ਰੇਲ ਗੱਡੀ ਦੀ ਲਪੇਟ ‘ਚ ਆਉਣ ਨਾਲ ਜ਼ਖਮੀ ਨੌਜਵਾਨ ਦੀ ਮੌਤ ਤੋਂ ਬਾਅਦ ਪਰਿਵਾਰਕ ਮੈਂਬਰਾਂ ਵੱਲੋਂ ਡਾਕਟਰ ਨਾਲ ਕੁੱਟਮਾਰ
ਡਾਕਟਰਾਂ ਵੱਲੋਂ ਸਾਰੇ ਸਰਕਾਰੀ ਹਸਪਤਾਲਾਂ, ਸਿਹਤ ਕੇਂਦਰਾਂ ’ਤੇ ਓਪੀਡੀ ਸੇਵਾਵਾਂ ਅਣਮਿੱਥੇ ਸਮੇਂ ਲਈ ਮੁਅੱਤਲ ਕਰਨ ਦਾ ਐਲਾਨ
ਚੰਡੀਗੜ੍ਹ 12 ਨਵੰਬਰ(ਵਿਸ਼ਵ ਵਾਰਤਾ)- ਫਗਵਾੜਾ ਦੇ ਸਿਵਲ ਹਸਪਤਾਲ ‘ਚ ਅੱਜ ਉਸ ਸਮੇਂ ਹੰਗਾਮਾ ਸ਼ੁਰੂ ਹੋ ਗਿਆ ਜਦੋਂ ਰੇਲ ਗੱਡੀ ਦੀ ਲਪੇਟ ‘ਚ ਆ ਕੇ ਜ਼ਖਮੀ ਹੋਏ ਨੌਜਵਾਨ ਦੀ ਇਲਾਜ ਦੌਰਾਨ ਮੌਤ ਹੋ ਗਈ। ਜ਼ਖਮੀ ਨੂੰ ਲੈ ਕੇ ਸਿਵਲ ਹਸਪਤਾਲ ਪਹੁੰਚੇ ਲੋਕਾਂ ਨੇ ਡਿਊਟੀ ‘ਤੇ ਮੌਜੂਦ ਡਾਕਟਰਾਂ ਅਤੇ ਸਟਾਫ ਦੀ ਕੁੱਟਮਾਰ ਕੀਤੀ। ਘਟਨਾ ਤੋਂ ਬਾਅਦ ਡਾਕਟਰਾਂ ਤੇ ਸਟਾਫ਼ ਨੇ ਧਰਨਾ ਦੇ ਦਿੱਤਾ ਹੈ ਅਤੇ ਨਾਲ ਹੀ ਪੰਜਾਬ ਸਿਵਲ ਮੈਡੀਕਲ ਸਰਵਿਸਜ਼ ਐਸੋਸ਼ੀਏਸ਼ਨ ਇਸ ਗੁੰਡਾਗਰਦੀ ਦੀ ਸਖ਼ਤ ਨਿਖੇਦੀ ਕੀਤੀ ਹੈ | ਇਸ ਮੌਕੇ ਤੇ ਵਿਰੋਧ ਜਤਾਉਂਦੇ ਹੋਏ ਅਤੇ ਐਸੋਸ਼ੀਏਸ਼ਨ ਦੇ ਦਿੱਤੇ ਗਏ ਸੱਦੇ ’ਤੇ ਜ਼ਿਲ੍ਹਾ ਕਪੂਰਥਲਾ ਵਿੱਚ ਸਾਰੇ ਸਰਕਾਰੀ ਹਸਪਤਾਲਾਂ, ਸਿਹਤ ਕੇਂਦਰਾਂ ’ਤੇ ਓਪੀਡੀ ਸੇਵਾਵਾਂ ਅਣਮਿੱਥੇ ਸਮੇਂ ਲਈ ਮੁਅੱਤਲ ਕਰ ਦਿੱਤੀਆਂ ਗਈਆਂ ਹਨ ।ਪੁਲਿਸ ਨੇ ਹਮਲਾ ਕਰਨ ਵਾਲੇ ਕੁੱਝ ਲੋਕਾਂ ਨੂੰ ਹਿਰਾਸਤ ਵਿੱਚ ਵੀ ਲਿਆ ਹੈ। ਦਰਅਸਲ ਨਵਾਂਸ਼ਹਿਰ ਨੂੰ ਜਾਣ ਵਾਲੇ ਰੇਲਵੇ ਟ੍ਰੈਕ ਦੇ ਕੋਲ ਇੱਕ 17 ਸਾਲਾ ਨੌਜਵਾਨ ਅਨੁਜ ਸਿੰਘ ਮੋਬਾਈਲ ਫ਼ੋਨ ਨਾਲ ਸੁਣ ਰਿਹਾ ਸੀ। ਨੌਜਵਾਨ ਫੋਨ ਸੁਣਨ ‘ਚ ਇੰਨਾ ਰੁੱਝਿਆ ਹੋਇਆ ਸੀ ਕਿ ਉਸ ਨੂੰ ਟਰੇਨ ਦੇ ਆਉਣ ਦਾ ਪਤਾ ਹੀ ਨਹੀਂ ਲੱਗਾ। ਰੇਲ ਪਟੜੀ ਦੇ ਸਾਈਡ ’ਤੇ ਟਰੇਨ ਦੀ ਲਪੇਟ ’ਚ ਆਉਣ ਕਾਰਨ ਨੌਜਵਾਨ ਦੇ ਸਿਰ ’ਤੇ ਗੰਭੀਰ ਸੱਟਾਂ ਲੱਗੀਆਂ
ਨੌਜਵਾਨ ਦੇ ਪਰਿਵਾਰਕ ਮੈਂਬਰਾਂ ਅਤੇ ਲੋਕਾਂ ਨੇ ਉਸ ਨੂੰ ਤੁਰੰਤ ਪ੍ਰਭਾਵ ਨਾਲ ਚੁੱਕ ਕੇ ਸਿਵਲ ਹਸਪਤਾਲ ਫਗਵਾੜਾ ਲਿਆਂਦਾ। ਨੌਜਵਾਨ ਦੀ ਹਾਲਤ ਨੂੰ ਦੇਖਦੇ ਹੋਏ ਡਿਊਟੀ ‘ਤੇ ਤਾਇਨਾਤ ਡਾਕਟਰ ਆਸ਼ੀਸ਼ ਜੇਤਲੀ ਨੇ ਪਹਿਲਾਂ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਉਸ ਨੂੰ ਲੁਧਿਆਣਾ ਜਾਂ ਕਿਸੇ ਹੋਰ ਹਸਪਤਾਲ ਲੈ ਜਾਣ ਲਈ ਕਿਹਾ। ਪਰ ਪਰਿਵਾਰ ਵਾਲੇ ਨਹੀਂ ਮੰਨੇ ਅਤੇ ਡਾਕਟਰ ‘ਤੇ ਇਲਾਜ ਲਈ ਦਬਾਅ ਪਾਉਣ ਲੱਗੇ। ਇਸ ‘ਤੇ ਡਾਕਟਰ ਨੇ ਜ਼ਖਮੀ ਅਨੁਜ ਸਿੰਘ ਦਾ ਇਲਾਜ ਕਰਨ ਲਈ ਟਾਂਕੇ ਲਗਾਉਣੇ ਸ਼ੁਰੂ ਕੀਤੇ ਹੀ ਸਨ ਕਿ ਜ਼ਖਮਾਂ ਦੀ ਤਾਬ ਨਾ ਝੱਲਦੇ ਹੋਏ ਅਨੀਸ਼ ਦੀ ਉੱਥੇ ਹੀ ਮੌਤ ਹੋ ਗਈ।