ਰੂਸ-ਯੂਕਰੇਨ ਸੰਕਟ: ਇਕ ਹੋਰ ਭਾਰਤੀ ਨੌਜਵਾਨ ਦੀ ਮੌਤ
ਪੰਜਾਬ ਦੇ ਬਰਨਾਲਾ ਨਾਲ ਸੰਬੰਧਤ ਹੈ ਮ੍ਰਿਤਕ
ਚੰਡੀਗੜ੍ਹ, 2 ਮਾਰਚ(ਵਿਸ਼ਵ ਵਾਰਤਾ)ਰੂਸ ਅਤੇ ਯੂਕਰੇਨ ਵਿੱਚ ਚੱਲ ਰਹੀ ਜੰਗ ਦੇ ਦਰਮਿਆਨ ਇਕ ਹੋਰ ਭਾਰਤੀ ਨੌਜਵਾਨ ਦੀ ਮੌਤ ਦੀ ਖ਼ਬਰ ਸਾਹਮਣੇ ਆਈ ਹੈ। ਮ੍ਰਿਤਕ ਨੌਜਵਾਨ ਚੰਦਨ ਜਿੰਦਲ 4 ਸਾਲਾਂ ਤੋਂ ਯੂਕਰੇਨ ਦੇ ਵਿਨੀਸੀਆ ਸਟੇਟ ਵਿੱਚ ਐਮਬੀਬੀਐਸ ਦੀ ਪੜਾਈ ਕਰਨ ਗਿਆ ਸੀ, ਜੋ ਕਿ ਪੰਜਾਬ ਦੇ ਬਰਨਾਲਾ ਨਾਲ ਸਬੰਧਤ ਹੈ।
ਜਾਣਕਾਰੀ ਅਨੁਸਾਰ ਪਿਛਲੇ 1 ਮਹੀਨੇ ਤੋਂ ਚੰਦਨ ਜਿੰਦਲ ਗੰਭੀਰ ਬੀਮਾਰ ਹੋ ਗਿਆ ਅਤੇ ਉਸਦੇ ਦਿਮਾਗ ਵਿੱਚ ਖ਼ੂਨ ਦੇ ਥੱਕੇ ਬਣ ਗਏ ਅਤੇ ਉਸਨੂੰ ਆਈਸੀਯੂ ਵਿੱਚ ਦਾਖ਼ਲ ਕਰਵਾਉਣਾ ਪਿਆ ਸੀ। ਭਾਰਤ ਰਹਿੰਦੇ ਪਰਿਵਾਰ ਦੀ ਪ੍ਰਵਾਨਗੀ ਨਾਲ ਹੀ ਚੰਦਨ ਦਾ ਆਪਰੇਸ਼ਨ ਵੀ ਕੀਤਾ ਗਿਆ ਸੀ। ਅੱਜ ਉਸਦੇ ਪਰਿਵਾਰ ਨੂੰ ਫ਼ੋਨ ਤੇ ਚੰਦਨ ਦੀ ਇਲਾਜ਼ ਦੌਰਾਨ ਮੌਤ ਦਾ ਸੁਨੇਹਾ ਮਿਲਿਆ ਹੈ। ਜਿਸਤੋਂ ਬਾਅਦ ਮ੍ਰਿਤਕ ਨੌਜਵਾਨ ਦੇ ਘਰ ਮਾਤਮ ਹੀ ਛਾ ਗਿਆ। ਉਸਦੀ ਮਾਂ, ਭੈਣ ਅਤੇ ਹੋਰ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਮ੍ਰਿਤਕ ਨੌਜਵਾਨ ਦਾ ਪਰਿਵਾਰ ਭਾਰਤ ਸਰਕਾਰ ਤੋਂ ਉਹਨਾਂ ਦੇ ਬੱਚੇ ਚੰਦਨ ਦੀ ਮ੍ਰਿਤਕ ਦੇਹ ਨੂੰ ਵਾਪਸ ਭਾਰਤ ਲਿਆਉਣ ਦੀ ਮੰਗ ਕਰ ਰਿਹਾ ਹੈ।