ਰਾਸ਼ਟਰੀ ਬਾਲ ਸਵਾਸਥ ਪ੍ਰੋਗਰਾਮ ਤਹਿਤ 9 ਮਹੀਨੇ ਦੇ ਬੱਚੇ ਦੇ ਦਿਲ ਦਾ ਸਫਲ ਆਪ੍ਰੇਸ਼ਨ
ਪੀ.ਜੀ.ਆਈ ਵਿਖੇ ਆਪਰੇਸ਼ਨ ਪਿੱਛੋਂ ਬੱਚਾ ਪੂਰੀ ਤਰ੍ਹਾਂ ਤੰਦਰੁਸਤ
ਕਪੂਰਥਲਾ,29 ਮਈ (ਵਿਸ਼ਵ ਵਾਰਤਾ):- ਰਾਸ਼ਟਰੀ ਬਾਲ ਸਵਾਸਥ ਪ੍ਰੋਗਰਾਮ ਫਗਵਾੜਾ ਦੇ 9 ਮਹੀਨੇ ਦੇ ਬੱਚੇ ਦਿਵਯਾਂਸ਼ੂ ਬਾਂਗੜ ਲਈ ਨਵਾਂ ਜੀਵਨ ਪ੍ਰਦਾਨ ਕਰਨ ਵਿਚ ਸਹਾਈ ਹੋਇਆ ਹੈ।
ਇਸ ਪ੍ਰੋਗਰਾਮ ਤਹਿਤ ਸਿਹਤ ਵਿਭਾਗ ਪੰਜਾਬ ਵਲੋਂ 0-18 ਸਾਲ ਦੇ ਬੱਚਿਆਂ ਦੀ ਸਿਹਤ ਸਕਰੀਨਿੰਗ ਕਰਕੇ ਉਨ੍ਹਾਂ ਨੂੰ ਇਲਾਜ ਲਈ ਰੈਫਰ ਕਰਨਾ ਹੁੰਦਾ ਹੈ ਤਾਂ ਜੋ ਉਨ੍ਹਾਂ ਨੂੰ ਲੋੜ ਅਨੁਸਾਰ ਇਲਾਜ ਉਪਲਬਧ ਕਰਵਾਇਆ ਜਾ ਸਕੇ।
ਡਿਪਟੀ ਕਮਿਸ਼ਨਰ ਕਪੂਰਥਲਾ ਕੈਪਟਨ ਕਰਨੈਲ ਸਿੰਘ ਨੇ ਦੱਸਿਆ ਕਿ ਇਸ ਸਕੀਮ ਦੇ ਤਹਿਤ ਮੁਫ਼ਤ ਇਲਾਜ ਦੀ ਸਹੂਲਤ ਹੈ ਜੋਕਿ ਅਜਿਹੇ ਪਰਿਵਾਰਾਂ ਲਈ ਵਰਦਾਨ ਸਾਬਿਤ ਹੋ ਰਹੀ ਹੈ ਜੋ ਵਿੱਤੀ ਸੰਕਟ ਕਾਰਨ ਆਪਣੇ ਬੱਚਿਆਂ ਦਾ ਇਲਾਜ ਕਰਵਾਉਣ ਤੋਂ ਵਾਂਝੇ ਰਹਿ ਜਾਂਦੇ ਹਨ।
ਸਿਵਲ ਸਰਜਨ ਡਾ. ਰਾਜਵਿੰਦਰ ਕੌਰ , ਡਾ. ਲਹਿੰਬਰ ਰਾਮ ਸੀਨੀਅਰ ਮੈਡੀਕਲ ਅਫਸਰ ਸਬ ਡਵੀਜਨਲ ਹਸਪਤਾਲ ਫਗਵਾੜਾ ਨੇ ਦੱਸਿਆ ਕਿ ਆਰ.ਬੀ.ਐਸ.ਕੇ. ਟੀਮ ਦੇ ਡਾਕਟਰ ਪ੍ਰਭਜੋਤ ਜੱਬਲ ਅਤੇ ਡਾਕਟਰ ਜਤਿੰਦਰ ਸੰਧੂ ਵੱਲੋਂ ਦਿਵਯਾਂਸ਼ੂ ਦੀ 2 ਜਨਵਰੀ 2023 ਨੂੰ ਸਕਰੀਨਿੰਗ ਕੀਤੀ ਗਈ ,ਜਿਸ ਦੌਰਾਨ ਉਹ ਜਮਾਂਦਰੂ ਤੌਰ ਤੇ ਦਿਲ ਦੀ ਬੀਮਾਰੀ ਦਾ ਪੀੜ੍ਹਤ ਪਾਇਆ ਗਿਆ।
ਉਨ੍ਹਾਂ ਦੱਸਿਆ ਕਿ ਬੱਚੇ ਨੂੰ ਤੇਜ ਧੜਕਣ, ਸਾਹ ਲੈਣ ਵਿਚ ਮੁਸ਼ਕਿਲ, ਪਸੀਨਾ ਆਉਣਾ, ਹੱਥ ਪੈਰ ਨੀਲੇ ਪੈਣ, ਭਾਰ ਨਾ ਵੱਧਣ ਦੀ ਸ਼ਿਕਾਇਤ ਸੀ।
ਸਕਰੀਨਿੰਗ ਪਿੱਛੋਂ ਬੱਚੇ ਨੂੰ ਰਾਸ਼ਟਰੀ ਬਾਲ ਸਵਾਸਥ ਪ੍ਰੋਗਰਾਮ ਤਹਿਤ ਪੀ.ਜੀ.ਆਈ. ਰੈਫਰ ਕੀਤਾ ਗਿਆ ਜਿੱਥੇ ਕਿ ਬੱਚੇ ਦੇ ਦਿਲ ਦਾ ਸਫਲ ਆਪ੍ਰੇਸ਼ਨ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਬੱਚਾ ਹੁਣ ਪੂਰੀ ਤਰ੍ਹਾਂ ਸਿਹਤਯਾਬ ਹੈ।
ਡਿਪਟੀ ਕਮਿਸ਼ਨਰ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਅਤੇ ਵਿਸ਼ੇਸ਼ ਕਰਕੇ ਡਾਕਟਰਾਂ ਦੇ ਇਸ ਉੱਦਮ ਦੀ ਸ਼ਲਾਘਾ ਕਰਦਿਆਂ ਬੱਚਿਆਂ ਦੀ ਸਿਹਤ ਸੰਭਾਲ ਲਈ ਸਕਰੀਨਿੰਗ ਪ੍ਰੋਗਰਾਮ ਨੂੰ ਹੋਰ ਸਫਲਤਾ ਨਾਲ ਚਲਾਉਣ ਦੇ ਨਿਰਦੇਸ਼ ਵੀ ਦਿੱਤੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਅਜਿਹੇ ਕੇਸਾਂ ਵਿਚ ਲੋੜਵੰਦਾਂ ਦੀ ਸਹਾਇਤਾ ਦੇ ਲਈ ਯਤਨ ਹੋਰ ਤੇਜ਼ ਕੀਤੇ ਜਾਣਗੇ।
ਫੋਟੋ ਕੈਪਸ਼ਨ- ਸਿਵਲ ਹਸਪਤਾਲ ਫਗਵਾੜਾ ਵਿਖੇ ਦਿਵਯਾਂਸ਼ੂ ਦੇ ਮਾਪਿਆਂ ਨਾਲ ਐਸ.ਐਮ.ਓ ਫਗਵਾੜਾ ਡਾ. ਲਹਿੰਬਰ ਰਾਮ, ਡਾਕਟਰ ਪ੍ਰਭਜੋਤ ਜੱਬਲ ਅਤੇ ਡਾਕਟਰ ਜਤਿੰਦਰ ਸੰਧੂ ।