ਰੋਜ਼ਗਾਰ ਬਿਊਰੋ ਵਿਖੇ ਸਰਕਾਰੀ ਨੌਕਰੀ ਦੀ ਤਿਆਰੀ ਲਈ ਮੁਫਤ ਲਾਇਬ੍ਰੇਰੀ ਦੀ ਸਹੂਲਤ
ਕਪੂਰਥਲਾ, 5 ਮਈ(ਵਿਸ਼ਵ ਵਾਰਤਾ)-ਪੰਜਾਬ ਸਰਕਾਰ ਵਲੋਂ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਮੈਗਾ ਭਰਤੀ ਪ੍ਰਕਿਰਿਆ ਤਹਿਤ ਵੱਖ-ਵੱਖ ਵਿਭਾਗਾਂ ਵਿੱਚ ਕੁੱਲ 26464 ਅਸਾਮੀਆਂ ਦੀ ਭਰਤੀ ਲਈ ਨੌਜਵਾਨਾਂ ਨੂੰ ਮੁਫ਼ਤ ਲਾਇਬ੍ਰੇਰੀ ਦੀ ਸਹੂਲਤ ਮੁਹੱਈਆ ਕਰਵਾਈ ਜਾਵੇਗੀ। ਜਿਲ੍ਹਾ ਰੋਜ਼ਗਾਰ ਉੱਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫਸਰ, ਕਪੂਰਥਲਾ ਸ਼੍ਰੀਮਤੀ ਨੀਲਮ ਮਹੇ ਨੇ ਦੱਸਿਆ ਕਿ ਪੀ.ਪੀ.ਐਸ.ਸੀ ਰਾਹੀਂ ਸ਼ੁਰੂ ਕੀਤੀ ਭਰਤੀ ਦੀ ਪ੍ਰਕਿਰਿਆ ਬਾਰੇ ਦਸਿਆ ਕਿ “ਪੰਜਾਬ ਪਬਲਿਕ ਸਰਵਿਸ ਕਮਿਸ਼ਨ” ਵਲੋਂ “ਸਹਾਇਕ ਜਿਲ੍ਹਾ ਅਟਾਰਨੀ” ਦੀਆਂ 119 ਪੋਸਟਾਂ ਅਤੇ “ਜਿਲ੍ਹਾ ਮੈਨੇਜਰ , ਪੰਜਾਬ ਰਾਜ ਵੇਅਰ ਹਾਊਸਿੰਗ ਕਾਰਪੋਰੇਸ਼ਨ” ਦੀਆਂ 05 ਪੋਸਟਾਂ ਵਾਸਤੇ ਭਰਤੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ। ਜਿਸ ਤਹਿਤ ਪ੍ਰੀਖਿਆ ਦੀ ਤਿਆਰੀ ਲਈ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਕਪੂਰਥਲਾ ਵਿਖੇ ਸਵੇਰੇ 9 ਤੋਂ ਸ਼ਾਮ 5 ਵਜ਼ੇ ਤੱਕ ਫਰੀ ਲਾਇਬ੍ਰੇਰੀ ਦੀ ਸਹੂਲਤ ਹੈ ਜਿੱਥੇ ਹਰ ਤਰ੍ਹਾਂ ਦੀ ਪ੍ਰੀਖਿਆ ਲਈ ਕਿਤਾਬਾਂ ਉਪਲੱਬਧ ਹਨ।
ਸ੍ਰੀਮਤੀ ਮਹੇ ਨੇ ਦੱਸਿਆ ਕਿ ਜਿਲ੍ਹਾ ਅਟਾਰਨੀ ਦੀਆਂ ਪੋਸਟਾਂ ਲਈ ਬੈਚਲਰ ਡਿਗਰੀ ਆਫ ਲਾਅ ਦੀ ਲਾਜ਼ਮੀ ਯੋਗਤਾ ਰੱਖੀ ਗਈ ਹੈ ਅਤੇ ਮਿਤੀ 20 ਮਈ ਤੱਕ ਕੇਵਲ ਵਿਭਾਗ ਦੀ ਵੈਬਸਾਈਟ www.ppsc.gov.in ਉੱਪਰ ਅਪਲਾਈ ਕੀਤਾ ਜਾ ਸਕਦਾ ਹੈ। ਜਿਲ੍ਹਾ ਮੈਨੇਜਰ ਦੀਆਂ ਪੋਸਟਾਂ ਲਈ ਐਮ.ਬੀ.ਏ. ਫਸਟ ਡਵੀਜਨ ਜਾਂ ਐਮ.ਐਸ.ਸੀ. (ਐਗਰੀਕਲਚਰ) ਫਸਟ ਡਵੀਜਨ ਰੱਖੀ ਗਈ ਹੈ ਅਤੇ ਮਿਤੀ 25 ਮਈ ਤੱਕ ਕੇਵਲ ਵਿਭਾਗ ਦੀ ਵੈਬਸਾਈਟ www.ppsc.gov.in ਉੱਪਰ ਅਪਲਾਈ ਕੀਤਾ ਜਾ ਸਕਦਾ ਹੈ। ਦੋਵੇਂ ਤਰਾਂ ਦੀਆਂ ਪੋਸਟਾਂ ਲਈ ਉਮਰ ਹੱਦ 18 ਤੋਂ 37 ਸਾਲ ਅਤੇ ਰਾਖਵੀਆਂ ਸ੍ਰੇਣੀਆਂ ਲਈ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਛੋਟ ਦਿੱਤੀ ਗਈ ਹੈ। ਜਿਲ੍ਹਾ ਅਧਿਕਾਰੀ ਵਲੋਂ ਜਿਲ੍ਹੇ ਦੇ ਯੋਗ ਉਮੀਦਵਾਰਾਂ ਨੂੰ ਇਨ੍ਹਾਂ ਪੋਸਟਾਂ ਲਈ ਵੱਧ ਤੋਂ ਵੱਧ ਅਪਲਾਈ ਕਰਨ ਦੀ ਅਪੀਲ ਕੀਤੀ।