ਗੈਂਗਸਟਰਾਂ ਨੂੰ ਸਤਾਉਣ ਲੱਗਾ ਜਾਨ ਦਾ ਖਤਰਾ!
ਲਾਰੇਂਸ ਬਿਸ਼ਨੋਈ ਤੋਂ ਬਾਅਦ ਹੁਣ ਜੱਗੂ ਭਗਵਾਨਪੁਰੀਆ ਵੀ ਪਹੁੰਚਿਆ ਹਾਈਕੋਰਟ;ਮੰਗੀ ਸੁਰੱਖਿਆ
ਚੰਡੀਗੜ੍ਹ,3 ਜੂਨ(ਵਿਸ਼ਵ ਵਾਰਤਾ)-ਸਿੱਧੂ ਮੂਸੇਵਾਲਾ ਕਤਲਕਾਂਡ ਤੋਂ ਬਾਅਦ ਇੱਕ ਦੂਜੇ ਨੂੰ ਸ਼ਰੇਆਮ ਧਮਕੀਆਂ ਦੇਣ ਦਾ ਸਿਲਸਿਲਾ ਜਿੱਥੇ ਇੱਕ ਪਾਸੇ ਜਾਰੀ ਹੈ ਉੱਥੇ ਹੀ ਦੂਜੇ ਪਾਸੇ ਗੈਂਗਸਟਰ ਹੁਣ ਆਪਣੀ ਸੁਰੱਖਿਆ ਨੂੰ ਲੈ ਕੇ ਵੀ ਚਿੰਤਿਤ ਹਨ। ਗੈਂਗਸਟਰ ਲਾਰੈਂਸ ਬਿਸ਼ਨੋਈ ਤੋਂ ਬਾਅਦ ਹੁਣ ਗੈਂਗਸਟਰ ਜੱਗੂ ਭਗਵਾਨਪੁਰੀਆ ਵੀ ਸੁਰੱਖਿਆ ਲਈ ਹਾਈਕੋਰਟ ਪਹੁੰਚ ਗਿਆ ਹੈ। ਜੱਗੂ ਦੀ ਮਾਂ ਨੇ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਹੈ। ਜਿਸ ‘ਚ ਕਿਹਾ ਗਿਆ ਹੈ ਕਿ ਜਦੋਂ ਜੱਗੂ ਨੂੰ ਜੇਲ ‘ਚੋਂ ਬਾਹਰ ਲਿਆਂਦਾ ਜਾਵੇ ਤਾਂ ਬੁਲੇਟ ਪਰੂਫ ਜੈਕੇਟ ਅਤੇ ਗੱਡੀ ਦਿੱਤੀ ਜਾਵੇ। ਉਸ ਦੀ ਮਾਂ ਨੇ ਭਗਵਾਨਪੁਰੀਆ ‘ਤੇ ਜੇਲ੍ਹ ‘ਚ ਤਸ਼ੱਦਦ ਕਰਨ ਦਾ ਵੀ ਦੋਸ਼ ਲਗਾਇਆ ਹੈ। ਦੱਸ ਦਈਏ ਕਿ ਜੱਗੂ ਭਗਵਾਨਪੁਰੀਆ ਦਾ ਨਾਂ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਸਾਹਮਣੇ ਆ ਰਿਹਾ ਹੈ। ਪੰਜਾਬ ਪੁਲਿਸ ਜਲਦ ਹੀ ਉਸ ਤੋਂ ਪੁੱਛਗਿੱਛ ਕਰ ਸਕਦੀ ਹੈ। ਇਹ ਵੀ ਜਿਕਰਯੋਗ ਹੈ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ। ਜਿਸ ਵਿੱਚ ਉਸਨੇ ਕਿਹਾ ਕਿ ਪੰਜਾਬ ਪੁਲਿਸ ਉਸਦਾ ਐਨਕਾਊਂਟਰ ਕਰ ਸਕਦੀ ਹੈ। ਇਸ ਲਈ ਉਸ ਨੂੰ ਪੰਜਾਬ ਲਿਆਉਣ ਲਈ ਪ੍ਰੋਡਕਸ਼ਨ ਵਾਰੰਟ ਨਾ ਦਿੱਤਾ ਜਾਵੇ। ਇਸ ਦੇ ਜਵਾਬ ਵਿੱਚ ਪੰਜਾਬ ਸਰਕਾਰ ਨੇ ਕਿਹਾ ਕਿ ਐਫਆਈਆਰ ਵਿੱਚ ਨਾ ਤਾਂ ਉਸ ਦਾ ਨਾਂ ਦਰਜ ਹੈ ਅਤੇ ਨਾ ਹੀ ਉਸ ਦੇ ਪ੍ਰੋਡਕਸ਼ਨ ਵਾਰੰਟ ਦੀ ਮੰਗ ਕੀਤੀ ਗਈ ਹੈ। ਹਾਈ ਕੋਰਟ ਨੇ ਪਟੀਸ਼ਨ ਨੂੰ ਪਰਿਪੱਕ ਨਹੀਂ ਮੰਨਿਆ ਅਤੇ ਇਸ ਨੂੰ ਬੇਬੁਨਿਆਦ ਦੱਸਦਿਆਂ ਖਾਰਜ ਕਰ ਦਿੱਤਾ।