ਲਾਮਿਸਾਲ ਹੋਵੇਗੀ ਭਗਤ ਸਿੰਘ ਜਨਮ ਦਿਹਾੜੇ ਮੌਕੇ ਹੋਣ ਵਾਲੀ ਸਾਮਰਾਜ ਵਿਰੋਧੀ ਕਾਨਫਰੰਸ – ਉਗਰਾਹਾਂ
ਲੱਖਾਂ ਕਿਸਾਨ ਮਜ਼ਦੂਰ ਔਰਤਾਂ ਤੇ ਨੌਜਵਾਨਾਂ ਦੇ ਪੁੱਜਣ ਦਾ ਦਾਅਵਾ
ਬਰਨਾਲਾ, 27 ਸਤੰਬਰ(ਵਿਸ਼ਵ ਵਾਰਤਾ)-ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ 28 ਸਤੰਬਰ ਨੂੰ ਦਾਣਾ ਮੰਡੀ ਬਰਨਾਲਾ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਕੀਤੀ ਜਾ ਰਹੀ “ਸਾਮਰਾਜ ਵਿਰੋਧੀ ਕਾਨਫਰੰਸ” ਨਾ ਸਿਰਫ ਇਕੱਠ ਪੱਖੋਂ ਲਾਮਿਸਾਲ ਹੋਵੇਗੀ ਸਗੋਂ ਸ਼ਹੀਦ ਭਗਤ ਸਿੰਘ ਵੱਲੋਂ ਫਾਂਸੀ ਦੇ ਤਖ਼ਤੇ ਤੋਂ ਗੁੰਜਾਏ ਸਾਮਰਾਜਵਾਦ ਮੁਰਦਾਬਾਦ ਦੇ ਨਾਅਰੇ ਦੀ ਮੌਜੂਦਾ ਸਮੇਂ ਬਣਦੀ ਅਹਿਮੀਅਤ ਨੂੰ ਉਘਾੜਨ ਅਤੇ ਖੇਤੀ ਕਾਨੂੰਨਾਂ ਦੀ ਵਾਪਸੀ ਲਈ ਚੱਲ ਰਹੇ ਸੰਘਰਸ਼ ਨੂੰ ਹੋਰ ਮਜ਼ਬੂਤੀ ਪ੍ਰਦਾਨ ਕਰਨ ਪੱਖੋਂ ਵੀ ਅਹਿਮ ਭੂਮਿਕਾ ਅਦਾ ਕਰੇਗੀ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਕਾਨਫਰੰਸ ਵਾਲੇ ਵਿਸ਼ਾਲ ਪੰਡਾਲ ‘ਚ ਕੀਤੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਵੱਲੋਂ ਕੀਤਾ ਗਿਆ। ਉਹਨਾਂ ਕਿਹਾ ਕਿ ਸੰਨ ਸੰਤਾਲੀ ਦੀ ਸਤਾ ਬਦਲੀ ਦੀ ਬਦੌਲਤ ਭਾਵੇਂ ਅੰਗਰੇਜ਼ ਸਿੱਧੇ ਤੌਰ ਤਾਂ ਭਾਰਤ ‘ਚੋਂ ਚਲੇ ਗਏ ਪਰ ਸਾਮਰਾਜ ਨਹੀਂ ਗਿਆ ਸਗੋਂ ਬਰਤਾਨਵੀ ਸਾਮਰਾਜ ਦੇ ਨਾਲ ਨਾਲ ਅਨੇਕਾਂ ਸਾਮਰਾਜੀ ਮੁਲਕਾਂ ਅਤੇ ਕੰਪਨੀਆਂ ਦਾ ਗਲਬਾ ,ਲੁੱਟ ਤੇ ਦਾਬਾ ਕਈ ਗੁਣਾਂ ਹੋਰ ਵਧ ਗਿਆ ਹੈ।
ਅਗਲੇ ਦਰਵਾਜ਼ਿਓਂ ਇੱਕ ਬਘਿਆੜ ਨਿੱਕਲਕੇ ਮਗਰਲੇ ਦਰਵਾਜਿਓ ਬਘਿਆੜਾਂ ਦਾ ਵੱਗ ਵੜ ਗਿਆ ਹੈ। ਉਹਨਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ‘ਤੇ ਚੱਲ ਕੇ ਹੀ ਕਿਸਾਨਾਂ ਮਜ਼ਦੂਰਾਂ ਦੀ ਪੁੱਗਤ ਤੇ ਖੁਸ਼ਹਾਲੀ ਦੇ ਰਾਹ ਅੱਗੇ ਵਧਿਆ ਜਾ ਸਕਦਾ ਹੈ ਅਤੇ ਜਾਤਾਂ, ਧਰਮਾਂ ਤੇ ਫਿਰਕਿਆਂ ਆਦਿ ਦੀਆਂ ਵੰਡੀਆਂ ਤੋਂ ਉੱਪਰ ਉੱਠ ਕੇ ਵਿਸ਼ਾਲ ਤੇ ਤਿੱਖੇ ਜਮਾਤੀ ਸੰਘਰਸ਼ਾਂ ਨੂੰ ਹੋਰ ਮਜ਼ਬੂਤ ਕਰਨਾ ਅਣਸਰਦੀ ਲੋੜ ਹੈ।
ਉਹਨਾਂ ਕਿਹਾ ਕਿ ਸੰਨ ਸੰਤਾਲੀ ਤੋਂ 1990 ਤੱਕ ਤਾਂ ਸਾਮਰਾਜੀ ਮੁਲਕ ਕੌਮਾਂਤਰੀ ਮੁਦਰਾ ਕੋਸ਼ ਤੇ ਸੰਸਾਰ ਬੈਂਕ ਦੀਆਂ ਸਕੀਮਾਂ ਤੇ ਨੀਤੀਆਂ ਰਾਹੀਂ ਸਾਡੇ ਮੁਲਕ ਦੇ ਅਮੀਰ ਕੁਦਰਤੀ ਸਰੋਤਾਂ , ਮਾਲ ਖ਼ਜ਼ਾਨੇ ਤੇ ਕਿਰਤ ਸ਼ਕਤੀ ਨੂੰ ਚੂੰਢਦੇ ਰਹੇ ਹਨ ਪਰ 1990 ਤੋਂ ਬਾਅਦ ਭਾਰਤੀ ਹਾਕਮਾਂ ਵੱਲੋਂ ਢਾਂਚਾ ਢਲਾਈ ਪ੍ਰੋਗਰਾਮ ਉਤੇ ਸਹੀ ਪਾਉਣ ਉਪਰੰਤ ਦੇਸ਼ ਦੀ ਗਰੋਥ ਰੇਟ ਦੇ ਇੰਜਣ ਵਜੋਂ ਮਸ਼ਹੂਰ ਭੇਲ, ਏਅਰ ਇੰਡੀਆ ਤੇ ਸਟੀਲ ਅਥਰਾਟੀ ਵਰਗੇ ਸਰਕਾਰੀ ਅਦਾਰਿਆਂ ਨੂੰ ਸਾਮਰਾਜੀ ਮੁਲਕਾਂ ਤੇ ਕੰਪਨੀਆਂ ਨੂੰ ਕੌਡੀਆਂ ਦੇ ਭਾਅ ਸੌਂਪ ਦਿੱਤਾ ਗਿਆ।
ਉਹਨਾਂ ਕਿਹਾ ਕਿ ਅੱਜ ਸਾਮਰਾਜੀ ਗਿਰਝਾਂ ਮੋਦੀ ਹਕੂਮਤ ਦੀਆਂ ਦੇਸ਼ ਧ੍ਰੋਹੀ ਨੀਤੀਆਂ ਦੀ ਬਦੌਲਤ ਖੇਤੀ ਖੇਤਰ ‘ਤੇ ਮੰਡਲਾ ਰਹੀਆਂ ਹਨ ਅਤੇ ਕਾਲੇ ਖੇਤੀ ਕਾਨੂੰਨਾਂ ਰਾਹੀਂ ਖੇਤੀ ਪੈਦਾਵਰ, ਮੰਡੀਕਰਨ ਸਿਸਟਮ ਅਤੇ ਸਮੁੱਚੀ ਖ਼ੁਰਾਕ ਪ੍ਰਨਾਲੀ ਉਤੇ ਮੁਕੰਮਲ ਤੌਰ ‘ਤੇ ਕਾਬਜ਼ ਹੋਣ ਲਈ ਜੋਰ ਅਜ਼ਮਾਈ ਕਰ ਰਹੀਆਂ ਹਨ। ਸ੍ਰੀ ਉਗਰਾਹਾਂ ਨੇ ਕਿਹਾ ਖੇਤੀ ਕਾਨੂੰਨਾਂ ਵਿਰੋਧੀ ਕਿਸਾਨ ਘੋਲ ਨੇ ਮੋਦੀ ਹਕੂਮਤ ਦੇ ਫਿਰਕੂ, ਜਾਤਪਾਤੀ ਤੇ ਅੰਨ੍ਹੇ ਰਾਸ਼ਟਰਵਾਦ ਰਾਹੀਂ ਲੋਕਾਂ ਨੂੰ ਆਪੋ ਵਿੱਚ ਲੜਾਉਣ ਵਾਲੀ ਪਾੜੋ ਤੇ ਰਾਜ ਕਰੋ ਦੀ ਨੀਤੀ ਨੂੰ ਇੱਕ ਵਾਰ ਪਛਾੜ ਦਿੱਤਾ ਹੈ ਅਤੇ ਇਹ ਅੰਦੋਲਨ ਦੇਸ਼ ਦੇ ਸਮੂਹ ਕਿਰਤੀ ਕਮਾਊ ਲੋਕਾਂ ਲਈ ਚਾਨਣਮੁਨਾਰੇ ਵਜੋਂ ਉੱਭਰ ਆਇਆ ਹੈ।
ਇਸ ਮੌਕੇ ਯੂਨੀਅਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਕੀਤੀ ਜਾ ਰਹੀ ਇਸ ਕਾਨਫਰੰਸ ‘ਚ ਔਰਤਾਂ, ਖੇਤ ਮਜ਼ਦੂਰ, ਨੌਜਵਾਨ- ਵਿਦਿਆਰਥੀ, ਅਧਿਆਪਕ ਤੇ ਵੱਖ-ਵੱਖ ਵੰਨਗੀਆਂ ਦੇ ਠੇਕਾ ਮੁਲਾਜ਼ਮਾਂ ਤੋਂ ਇਲਾਵਾ ਹੋਰਨਾਂ ਵਰਗਾਂ ਦੇ ਦੋ ਲੱਖ ਤੋਂ ਜ਼ਿਆਦਾ ਲੋਕ ਸ਼ਾਮਲ ਹੋਣਗੇ। ਉਹਨਾਂ ਆਖਿਆ ਕਿ ਇਹ ਕਾਨਫਰੰਸ ਖਰੀ ਦੇਸ਼ ਭਗਤੀ ਦੇ ਅਰਥਾਂ ਨੂੰ ਉਘਾੜਨ ਅਤੇ ਮੋਦੀ ਸਰਕਾਰ ਵਲੋਂ ਦੇਸ਼ ਭਗਤੀ ਦੇ ਨਾਂ ਹੇਠ ਦੇਸ਼ ਧ੍ਰੋਹ ਕਰਨ ਦਾ ਪੜਦਾਚਾਕ ਕਰਨ ਦਾ ਵੀ ਅਹਿਮ ਸਾਧਨ ਬਣੇਗੀ। ਉਹਨਾਂ ਕਿਹਾ 27 ਦੇ ਭਾਰਤ ਬੰਦ ਦੀ ਸਫਲਤਾ ਲਈ ਵੀ ਉਹਨਾਂ ਦੀ ਜਥੇਬੰਦੀ ਪੂਰੀ ਤਾਕਤ ਨਾਲ ਸ਼ਾਮਲ ਹੋਵੇਗੀ।
ਇਸ ਮੌਕੇ ਯੂਨੀਅਨ ਦੇ ਸੂਬਾਈ ਆਗੂ ਹਰਦੀਪ ਸਿੰਘ ਟੱਲੇਵਾਲ, ਰੂਪ ਸਿੰਘ ਛੰਨਾ ਤੋਂ ਇਲਾਵਾ ਬਰਨਾਲਾ ਜ਼ਿਲ੍ਹੇ ਦੇ ਪ੍ਰਧਾਨ ਚਮਕੌਰ ਸਿੰਘ ਨੈਣੇਵਾਲ , ਭਗਤ ਸਿੰਘ ਛੰਨਾ ਤੇ ਜਰਨੈਲ ਸਿੰਘ ਬਦਰਾ ਵੀ ਮੌਜੂਦ ਸਨ।