ਰਾਹੁਲ ਗਾਂਧੀ ਅੱਜ ਪੰਜਾਬ ਦੌਰੇ ‘ਤੇ
ਕਾਂਗਰਸ ਪਾਰਟੀ ਦੇ ਮੁੱਖ ਮੰਤਰੀ ਉਮੀਦਵਾਰ ਦਾ ਕਰ ਸਕਦੇ ਹਨ ਐਲਾਨ
ਚੰਡੀਗੜ੍ਹ,27 ਜਨਵਰੀ(ਵਿਸ਼ਵ ਵਾਰਤਾ)- ਕਾਂਗਰਸ ਪਾਰਟੀ ਵੱਲੋਂ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਲਈ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ।ਅੱਜ ਕਾਂਗਰਸ ਦੇ ਸਾਬਕਾ ਕੌਮੀ ਪ੍ਰਧਾਨ ਰਾਹੁਲ ਗਾਂਧੀ ਪੰਜਾਬ ਦੌਰੇ ‘ਤੇ ਆ ਰਹੇ ਹਨ। ਉਹ ਥੋੜ੍ਹੀ ਦੇਰ ਵਿੱਚ ਅੰਮ੍ਰਿਤਸਰ ਪਹੁੰਚਣਗੇ। ਜਿੱਥੇ ਉਹ ਪੰਜਾਬ ਵਿਧਾਨ ਸਭਾ ਚੋਣਾਂ ਦੇ ਉਮੀਦਵਾਰਾਂ ਨਾਲ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣਗੇ ਤੇ ਬਾਅਦ ਵਿੱਚ ਵਾਲਮੀਕਿ ਤੀਰਥ ਸਥਾਨ ‘ਤੇ ਮੱਥਾ ਟੇਕਣਗੇ। ਇਸ ਤੋਂ ਬਾਅਦ ਰਾਹੁਲ ਗਾਂਧੀ ਜਲੰਧਰ ਲਈ ਰਵਾਨਾ ਹੋਣਗੇ। ਜਿੱਥੇ ਉਹਨਾਂ ਵੱਲੋਂ ਕਾਂਗਰਸੀ ਵਰਕਰਾਂ ਦੀ ਵਰਚੂਅਲ ਰੈਲੀ ਨੂੰ ਸੰਬੋਧਨ ਕੀਤਾ ਜਾਵੇਗਾ।
ਇਸ ਸਭ ਦੇ ਵਿਚਾਲੇ ਉਹਨਾਂ ਉੱਤੇ ਕਾਂਗਰਸ ਦੇ ਮੁੱਖ ਮੰਤਰੀ ਉਮੀਦਵਾਰ ਦਾ ਐਲਾਨ ਕਰਨ ਦਾ ਵੀ ਦਬਾਅ ਹੋਵੇਗਾ।ਕਾਂਗਰਸ ਪਾਰਟੀ ਵਾਰ-ਵਾਰ ਇਹ ਦਾਅਵਾ ਕਰ ਰਹੀ ਹੈ ਕਿ ਉਹ ਚਰਨਜੀਤ ਸਿੰਘ ਚੰਨੀ, ਨਵਜੋਤ ਸਿੰਘ ਸਿੱਧੂ ਅਤੇ ਸੁਨੀਲ ਜਾਖੜ ਦੇ ਨਾਲ ਆਪਣੇ ਮੁੱਖ ਮੰਤਰੀ ਚਿਹਰਿਆਂ ਵਜੋਂ ਚੋਣ ਲੜ ਰਹੀ ਹੈ। ਪਰ ਕਾਂਗਰਸ ਪਾਰਟੀ ਅੰਦਰ ਕਿਸੇ ਨੂੰ ਸੀਐਮ ਉਮੀਦਵਾਰ ਐਲਾਨਣ ਦਾ ਦਬਾਅ ਵਧਦਾ ਜਾ ਰਿਹਾ ਹੈ। ਦੱਸ ਦਈਏ ਕਿ ਮੁੱਖ ਮੰਤਰੀ ਚੰਨੀ ਅਤੇ ਨਵਜੋਤ ਸਿੱਧੂ ਵੱਲੋਂ ਖੁਲ੍ਹੇ ਤੌਰ ਤੇ ਇਹ ਮੰਗ ਚੁੱਕੀ ਗਈ ਸੀ ਕਿ ਪਾਰਟੀ ਨੂੰ ਮੁੱਖ ਮੰਤਰੀ ਚਿਹਰੇ ਦੇ ਨਾਲ ਹੀ ਚੋਣਾਂ ਵਿੱਚ ਉਤਰਨਾ ਚਾਹੀਦਾ ਹੈ। 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੀ ਰਾਹੁਲ ਗਾਂਧੀ ਨੇ ਪੰਜਾਬ ਦੌਰੇ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੂੰ ਪਾਰਟੀ ਦਾ ਮੁੱਖ ਮੰਤਰੀ ਚਿਹਰਾ ਐਲਾਨ ਦਿੱਤਾ ਸੀ।