ਰੇਟ ਘਟਣ ਤੋਂ ਬਾਅਦ ਵੀ ਗੁੁਆਂਢੀ ਰਾਜਾਂ ਨਾਲੋਂ ਮਹਿੰਗੇ ਹਨ ਪੰਜਾਬ ਵਿੱਚ ਪੈਟਰੋਲ ਤੇ ਡੀਜ਼ਲ
ਕੱਲ੍ਹ ਹੋਣ ਵਾਲੀ ਕੈਬਨਿਟ ਮੀਟਿੰਗ ਵਿੱਚ ਕੀਮਤਾਂ ਘਟਾਉਣ ਦੇ ਫੈਸਲੇ ਤੇ ਲੱਗ ਸਕਦੀ ਹੈ ਮੋਹਰ
ਚੰਡੀਗੜ੍ਹ,6 ਨਵੰਬਰ(ਵਿਸ਼ਵ ਵਾਰਤਾ)- ਕੇਂਦਰ ਸਰਕਾਰ ਵੱਲੋਂ ਦਿਵਾਲੀ ਤੋਂ ਇੱਕ ਦਿਨ ਪਹਿਲਾਂ ਕੀਤੀ ਗਈ ਪੈਟਰੋਲ ਅਤੇ ਡ਼ੀਜ਼ਲ ਦੇ ਰੇਟਾਂ ਵਿੱਚ ਕਟੌਤੀ ਤੋਂ ਬਾਅਦ ਕਈ ਸੂਬਾ ਸਰਕਾਰਾਂ ਨੇ ਆਪਣੇ ਪੱਧਰ ਤੇ ਵੀ ਰੇਟਾਂ ਵਿੱਚ ਕਟੌਤੀ ਕੀਤੀ ਹੈ। ਗੁਆਂਢੀ ਰਾਜ ਹਰਿਆਣਾ,ਹਿਮਾਚਲ ਅਤੇ ਕੇਂਦਰ ਸ਼ਾਸ਼ਤ ਪ੍ਰਦੇਸ਼ਾਂ ਜੰਮੂ-ਕਸ਼ਮੀਰ ਅਤੇ ਚੰਡੀਗੜ੍ਹ ਸਾਰਿਆਂ ਵਿੱਚ ਹੀ ਪੈਟਰੋਲ ਤੇ ਡੀਜ਼ਲ ਪੰਜਾਬ ਨਾਲੋਂ ਸਸਤੇ ਮਿਲ ਰਹੇ ਹਨ।
ਨਵੇਂ ਰੇਟਾਂ ਅਨੁਸਾਰ ਪੈਟਰੋਲ ਹਰਿਆਣਾ-94.53,ਹਿਮਾਚਲ-95.78,ਜੰਮੂ-ਕਸ਼ਮੀਰ-96.15,ਚੰਡੀਗੜ੍ਹ-94.23 ਰੁਪਏ ਪ੍ਰਤੀ ਲੀਟਰ ਮਿਲ ਰਿਹਾ ਹੈ ਜਦਕਿ ਪੰਜਾਬ ਵਿੱਚ ਪੈਟਰੋਲ ਹਜੇ ਵੀ 106.20 ਰੁਪਏ ਪ੍ਰਤੀ ਲੀਟਰ ਮਿਲ ਰਿਹਾ ਹੈ।
ਡੀਜਲ ਦੀ ਕੀਮਤ ਹਰਿਆਣਾ 86.57,ਹਿਮਾਚਲ-80.35,ਜੰਮੂ-ਕਸ਼ਮੀਰ 80.32,ਚੰਡੀਗੜ੍ਹ-80.90 ਰੁਪਏ ਅਤੇ ਪੰਜਾਬ ਵਿੱਚ ਸਭ ਤੋਂ ਵੱਧ 89.83 ਰੁਪਏ ਪ੍ਰਤੀ ਲੀਟਰ ਹੈ।
ਇਸ ਦੇ ਨਾਲ ਹੀ ਅੱਜ ਵਿਰੋਧੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੇ ਤੇਲ ਦੀਆਂ ਕੀਮਤਾਂ ਦੇ ਵਿਰੋਧ ਵਿੱਚ ਮੁੱਖ ਮੰਤਰੀ ਚੰਨੀ ਦੀ ਰਿਹਾਇਸ਼ ਦੇ ਬਾਹਰ ਜਬਰਦਸਤ ਵਿਰੋਧ ਪ੍ਰਦਰਸ਼ਨ ਕੀਤਾ ਹੈ। ਇਸ ਤੋਂ ਇਲਾਵਾ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਵੀ ਇਹ ਇਸ਼ਾਰਾ ਕੀਤਾ ਸੀ ਕਿ ਕੱਲ੍ਹ ਹੋਣ ਵਾਲੀ ਕੈਬਨਿਟ ਦੀ ਅਹਿਮ ਮੀਟਿੰਗ ਵਿੱਚ ਤੇਲ ਦੀਆਂ ਕੀਮਤਾਂ ਤੇ ਕੋਈ ਵੱਡਾ ਫੈਸਲਾ ਲਿਆ ਜਾ ਸਕਦਾ ਹੈ।