ਰੁੱਖਾਂ ਤੋਂ ਬਿਨਾਂ ਮਨੁੱਖ ਦਾ ਜੀਵਨ ਅਸੰਭਵ -ਸੰਤ ਬਲਬੀਰ ਸਿੰਘ ਸੀਚੇਵਾਲ
ਜਨਮੇਜਾ ਸਿੰਘ ਜੌਹਲ ਅਤੇ ਯਾਦਵਿੰਦਰ ਸਿੰਘ ਨੂੰ ਸਿਰੋਪਾਓ ਦੇ ਕੇ ਕੀਤਾ ਸਨਮਾਨਿਤ
2 ਏਕੜ ਵਿਚ ਲਗਾਇਆ ਜਾ ਰਿਹਾ ਹਰਬਲ ਜੰਗਲ ਧਰਮ ਪਤਨੀ ਨਰਿੰਦਰ ਕੌਰ ਜੌਹਲ ਨੂੰ ਸਮਰਪਿਤ- ਜਨਮੇਜਾ ਸਿੰਘ ਜੌਹਲ
ਸੁਲਤਾਨਪੁਰ ਲੋਧੀ, 17 ਜੁਲਾਈ : ਰੁੱਖ ਤੇ ਮਨੁੱਖ ਦਾ ਬਹੁਤ ਹੀ ਡੂੰਘਾ ਰਿਸ਼ਤਾ ਹੈ। ਸ਼ੁਰੂ ਤੋਂ ਅੰਤ ਤਕ ਰੁੱਖ ਮਨੁੱਖ ਦਾ ਸਾਥ ਨਿਭਾਉਂਦੇ ਹਨ। ਰੁੱਖ ਉਸ ਪਰਮਾਤਮਾ ਦੁਆਰਾ ਦਿੱਤੇ ਗਏ ਅਨਮੋਲ ਤੋਹਫ਼ੇ ਹਨ। ਉਹ ਕੇਵਲ ਸਾਡੇ ਲਈ ਹੀ ਨਹੀਂ ਸਗੋਂ ਧਰਤੀ ‘ਤੇ ਰਹਿੰਦੇ ਹਰੇਕ ਸੰਜੀਵ ਪ੍ਰਾਣੀ ਲਈ ਬਹੁਤ ਜ਼ਰੂਰੀ ਹਨ। ਇੱਥੋਂ ਤਕ ਕਿ ਪ੍ਰਿਥਵੀ ਦਾ ਜੀਵਨ ਰੁੱਖਾਂ ਦੀ ਹੋਂਦ ਨਾਲ ਹੀ ਚੱਲਦਾ ਰਹਿ ਸਕਦਾ ਹੈ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪਦਮਸ੍ਰੀ ਸੰਤ ਬਲਬੀਰ ਸਿੰਘ ਜੀ ਸੀਚੇਵਾਲ ਨੇ
ਪ੍ਰੈੱਸ ਨਾਲ ਗੱਲਬਾਤ ਕਰਦਿਆਂ ਦਿੱਤਾ ਉਨ੍ਹਾਂ ਕਿਹਾ ਰੁੱਖ ਮਨੁੱਖ ਦੇ ਸੱਚੇ ਮਿੱਤਰ ਹਨ ਕਿਉਂਕਿ ਜੋ ਅਜੇ ਤਕ ਸਾਇੰਸ ਨਹੀਂ ਕਰ ਸਕੀ, ਉਹ ਮੁਫ਼ਤ ਵਿਚ ਸਾਡੇ ਲਈ ਕਰਦੇ ਹਨ ਰੁੱਖ। ਉਹ ਆਕਸੀਜਨ ਛੱਡਦੇ ਹਨ ਅਤੇ ਕਾਰਬਨ ਡਾਈਆਕਸਾਈਡ ਨੂੰ ਜਜ਼ਬ ਕਰਦੇ ਹਨ। ਪੌਦੇ ਧਰਤੀ ਦੇ ਤਾਪਮਾਨ ਨੂੰ ਕਾਬੂ ਹੇਠ ਰੱਖਦੇ ਹਨ। ਜੇਕਰ ਪ੍ਰਿਥਵੀ ਉੱਤੇ ਪੌਦੇ ਨਾ ਹੋਣ ਤਾਂ ਉਸ ਦਾ ਤਾਪਮਾਨ ਵੱਧਦਾ ਹੀ ਚਲਾ ਜਾਵੇਗਾ ਤੇ ਉਹ ਇੰਨੀ ਗਰਮ ਹੋ ਜਾਵੇਗੀ ਕਿ ਉਸ ‘ਤੇ ਰਹਿਣਾ ਵੀ ਮੁਸ਼ਕਲ ਹੋ ਜਾਵੇਗਾ। ਇਕ ਰਿਪੋਰਟ ਦੱਸਦੀ ਹੈ ਕਿ ਲਗਪਗ 25% ਫ਼ੀਸਦੀ ਗ੍ਰੀਨ ਹਾਊਸ ਗੈਸਾਂ ਦੇ ਵਧਣ ਦਾ ਕਾਰਨ ਜੰਗਲਾਂ ਹੇਠ ਘਟਦਾ ਰਕਬਾ ਹੈ। ਪ੍ਰਦੂਸ਼ਣ ਲਗਾਤਾਰ ਵਧਦਾ ਜਾ ਰਿਹਾ ਹੈ ਜਿਸ ਕਾਰਨ ਅਤਿ ਭਿਆਨਕ ਬਿਮਾਰੀਆਂ ਦਾ ਪਸਾਰ ਹੋ ਰਿਹਾ ਹੈ।
ਮਨੁੱਖ ਦੇ ਲਾਲਚ ਸਦਕਾ ਜੰਗਲ ਹੇਠ ਰਕਬਾ ਘਟਦਾ ਜਾ ਰਿਹਾ। ਇਹ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਹੈ। ਮਨੁੱਖ ਲਾਲਚ ਦੀ ਤਲਵਾਰ ਨਾਲ ਆਪਣੀਆਂ ਹੀ ਜੜ੍ਹਾਂ ਵੱਢਦਾ ਜਾ ਰਿਹਾ ਹੈ। ਜੰਗਲ ਘਟਣ ਨਾਲ ਜੀਵ ਵਿਿਭੰਨਤਾ ‘ਤੇ ਬਹੁਤ ਬੁਰਾ ਅਸਰ ਪੈ ਰਿਹਾ ਹੈ। ਬਹੁਤ ਸਾਰੇ ਅਨਮੋਲ ਪੌਦੇ ਲੁਪਤ ਹੋ ਚੁੱਕੇ ਹਨ ਅਤੇ ਕਈ ਲੁਪਤ ਹੋਣ ਦੇ ਕੰਢੇ ‘ਤੇ ਖੜ੍ਹੇ ਹਨ। ਕੇਵਲ ਪੌਦੇ ਹੀ ਨਹੀਂ ਸਗੋਂ ਬੇਅੰਤ ਪੰਛੀ, ਜਾਨਵਰ, ਛੋਟੇ ਜੀਵ ਜੰਗਲਾਂ ਦੇ ਖ਼ਾਤਮੇ ਨਾਲ ਖ਼ਤਮ ਹੋ ਰਹੇ ਹਨ। ਜੰਗਲ ਹੀ ਤਾਂ ਪੰਛੀਆਂ ਅਤੇ ਹੋਰ ਜੀਵਾਂ ਦਾ ਰੈਣ-ਬਸੇਰਾ ਹਨ। ਸੋਹਣੇ-ਸੋਹਣੇ ਰੁੱਖ, ਸੋਹਣੇ ਪੰਛੀਆਂ ਦੀ ਮਧੁਰ ਆਵਾਜ਼, ਕੁਦਰਤੀ ਸੰਗੀਤ ਦਿਲੋ-ਦਿਮਾਗ ਨੂੰ ਤਰੋ-ਤਾਜ਼ਾ ਕਰ ਦਿੰਦਾ ਹੈ। ਪਰ ਜ਼ਰਾ ਸੋਚੋ, ਜੇਕਰ ਇਸੇ ਦਰ ਨਾਲ ਜੰਗਲ ਨਸ਼ਟ ਹੁੰਦੇ ਰਹੇ ਤਾਂ ਆਉਣ ਵਾਲੇ ਸਮੇ ਵਿਚ ਮਨੁੱਖਤਾ ਨੂੰ ਬਹੁਤ ਸੰਕਟਾਂ ‘ਚੋਂ ਗੁਜ਼ਰਨਾ ਪਵੇਗਾ।ਇਸ ਮੌਕੇ ਜਨਮੇਜਾ ਸਿੰਘ ਜੌਹਲ ਨੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਇਸ ਦੋ ਏਕੜ ਰਕਬੇ ਵਿਚ ਹਰਬਲ ਬੂਟੇ ਅਤੇ ਫਲਦਾਰ ਬੂਟੇ ਲਗਾਏ ਜਾਣਗੇ 2 ਏਕੜ ਰਕਬੇ ਵਿਚ ਆਪਣੀ ਧਰਮਪਤਨੀ ਨਰਿੰਦਰ ਕੌਰ ਜੌਹਲ ਨੂੰ ਸਮਰਪਿਤ ਹਰਬਲ ਜੰਗਲ ਲਗਾ ਰਹੇ ਹਨ ।ਉਨ੍ਹਾਂ ਕਿਹਾ ਰੁੱਖ ਮੁਫ਼ਤ ‘ਚ ਹਵਾ ਨੂੰ ਸਾਫ਼ ਕਰਨ ਦਾ ਕੰਮ ਕਰਦੇ ਹਨ ਪਰ ਫਿਰ ਵੀ ਅਸੀਂ ਰੁੱਖਾਂ ਦੇ ਯੋਗਦਾਨ ਨੂੰ ਅਣਗੌਲਿਆ ਕਰ ਦਿੰਦੇ ਹਾਂ। ਲੱਖਾਂ ਰੁਪਏ ਦੀ ਆਕਸੀਜਨ ਤੋਂ ਇਲਾਵਾ ਰੁੱਖ ਆਰਥਿਕ ਤੌਰ ‘ਤੇ ਵੀ ਇਨਸਾਨ ਦੀ ਬਹੁਤ ਮਦਦ ਕਰਦੇ ਹਨ। ਰੁੱਖਾਂ ਦੀ ਕਮੀ ਕਾਰਨ ਵਰਖਾ ਦੀ ਮਾਤਰਾ ਵੀ ਸਥਿਰ ਨਹੀਂ ਰਹੀ। ਹੁਣ ਕਿਤੇ ਬਹੁਤ ਜ਼ਿਆਦਾ ਵਰਖਾ ਹੋ ਜਾਂਦੀ ਹੈ ਜਦੋਂਕਿ ਕਿਤੇ ਸੋਕੇ ਵਰਗੇ ਹਾਲਾਤ ਬਣ ਜਾਂਦੇ ਹਨ।
ਦੱਸਣਯੋਗ ਹੈ ਕਿ ਜਿੱਥੇ ਹਰ ਸਾਲ ਵਣ ਮਹਾਉਤਸਵ ਮਨਾਇਆ ਜਾਂਦਾ ਹੈ ਪਰ ਬੜੇ ਹੀ ਅਫ਼ਸੋਸ ਦੀ ਗੱਲ ਹੈ ਕਿ ਇਹ ਉਤਸਵ ਕੇਵਲ ਸੋਸ਼ਲ ਮੀਡੀਆ, ਅਖ਼ਬਾਰਾਂ ਜਾਂ ਕੇਵਲ ਦਿਖਾਵੇ ਤਕ ਹੀ ਸੀਮਤ ਹੋ ਕੇ ਰਹਿ ਗਿਆ ਹੈ। ਲੋਕ ਬੜੇ ਉਤਸ਼ਾਹ ਨਾਲ ਪੌਦੇ ਤਾਂ ਲਗਾ ਦਿੰਦੇ ਹਨ ਪਰ ਬਾਅਦ ਵਿਚ ਉਨ੍ਹਾਂ ਦੀ ਕੋਈ ਸਾਰ ਨਹੀਂ ਲੈਂਦੇ। ਪੌਦੇ ਲਗਾਉਣ ਦੇ ਨਾਲ-ਨਾਲ ਉਨ੍ਹਾਂ ਦੀ ਦੇਖ-ਰੇਖ ਵੀ ਅਤਿ ਜ਼ਰੂਰੀ ਹੈ। ਜਿੱਥੇ ਪੌਦੇ ਲਗਾਉਣੇ ਅਤੇ ਉਨ੍ਹਾਂ ਦੀ ਦੇਖ-ਰੇਖ ਬਹੁਤ ਜ਼ਰੂਰੀ ਹੈ ਉੱਥੇ ਹੀ ਬਚੇ ਹੋਏ ਜੰਗਲਾਂ ਦੀ ਸਾਂਭ-ਸੰਭਾਲ ਵੀ ਅਤਿ ਜ਼ਰੂਰੀ ਹੈ। ਸਰਕਾਰ ਵੱਲੋਂ ਬਿਜਲਈ ਵਾਹਨਾਂ ਦੀ ਵਰਤੋਂ ਵਧਾਉਣ ਲਈ ਚੁੱਕੇ ਗਏ ਕਦਮ ਬਹੁਤ ਪ੍ਰਸ਼ੰਸਾਯੋਗ ਹਨ। ਸੋ ਅੱਜ ਲੋੜ ਹੈ ਇਕ-ਇਕ ਰੁੱਖ ਬਚਾਉਣ ਦੀ ਅਤੇ ਨਵੇਂ ਪੌਦੇ ਲਗਾ ਕੇ ਉਨ੍ਹਾਂ ਦੀ ਸੰਭਾਲ ਕਰਨ ਦੀ। ਜਨਮੇਜਾ ਸਿੰਘ ਜੌਹਲ ਨੇ ਕਾਲੀ ਵੇਈਂ ਪ੍ਰਤੀ ਸੰਤ ਬਲਬੀਰ ਸਿੰਘ ਜੀ ਦੀ ਸੇਵਾ ਭਾਵਨਾ ਨੂੰ ਸ਼ਰਧਾਂਜਲੀ ਦਿੱਤੀ ਅਤੇ ਉਨ੍ਹਾਂ ਨੇ ਸੀਚੇਵਾਲ ਮਾਡਲ ਦੀ ਵੀ ਸ਼ਲਾਘਾ ਕੀਤੀ ।
ਸੰਤ ਬਲਬੀਰ ਸਿੰਘ ਜੀ ਸੀਚੇਵਾਲ ਨੇ ਇਸ ਮੌਕੇ ਜਨਮੇਜਾ ਸਿੰਘ ਜੌਹਲ ਯਾਦਵਿੰਦਰ ਸਿੰਘ ਬਲਾਕ ਟੈਕਨਾਲੋਜੀ ਮੈਨੇਜਰ ਸੁਲਤਾਨਪੁਰ ਲੋਧੀ ਅਤੇ ਜਗਤਾਰ ਸਿੰਘ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ।
ਜਨਮੇਜਾ ਸਿੰਘ ਜੌਹਲ ਨੇ ਅਵਤਾਰ ਰੇਡੀਓ ਸੀਚੇਵਾਲ ਤੇ ਬਲਵਿੰਦਰ ਸਿੰਘ ਧਾਲੀਵਾਲ ਨਾਲ ਦਿਲ ਦੀਆਂ ਗੱਲਾਂ ਪ੍ਰੋਗਰਾਮ ਵਿਚ ਆਪਣੇ ਵਿਚਾਰ ਸਾਂਝੇ ਕੀਤੇ । ਇਸ ਮੌਕੇ ਗੁਰਵਿੰਦਰ ਸਿੰਘ ਬੋਪਾਰਾਏ, ਬਲਵਿੰਦਰ ਸਿੰਘ ਧਾਲੀਵਾਲ, ਦਇਆ ਸਿੰਘ, ਅੰਮ੍ਰਿਤ ਸਿੰਘ ਤੇ ਹੋਰ ਸੇਵਾਦਾਰ ਆਦਿ ਹਾਜ਼ਰ ਸਨ ।