ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕੀਤਾ ਉਦਘਾਟਨ
ਲਹਿਰਾਗਾਗਾ, 10 ਸਤੰਬਰ ( ਵਿਸ਼ਵ ਵਾਰਤਾ ) – ਪੰਜਾਬ ਦੇ ਵਿੱਤ ਤੇ ਯੋਜਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਇੱਥੇ ਸੀਬਾ ਇੰਟਰਨੈਸ਼ਨਲ ਪਬਲਿਕ ਸਕੂਲ ਵਿਖੇ ਟੀ.ਸੀ.ਆਈ. ਦੀ ਦੋ ਦਿਨ ਚੱਲਣ ਵਾਲੀ 21ਵੀਂ ਸਾਲਾਨਾ ਨੈਸ਼ਨਲ ਕਾਨਫਰੰਸ ਪੰਜਾਬ ਦੀ ਰਸਮੀ ਸ਼ੁਰੂਆਤ ਕਰਵਾਈ। ਸਮਾਗਮ ਦੀ ਪ੍ਰਧਾਨਗੀ ਕਰਦਿਆਂ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇਸ ਕਾਨਫਰੰਸ ਦਾ ਵਿਸ਼ਾ ‘ਮਿਲ-ਜੁਲ ਕੇ ਇੱਕ ਚੰਗੇਰੀ ਦੁਨੀਆਂ ਦਾ ਨਿਰਮਾਣ ਕਰਨਾ ਹੈ’ ਜੋ ਅਜੋਕੇ ਸਮੇਂ ’ਚ ਬਹੁਤ ਮਹੱਤਤਾ ਰੱਖਦਾ ਹੈ।ਉਨ੍ਹਾਂ ਕਿਹਾ ਕਿ ਚੰਗੇਰੀ ਦੁਨੀਆਂ ਦਾ ਨਿਰਮਾਣ ਕਰਨ ਲਈ ਸਭ ਤੋਂ ਪਹਿਲਾਂ ਮਨੁੱਖ ਨੂੰ ਆਪਣੇ ਆਪ ਤੋਂ ਸ਼ੁਰੂਆਤ ਕਰਨੀ ਹੋਵੇਗੀ ਕਿਉਂਕਿ ਦੇਸ਼ ਤੇ ਦੁਨੀਆਂ ਦੀ ਅਸਲ ਤਰੱਕੀ ਲਈ ਨਾਗਰਿਕਾਂ ਦਾ ਸਰਗਰਮ ਯੋਗਦਾਨ ਬਹੁਤ ਜ਼ਰੂਰੀ ਹੈ। ਸ. ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਟੀ.ਸੀ.ਆਈ. ਵਰਗੀਆਂ ਸੰਸਥਾਵਾਂ ਦਾ ਸਮਾਜ ਨਿਰਮਾਣ ’ਚ ਵੱਡਾ ਯੋਗਦਾਨ ਹੈ ਜੋ ਸਕੂਲਾਂ ’ਚ ਪੜ੍ਹਾਉਣ ਵਾਲੇ ਅਧਿਆਪਕਾਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਪੂਰੇ ਦੇਸ਼ ’ਚ ਤਨਦੇਹੀ ਨਾਲ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਿੱਖਿਆ ਅਜਿਹਾ ਖੇਤਰ ਹੈ ਜਿਸ ’ਚ ਸੁਧਾਰ ਦੀ ਸਭ ਤੋਂ ਵੱਡੀ ਲੋੜ ਸੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਇਸ ਦਿਸ਼ਾ ’ਚ ਲਗਾਤਾਰ ਲੋੜੀਂਦੇ ਕਦਮ ਚੁੱਕੇ ਜਾ ਰਹੇ ਹਨ।ਸੀਬਾ ਸਕੂਲ ਦੇ ਪ੍ਰਬੰਧਕ ਕੰਵਲਜੀਤ ਢੀਂਡਸਾ ਨੇ ਬਾਹਰੋਂ ਆਏ ਡੈਲੀਗੇਟਾਂ ਦਾ ਸਵਾਗਤ ਕੀਤਾ।ਵਿਧਾਇਕ ਬੁੱਧ ਰਾਮ ਨੇ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਸਿੱਖਿਆ ਦੇ ਖੇਤਰ ਵਿਚ ਰੱਟਾ ਲਾਉਣ ਨਾਲੋਂ ਸਮਝਣ ਦੀ ਲੋੜ ਹੈ।ਪੀ.ਟੀ.ਯੂ ਦੇ ਵਾਈਸ ਚਾਂਸਲਰ ਬੂਟਾ ਸਿੰਘ ਨੇ ਯੂਨੀਵਰਸਿਟੀ ਪੜ੍ਹਾਈ ਖਤਮ ਹੋਣ ਸਾਰ ਵਿਿਦਆਰਥੀਆਂ ਨੂੰ ਕਿੱਤੇ ਦੇ ਯੋਗ ਬਣਾਉਣ ਦੀ ਯੋਜਨਾਬੰਦੀ ਬਾਰੇ ਦੱਸਿਆ।ਵਿਚਾਰਕ ਅਮਰਜੀਤ ਗਰੇਵਾਲ ਨੇ ਪੰਜਾਬ ਦੀ ਜਵਾਨੀ ਨੂੰ ਹੁਨਰਮੰਦ ਬਣਾ ਵਿਕਾਸ ਕਰਨ ਲਈ ਕਿਹਾ।ਇਸ ਮੌਕੇ ਕੌਂਸਲਰ ਗੌਰਵ ਗੋਇਲ, ਐਡਵੋਕੇਟ ਗਗਨਦੀਪ ਸਿੰਘ, ਕੰਵਰਜੀਤ ਸਿੰਘ ਲੱਕੀ ਧਾਲੀਵਾਲ, ਬਲਰਾਮ ਭਾਅ, ਚਰਨ ਗਿੱਲ, ਗਮਦੂਰ ਔਲਖ, ਕੰਵਰਜੀਤ ਸਿੰਘ ਕੁੱਕੀ ਲਦਾਲ, ਪਵਿੱਤਰ ਸਿੰਘ ਗੰਢੂਆਂ, ਟੀ.ਸੀ.ਆਈ ਤੋਂ ਡਾ. ਰੋਸੇਰੀ ਮੈਰੀ, ਟੀ.ਵੀ. ਅਬਦੁਲ ਗਫੂਰ, ਡਾ. ਐਨ.ਪੀ ਹਾਫਿਜ਼ ਮੁਹੰਮਦ ਮੌਜੂਦ ਸਨ।