ਹਰ ਤਰਾਂ ਦੇ ਕਰਜ਼ੇ-ਕਿਸ਼ਤਾਂ 6 ਮਹੀਨਿਆਂ ਲਈ ਬਿਨਾਂ ਵਿਆਜ ਮੁਲਤਵੀ ਕਰਨ ਦੀ ਕੀਤੀ ਮੰਗ
ਵਿਧਵਾ-ਬੁਢਾਪਾ ਪੈਨਸ਼ਨਾਂ 4 ਗੁਣਾ ਤੇ ਰਾਸ਼ਨ ਦੁੱਗਣਾ ਕਰਨ ਦੀ ਕੀਤੀ ਮੰਗ
ਚੰਡੀਗੜ੍ਹ, 24 ਮਾਰਚ 2020( ਵਿਸ਼ਵ ਵਾਰਤਾ)-ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਨੋਬਲ ਕੋਰੋਨਾ ਵਾਇਰਸ ਦੀ ਚੁਣੌਤੀ ਨਾਲ ਨਿਪਟਣ ਲਈ ਸੂਬੇ ਦੇ ਸਾਰੇ ਮਜ਼ਦੂਰਾਂ, ਦਿਹਾੜੀਦਾਰਾਂ, ਰੇਹੜੀ-ਫੜੀ ਅਤੇ ਹੋਰ ਛੋਟੇ-ਛੋਟੇ ਕੰਮ ਕਰਕੇ ਆਪਣੇ ਅਤੇ ਆਪਣੇ ਪਰਿਵਾਰਾਂ ਦੀ ਰੋਜ਼ ਦੀ ਰੋਜ਼ ਜੀਵਿਕਾ ਕਮਾਉਣ ਵਾਲੇ ਮਿਹਨਤਕਸ਼ਾਂ ਸਮੇਤ ਸਰਕਾਰੀ ਕਲਿਆਣਕਾਰੀ ਯੋਜਨਾਵਾਂ ‘ਤੇ ਨਿਰਭਰ ਸਾਰੇ ਨਾਗਰਿਕਾਂ ਲਈ ਵਿਸ਼ੇਸ਼ ਵਿੱਤੀ ਅਤੇ ਰਾਹਤ ਯੋਜਨਾਵਾਂ ਦਾ ਤੁਰੰਤ ਐਲਾਨ ਕਰੇ।
‘ਆਪ’ ਹੈੱਡਕੁਆਟਰ ਤੋਂ ਜਾਰੀ ਬਿਆਨ ਮੁਤਾਬਿਕ ਹਰਪਾਲ ਸਿੰਘ ਚੀਮਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਸੂਬਾ ਸਰਕਾਰ ਹਰ ਸ਼੍ਰੇਣੀ ਦੇ ਕੁਸ਼ਲ ਅਤੇ ਅਕੁਸ਼ਲ ਮਜ਼ਦੂਰਾਂ ਅਤੇ ਰੇਹੜੀ-ਫੜੀ, ਰਿਕਸ਼ਿਆਂ, ਮੋਚੀਆਂ, ਮਿਸਤਰੀਆਂ, ਪਲੰਬਰਾਂ, ਇਲੈਕਟ੍ਰੀਸਨਾਂ ਆਦਿ ਮਿਹਨਤ ਕਸ਼ਾਂ ਨੂੰ ਪ੍ਰਤੀ ਮਹੀਨਾ 3000 ਰੁਪਏ ਅਗਾਊਂ (ਐਡਵਾਂਸ) ਯਕੀਨੀ ਬਣਾਵੇ ਤਾਂ ਕਿ ਉਹ ਆਪਣੇ-ਆਪਣੇ ਘਰਾਂ ‘ਚ ਬੈਠ ਕੇ ਦੋ ਡੰਗ ਦੀ ਰੋਟੀ ਖਾ ਸਕਣ।
ਹਰਪਾਲ ਸਿੰਘ ਚੀਮਾ ਨੇ ਮੰਗ ਕੀਤੀ ਕਿ ਆਟਾ-ਦਾਲ ਯੋਜਨਾ ਤਹਿਤ ਮਿਲਦੇ ਰਾਸ਼ਨ ਦੀ ਮਾਤਰਾ ਪ੍ਰਤੀ ਪਰਿਵਾਰ ਤਿੰਨ ਗੁਣਾ ਵਧਾਈ ਜਾਵੇ ਅਤੇ ਸਰਕਾਰ ਇਸ ਦੀ ਪਾਰਦਰਸ਼ੀ ਤਰੀਕੇ ਨਾਲ ਹਰ ਲਾਭਪਾਤਰੀ ਦੇ ਘਰ ਤੱਕ ਸਮਾਂਬੱਧ ਪਹੁੰਚ ਯਕੀਨੀ ਬਣਾਵੇ। ਚੀਮਾ ਨੇ ਸੁਝਾਅ ਦਿੱਤਾ ਕਿ ਇਸ ਦੀ ਸਪਲਾਈ ਲਈ ਅਸਥਾਈ (ਆਰਜ਼ੀ) ਤੌਰ ‘ਤੇ ਸਕੂਲਾਂ ‘ਚ ਮਿਡ-ਡੇ ਮੀਲ ਲਈ ਜਮਾਂ ਅਨਾਜ ਨੂੰ ਵਰਤੋਂ ‘ਚ ਲਿਆਂਦਾ ਜਾ ਸਕਦਾ ਹੈ।
ਹਰਪਾਲ ਸਿੰਘ ਚੀਮਾ ਨੇ ਬੁਢਾਪਾ ਪੈਨਸ਼ਨ, ਵਿਧਵਾ ਪੈਨਸ਼ਨ, ਅੰਗਹੀਣ ਪੈਨਸ਼ਨ ਅਤੇ ਨਿਰਭਰਤਾ ਪੈਨਸ਼ਨ ਦੇ ਲਾਭਪਾਤਰੀਆਂ ਦੀ ਪੈਨਸ਼ਨ ‘ਚ ਚਾਰ ਗੁਣਾ (700 ਰੁਪਏ ਤੋਂ 2800 ਰੁਪਏ) ਵਾਧਾ ਕਰਨ ਅਤੇ ਬੇਰੁਜ਼ਗਾਰ ਨੌਜਵਾਨਾਂ ਨੂੰ ਬੇਰੁਜ਼ਗਾਰ ਭੱਤਾ ਅਗਾਂਹ ਤੌਰ (ਈਨ ਐਡਵਾਂਸ) ਜਾਰੀ ਕਰਨ ਦੀ ਮੰਗ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲੋਂ ਕੀਤੀ ਹੈ।
ਇਸ ਦੇ ਨਾਲ ਹੀ ਹਰੇਕ ਸ਼੍ਰੇਣੀ ਦੇ ਕਰਜ਼ਿਆਂ ਦੀਆਂ ਕਿਸ਼ਤਾਂ ਅਗਲੇ 6 ਮਹੀਨਿਆਂ ਤੱਕ ਬਿਨਾ ਵਿਆਜ ਮੁਲਤਵੀ ਕਰਨ ਦੀ ਮੰਗ ਵੀ ‘ਆਪ’ ਆਗੂ ਨੇ ਕੀਤੀ ਹੈ। ਚੀਮਾ ਨੇ ਦੱਸਿਆ ਕਿ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਭਾਰਤੀ ਰਿਜ਼ਰਵ ਬੈਂਕ ਰਾਹੀਂ ਸਾਰੀਆਂ ਸਰਕਾਰੀ ਅਤੇ ਗੈਰ ਸਰਕਾਰੀ ਬੈਂਕਾਂ ਅਤੇ ਵਿੱਤੀ ਸੰਸਥਾਵਾਂ ਨੂੰ ਕਰਜ਼ ਦੀਆਂ ਕਿਸ਼ਤਾਂ ਅਗਲੇ 6 ਮਹੀਨਿਆਂ ਤੱਕ ਬਿਨਾ ਵਿਆਜ ਮੁਲਤਵੀ ਕਰਨ ਦੀ ਮੰਗ ਕੀਤੀ ਹੈ।