ਲਖੀਮਪੁਰ ਹਿੰਸਾਂ ਮਾਮਲੇ ਵਿੱਚ ਐਸਆਈਟੀ ਵੱਡੀ ਕਾਰਵਾਈ
5 ਹਜ਼ਾਰ ਦੀ ਪੰਨਿਆਂ ਦੀ ਚਾਰਜਸ਼ੀਟ ਕੀਤੀ ਦਰਜ,ਭਾਜਪਾ ਦੇ ਮੰਤਰੀ ਦਾ ਬੇਟਾ ਮੁੱਖ ਦੋਸ਼ੀ
ਚੰਡੀਗੜ੍ਹ,3 ਜਨਵਰੀ (ਵਿਸ਼ਵ ਵਾਰਤਾ) 3 ਅਕਤੂਬਰ ਨੂੰ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਵਿਖੇ ਹੋਈ ਹਿੰਸਕ ਘਟਨਾ ਵਿੱਚ ਐਸਆਈਟੀ ਨੇ ਵੱਡੀ ਕਾਰਵਾਈ ਕਰਦਿਆਂ ਹੋਇਆਂ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਦੇ ਬੇਟੇ ਅਸ਼ੀਸ਼ ਮਿਸ਼ਰਾ ਨੂੰ ਮੁੱਖ ਦੋਸ਼ੀ ਬਣਾ ਕੇ ਪੰਜ ਹਜ਼ਾਰ ਪੰਨਿਆਂ ਦੀ ਚਾਰਜਸ਼ੀਟ ਦਰਜ ਕਰਵਾਈ ਹੈ। ਇਸ ਤੋਂ ਇਲਾਵਾ ਉਸ ਦੇ ਰਿਸ਼ਤੇਦਾਰ ਰਿੰਦਰ ਸ਼ੁਕਲਾ ‘ਤੇ ਵੀ ਸਬੂਤ ਲੁਕਾਉਣ ਦਾ ਦੋਸ਼ ਹੈ। ਇਸ ਹਿੰਸਕ ਘਟਨਾ ਵਿੱਚ ਦੋਸ਼ੀ ਅਸ਼ੀਸ਼ ਮਿਸ਼ਰਾ ਦੀ ਗੱਡੀ ਥੱਲੇ ਆਉਣ ਨਾਲ ਚਾਰ ਕਿਸਾਨਾਂ ਅਤੇ ਇੱਕ ਪੱਤਰਕਾਰ ਦੀ ਮੌਤ ਹੋ ਗਈ ਸੀ। ਜਿਸ ਤੋਂ ਬਾਅਦ ਕਿਸਾਨਾਂ ਦੀ ਭੀੜ ਵੱਲੋਂ 3 ਭਾਜਪਾ ਵਰਕਰਾਂ ਨੂੰ ਵੀ ਮੌਕੇ ਤੇ ਹੀ ਮਾਰ ਗਿਰਾਇਆ ਗਿਆ ਸੀ।
ਜਿਕਰਯੋਗ ਹੈ ਕਿ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦੇ ਪੁੱਤਰ ਆਸ਼ੀਸ਼ ਮਿਸ਼ਰਾ ਉਰਫ ਮੋਨੂੰ ਸਮੇਤ ਹੁਣ ਤੱਕ 13 ਦੋਸ਼ੀਆਂ ਨੂੰ ਜੇਲ੍ਹ ਭੇਜਿਆ ਜਾ ਚੁੱਕਾ ਹੈ। ਆਸ਼ੀਸ਼ ਮਿਸ਼ਰਾ ਨੂੰ 10 ਅਕਤੂਬਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਜਦਕਿ ਆਸ਼ੀਸ਼ ਮਿਸ਼ਰਾ ਦੇ ਕਰੀਬੀ ਲਵਕੁਸ਼ ਅਤੇ ਆਸ਼ੀਸ਼ ਪਾਂਡੇ ਨੂੰ 7 ਅਕਤੂਬਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਦੋਵਾਂ ਨੂੰ ਪਿਛਲੇ ਸਾਲ 8 ਅਕਤੂਬਰ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਸੀ।
ਇਹ ਵੀ ਜਿਕਰ ਕਰਨਾ ਬਣਦਾ ਹੈ ਕਿ ਪਹਿਲਾਂ ਇਸ ਨੂੰ ਹਾਦਸਾ ਸਮਝਿਆ ਜਾ ਰਿਹਾ ਸੀ,ਪਰ ਬਾਅਦ ਵਿੱਚ ਐਸਆਈਟੀ ਦੀ ਜਾਂਚ ਵਿੱਚ ਸਾਹਮਣੇ ਆਇਆ ਕਿ ਇਹ ਕੋਈ ਹਾਦਸਾ ਨਹੀਂ ਸਗੋਂ ਸੋਚੀ ਸਮਝੀ ਸਾਜ਼ਿਸ਼ ਤਹਿਤ ਕੀਤਾ ਗਿਆ ਕਤਲ ਸੀ। ਐਸਆਈਟੀ ਨੇ ਮੁਲਜ਼ਮਾਂ ਖ਼ਿਲਾਫ਼ ਕਈ ਧਾਰਾਵਾਂ ਵਿੱਚ ਸੋਧ ਕਰਨ ਦੀ ਮੰਗ ਕੀਤੀ ਸੀ। ਮੁਲਜ਼ਮਾਂ ਵਿਰੁੱਧ ਜੋ ਧਾਰਾਵਾਂ ਵਧਾਈਆਂ ਗਈਆਂ ਹਨ, ਉਨ੍ਹਾਂ ਵਿੱਚ 307 (ਕਤਲ ਦੀ ਕੋਸ਼ਿਸ਼), 326 (ਸਵੈ-ਇੱਛਾ ਨਾਲ ਖਤਰਨਾਕ ਹਥਿਆਰਾਂ ਜਾਂ ਸਾਧਨਾਂ ਨਾਲ ਗੰਭੀਰ ਸੱਟ ਪਹੁੰਚਾਉਣਾ) ਅਤੇ 34 (ਕਈ ਵਿਅਕਤੀਆਂ ਦੁਆਰਾ ਸਾਂਝੇ ਇਰਾਦੇ ਨੂੰ ਅੱਗੇ ਵਧਾਉਣ ਲਈ ਕੀਤੇ ਗਏ ਕੰਮ) ਸ਼ਾਮਲ ਹਨ। ਇਸ ਤੋਂ ਇਲਾਵਾ ਐਸਆਈਟੀ ਨੇ ਮੁਲਜ਼ਮ ਦਾ ਰਿਮਾਂਡ ਲੈਣ ਲਈ ਸੋਮਵਾਰ ਨੂੰ ਅਦਾਲਤ ਵਿੱਚ ਅਰਜ਼ੀ ਦਿੱਤੀ ਅਤੇ ਅਦਾਲਤ ਨੇ ਮੁਲਜ਼ਮਾਂ ਨੂੰ ਮੰਗਲਵਾਰ ਨੂੰ ਤਲਬ ਕੀਤਾ ਹੈ।