ਲਗਾਤਾਰ ਤਿੰਨ ਦਿਨ ਚੱਲੀ ਗੰਨੇ ਦੇ ਜੂਸ ਦੀ ਛਬੀਲ
ਮਾਨਸਾ, 16 ਜੂਨ (ਸਤੀਸ਼ ਕੁਮਾਰ ਪੱਪੀ):ਮਾਨਸਾ ਜ਼ਿਲ੍ਹੇ ਦੇ ਪਿੰਡ ਟਿੱਬੀ ਹਰੀ ਸਿੰਘ ਵਿਖੇ ਸ੍ਰੀ ਗੁਰੂ ਅਰਜਨ ਦੇਵ ਦੇ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆ ਪਿੰਡ ਦੇ ਗੁਰਦੁਆਰਾ ਸੰਗਤਸਰ ਵਿਚ ਸ੍ਰੀ ਆਖੰਡ ਪਾਠ ਦੇ ਅੱਜ ਭੋਗ ਪਾਏ ਗਏ। ਭੋਗ ਤੋਂ ਪਹਿਲਾਂ ਪ੍ਰਕਾਸ਼ ਵਾਲੇ ਦਿਨ ਤੋਂ ਲੈਕੇ ਅੱਜ ਸ਼ਾਮ ਤੱਕ ਦਿਨ-ਰਾਤ ਗੰਨੇ ਦੇ ਜੂਸ ਦਾ ਲਗਾਤਾਰ ਲੰਗਰ ਚੱਲਦਾ ਰਿਹਾ ਹੈ। ਨਵੇਕਲੀ ਕਿਸਮ ਦੀ ਇਸ ਛਬੀਲ ਦੀ ਇਲਾਕੇ ਪੂਰੀ ਚਰਚਾ ਚੱਲਣ ਲੱਗੀ ਹੈ।ਇਸ ਛਬੀਲ ਵਿਚ 5 ਟਰਾਲੀਆਂ ਗੰਨੇ ਦੀਆਂ ਲੱਗੀਆਂ ਹਨ, ਜਿੰਨ੍ਹਾਂ ਨੂੰ ਪਿੰਡ ਦੇ ਨੌਜਵਾਨਾਂ ਨੇ ਪਹਿਲਾਂ ਲਗਾਤਾਰ 4 ਦਿਨ ਪੱਟਿਆ, ਸਾਫ਼ ਕੀਤਾ ਅਤੇ ਫਿਰ ਪਾਣੀ ਨਾਲ ਧੋਕੇ ਲੰਗਰ ਲਈ ਤਿਆਰ ਕੀਤਾ।
ਪਿੰਡ ਦੇ ਨੌਜਵਾਨ ਆਗੂ ਜਗਮੀਤ ਸਿੰਘ ਮਾਨ ਨੇ ਦੱਸਿਆ ਕਿ ਸਿਰਸਾ-ਲੁਧਿਆਣਾ ਮੁੱਖ ਮਾਰਗ ਉਤੇ ਸਥਿਤ ਇਸ ਪਿੰਡ ਦੇ ਇਸ ਗੰਨੇ ਦੇ ਜੂਸ ਵਾਲੇ ਲੰਗਰ ਲਈ 5 ਟਰਾਲੀਆਂ ਗੰਨਾ ਜੱਗਾ ਸਿੰਘ ਗਿੱਲ ਵਲੋਂ ਦਾਨ ਦਿੱਤਾ ਗਿਆ ਅਤੇ ਨੌਜਵਾਨਾਂ ਨੂੰ ਕਿਹਾ ਕਿ ਹੋਰ ਜਿੰਨਾਂ ਮਰਜ਼ੀ ਪੱਟ ਲਓ,ਪਰ ਛਬੀਲ ਲਗਾਤਾਰ ਚੱਲਣੀ ਚਾਹੀਦੀ ਹੈ।
ਪਿੰਡ ਦੇ ਗੁਰਦੁਆਰਾ ਸਾਹਿਬ ਦੇ ਮੁਖੀ ਕਰਨ ਸਿੰਘ ਝੰਡੂਕੇ ਨੇ ਦੱਸਿਆ ਕਿ ਇਸ ਲੰਗਰ ਵਿੱਚ ਦਾਲ-ਫੁਲਕਾ,ਖੀਰ ਵੀ ਸੰਗਤ ਨੂੰ ਵਰਤਾਇਆ ਗਿਆ ਅਤੇ ਅਜਿਹੇ ਕਾਰਜ ਲਗਾਤਾਰ ਜਾਰੀ ਰੱਖੇ ਜਾਣਗੇ ਤਾਂ ਜੋ ਨੌਜਵਾਨਾਂ ਨੂੰ ਹੋਰਨਾਂ ਪਾਸਿਆਂ ਤੋਂ ਮੋੜਕੇ ਸਿੱਖ ਧਰਮ ਨਾਲ ਜੋੜਕੇ ਖੇਡਾਂ ਅਤੇ ਸੇਵਾ ਭਾਵਨਾ ਨਾਲ ਚੰਗਾ ਇਨਸਾਨ ਬਣਾਇਆ ਜਾ ਸਕੇ।