ਰੋਜ਼ ਫੈਸਟੀਵਲ ਤੇ ਨੇਬਰਹੁੱਡ ਪਾਰਕਾਂ ਦੇ ਮੁਕਾਬਲੇ ਵਿੱਚ ਸੈਕਟਰ 18 ਦੇ ਪਾਰਕ ਨੇ ਮਾਰੀ ਬਾਜ਼ੀ
ਪਹਿਲੀ ਵਾਰ ਲਿਆ ਮੁਕਾਬਲੇ ਚ ਹਿੱਸਾ ਤੇ ਪ੍ਰਾਪਤ ਪਹਿਲਾ ਸਥਾਨ
ਚੰਡੀਗੜ੍ਹ 16 ਫਰਵਰੀ(ਵਿਸ਼ਵ ਵਾਰਤਾ ਬਿਓਰੋ)- ਚੰਡੀਗੜ੍ਹ ਨਗਰ ਨਿਗਮ ਦੇ ਬਾਗਬਾਨੀ ਵਿਭਾਗ ਵੱਲੋਂ ਕਰਵਾਏ ਜਾਂਦੇ ਰੋਜ਼ ਫੈਸਟੀਵਲ ਮੌਕੇ ਨੇਬਰਹੁੱਡ ਪਾਰਕਾਂ ਅਤੇ ਸਮੂਹ ਹਾਊਸਿੰਗ ਸੁਸਾਇਟੀਆਂ ਦੇ ਅੰਦਰੂਨੀ ਪਾਰਕਾਂ ਦੇ ਮੁਕਾਬਲੇ ਕਰਵਾਏ ਗਏ। ਇਸ ਵਾਰ ਚਾਰ ਜੱਜਾਂ ਦੀ ਕਮੇਟੀ ਨੇ ਪਾਰਕਾਂ ਦੇ ਮੁਕਾਬਲਿਆਂ ਲਈ ਐਂਟਰੀਆਂ ਦੀ ਮੌਕੇ ’ਤੇ ਜਾ ਕੇ ਜਾਂਚ ਕੀਤੀ। ਇਸ ਵਾਰ ਸੈਕਟਰ-18 ਦੀ ਕੋਠੀ ਨੰਬਰ 1606 ਦੇ ਸਾਹਮਣੇ ਵਾਲੀ ਪਾਰਕ ਪਹਿਲੀ ਵਾਰ ਮੁਕਾਬਲੇ ਵਿੱਚ ਆਈ ਅਤੇ ਪਹਿਲੇ ਸਥਾਨ ’ਤੇ ਰਹੀ ਹੈ।
ਸੈਕਟਰ-18 ਦੀ ਕੋਠੀ ਨੰਬਰ 1606 ਦੇ ਸਾਹਮਣੇ ਸਥਿਤ ਨੇਬਰਹੁੱਡ ਪਾਰਕ ਦੀ ਪਿਛਲੇ 8 ਸਾਲਾਂ ਤੋਂ ਈਕੋ ਗ੍ਰੀਨ ਐਨਵਾਇਰਮੈਂਟ ਸੁਸਾਇਟੀ ਵੱਲੋਂ ਸਾਂਭ-ਸੰਭਾਲ ਕੀਤੀ ਜਾ ਰਹੀ ਹੈ। ਇਸ ਦੇ ਲਈ ਸੱਤ ਮੈਂਬਰਾਂ ਵੱਲੋਂ ਪੈਸੇ ਇਕੱਠੇ ਕੀਤੇ ਜਾਂਦੇ ਹਨ। 2020 ਵਿੱਚ ਸੁਸਾਇਟੀ ਨੇ ਪਾਰਕ ਦੇ ਰੱਖ-ਰਖਾਅ ਲਈ ਨਗਰ ਨਿਗਮ ਨਾਲ ਇੱਕ ਸਮਝੌਤਾ ਕੀਤਾ ਜਿਸ ਤੋਂ ਬਾਅਦ ਪਾਰਕ ਦੀ ਸਾਂਭ-ਸੰਭਾਲ ਲਈ ਨਗਰ ਨਿਗਮ ਤੋਂ 7 ਹਜ਼ਾਰ ਰੁਪਏ ਪ੍ਰਤੀ ਮਹੀਨਾ ਮਿਲਦੇ ਹਨ। ਇਸ ਦੇ ਰੱਖ-ਰਖਾਅ ‘ਤੇ ਜ਼ਿਆਦਾ ਖਰਚ ਆਉਂਦਾ ਹੈ। ਈਕੋ ਗ੍ਰੀਨ ਇਨਵਾਇਰਮੈਂਟ ਸੁਸਾਇਟੀ ਦੇ ਪ੍ਰਧਾਨ ਹਰਮੇਲ ਸਿੰਘ ਸਰਾਂ ਨੇ ਦੱਸਿਆ ਕਿ ਉਹ 8 ਸਾਲਾਂ ਤੋਂ ਪਾਰਕ ਦੀ ਸਾਂਭ-ਸੰਭਾਲ ਕਰ ਰਹੇ ਹਨ। ਪਰ ਇਹ ਪਹਿਲਾ ਮੌਕਾ ਹੈ ਜਦੋਂ ਉਹਨਾਂ ਨੇ ਐਮਸੀ ਦੇ ਰੋਜ਼ ਫੈਸਟੀਵਲ ਦੇ ਮੁਕਾਬਲੇ ਵਿੱਚ ਹਿੱਸਾ ਲਿਆ। ਇਸ ਦੇ ਨਾਲ ਹੀ ਉਹਨਾਂ ਦੱਸਿਆ ਕਿ ਨਿਗਮ ਕਮਿਸ਼ਨਰ ਨੇ ਪਿਛਲੇ ਸਾਲ ਅਗਸਤ ਵਿੱਚ ਸੈਕਟਰ ਦਾ ਦੌਰਾ ਕੀਤਾ ਸੀ।ਇਸ ਦੌਰਾਨ ਪਾਰਕ ਦੇਖਣ ਤੋਂ ਬਾਅਦ ਕਮਿਸ਼ਨਰ ਨੇ ਕਿਹਾ ਸੀ ਕਿ ਤੁਸੀਂ ਨੇਬਰਹੁੱਡ ਪਾਰਕ ਦੀ ਇੰਨੀ ਵਧੀਆ ਦੇਖਭਾਲ ਕੀਤੀ ਹੈ, ਤੁਸੀਂ ਐਮਸੀ ਦੇ ਰੋਜ਼ ਫੈਸਟੀਵਲ ਮੁਕਾਬਲੇ ਵਿਚ ਹਿੱਸਾ ਕਿਉਂ ਨਹੀਂ ਲੈਂਦੇ। ਜਿਸ ਤੋਂ ਬਾਅਦ ਹੁਣ ਉਹਨਾਂ ਨੇ ਮੁਕਾਬਲੇ ਵਿੱਚ ਹਿੱਸਾ ਲੈਣ ਦਾ ਫੈਸਲਾ ਲਿਆ।
ਦੂਜੇ ਪਾਸੇ ਗਰੁੱਪ ਹਾਊਸਿੰਗ ਸੁਸਾਇਟੀ ਦੇ ਅੰਦਰੂਨੀ ਪਾਰਕਾਂ ਦੇ ਮੁਕਾਬਲੇ ਵਿੱਚ ਸੈਕਟਰ-51ਬੀ ਨਿਊ ਲਾਈਟ ਕੋਆਪਰੇਟਿਵ ਹਾਊਸਿੰਗ ਬੋਰਡ ਫਸਟ ਸੁਸਾਇਟੀ ਦਾ ਪਾਰਕ ਪਹਿਲੇ ਸਥਾਨ ’ਤੇ ਰਿਹਾ।