮਲੇ ਵਿੱਚ ਲਾਰੈਂਸ ਦੇ ਵਕੀਲ ਨੇ ਕਿਹਾ ਕਿ ਪੰਜਾਬ ਵਿੱਚ ਲਾਰੈਂਸ ਦੀ ਜਾਨ ਨੂੰ ਖਤਰਾ ਹੈ। ਪੰਜਾਬ ਪੁਲਿਸ ਉਸ ਦਾ ਐਨਕਾਊਂਟਰ ਕਰ ਸਕਦੀ ਹੈ। ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਬਹੁਤ ਖਰਾਬ ਹੈ। ਇਸ ਲਈ ਪ੍ਰੋਡਕਸ਼ਨ ਵਾਰੰਟ ਨਾ ਦਿੱਤਾ ਜਾਵੇ।
ਇੱਥੇ ਜਿਕਰ ਕਰਨਾ ਬਣਦਾ ਹੈ ਕਿ ਪੰਜਾਬ ਪੁਲਿਸ ਬੁਲੇਟ ਪਰੂਫ ਗੱਡੀ ਅਤੇ ਭਾਰੀ ਸੁਰੱਖਿਆ ਲੈ ਕੇ ਦਿੱਲੀ ਪਹੁੰਚ ਗਈ ਹੈ। ਇਸ ਤੋਂ ਇਲਾਵਾ ਲਾਰੇਂਸ ਨੂੰ ਲਿਆਉਣ ਲਈ ਐਸਪੀ ਪੱਧਰ ਦੇ ਅਧਿਕਾਰੀ ਵੀ ਪਹੁੰਚੇ ਹੋਏ ਹਨ।