ਰਿਸ਼ਵਤ ਲੈਂਦਾ ਪੰਚਾਇਤ ਸੈਕਟਰੀ ਵਿਜੀਲੈਂਸ ਨੇ ਕੀਤਾ ਕਾਬੂ
ਚੰਡੀਗੜ੍ਹ, 3ਜੁਲਾਈ(ਵਿਸ਼ਵ ਵਾਰਤਾ)- ਤਰਨਤਾਰਨ ਵਿਜੀਲੈਂਸ ਬਿਊਰੋ ਨੇ ਤਰਨਤਾਰਨ ਬਲਾਕ ਵਿਖੇ ਤੈਨਾਤ ਪਿੰਡ ਰਟੋਲ ਦੇ ਪੰਚਾਇਤ ਸੈਕਟਰੀ ਸੁਸ਼ੀਲ ਕੁਮਾਰ ਨੂੰ ਪੰਚਾਇਤੀ ਮਤਾ ਪਾਉਣ ਦੇ ਬਦਲੇ ਪੰਜ ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਵਿਜੀਲੈਂਸ ਬਿਊਰੋ ਤਰਨਤਾਰਨ ਡੀ.ਐਸ.ਪੀ ਹਰਜਿੰਦਰ ਸਿੰਘ ਦੀ ਅਗਵਾਈ ਹੇਠ ਵਿਜੀਲੈਂਸ ਦੀ ਟੀਮ ਵੱਲੋਂ ਸੁਸ਼ੀਲ ਕੁਮਾਰ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਮਾਮਲਾ ਦਰਜ ਕਰ ਅੱਗੇ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ। ਸ਼ਿਕਾਇਤ ਕਰਤਾ ਜਗਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਉਸ ਵੱਲੋਂ ਪਿੰਡ ਰਟੌਲ ਵਿਖੇ ਪੰਚਾਇਤ ਲਈ ਰਾਜੀਵ ਗਾਂਧੀ ਸੇਵਾ ਕੇਂਦਰ ਦੀ ਇਮਾਰਤ ਦੀ ਉਸਾਰੀ ਕੀਤੀ ਗਈ ਸੀ। ਉਸ ਸਬੰਧੀ ਪੰਚਾਇਤੀ ਮਤਾ ਪਾਉਣ ਦੇ ਬਦਲੇ ਸੁਸ਼ੀਲ ਕੁਮਾਰ ਵੱਲੋਂ ਉਨ੍ਹਾਂ ਪਾਸੋਂ ਦੱਸ ਹਜ਼ਾਰ ਰੁਪਏ ਦੀ ਰਿਸ਼ਵਤ ਮੰਗੀ ਗਈ ਸੀ। ਜਿਸ ਸਬੰਧ ਵਿੱਚ ਉਨ੍ਹਾਂ ਵੱਲੋਂ ਵਿਜੀਲੈਂਸ ਨੂੰ ਸ਼ਿਕਾਇਤ ਕੀਤੀ ਗਈ ਅਤੇ ਪੰਜ ਹਜ਼ਾਰ ਦੀ ਰਿਸ਼ਵਤ ਰਾਸ਼ੀ ਉਹ ਕੱਲ੍ਹ ਉਨ੍ਹਾਂ ਪਾਸੋਂ ਲੈ ਗਿਆ ਸੀ ਅਤੇ ਬਾਕੀ ਦੇ ਪੰਜ ਹਜ਼ਾਰ ਦੀ ਬਕਾਇਆ ਰਾਸ਼ੀ ਲੈਣ ਆਇਆ ਸੀ, ਇਸੇ ਮੌਕੇ ਤੇ ਵਿਜੀਲੈਂਸ ਵੱਲੋਂ ਉਸ ਨੂੰ ਕਾਬੂ ਕਰ ਲਿਆ ਗਿਆ ਹੈ।