ਰਾਸ਼ਟਰਪਤੀ ਦ੍ਰੋਪਦੀ ਮੁਰਮੂ ਅੱਜ ਤੋਂ ਹਰਿਆਣਾ ਦੇ ਦੋ ਦਿਨਾਂ ਦੌਰੇ ‘ਤੇ
ਚੰਡੀਗੜ੍ਹ, 29ਨਵੰਬਰ(ਵਿਸ਼ਵ ਵਾਰਤਾ)- ਅੱਜ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਹਰਿਆਣਾ ਦੇ ਦੋ ਦਿਨਾਂ ਦੌਰੇ ‘ਤੇ ਆ ਰਹੇ ਹਨ। ਉਹ ਅੱਜ ਅਤੇ ਕੱਲ੍ਹ ਨੂੰ ਹਰਿਆਣਾ ਵਿੱਚ ਵੱਖ-ਵੱਖ ਪ੍ਰੋਗਰਾਮਾਂ ਵਿੱਚ ਸ਼ਿਰਕਤ ਕਰਨਗੇ। ਰਾਸ਼ਟਰਪਤੀ ਅੱਜ ਮੰਗਲਵਾਰ ਨੂੰ ਸਵੇਰੇ 10:30 ਵਜੇ ਕੁਰੂਕਸ਼ੇਤਰ ਸਥਿਤ ਬ੍ਰਹਮਸਰੋਵਰ ਪਹੁੰਚਣਗੇ, ਜਿੱਥੇ ਉਹ ਪਵਿੱਤਰ ਗ੍ਰੰਥ ਸ਼੍ਰੀਮਦ ਭਗਵਦਗੀਤਾ ‘ਤੇ ਫੁੱਲ ਚੜ੍ਹਾਉਣਗੇ ਅਤੇ ਗੀਤਾ ਪੂਜਨ ਕਰਨਗੇ। ਇਸੇ ਦੌਰਾਨ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਰਾਜ ਪ੍ਰਦਰਸ਼ਨੀ, ਹਰਿਆਣਾ ਪਵੇਲੀਅਨ, ਸ਼ਿਲਪ ਉਡਾਨ ਦਾ ਉਦਘਾਟਨ ਵੀ ਕਰਨਗੇ। ਇਸ ਤੋਂ ਬਾਅਦ ਰਾਸ਼ਟਰਪਤੀ ਸਵੇਰੇ 11:30 ਵਜੇ ਸ਼੍ਰੀਮਦਭਗਵਦਗੀਤਾ ਸਦਨ, ਕੁਰੂਕਸ਼ੇਤਰ ਯੂਨੀਵਰਸਿਟੀ, ਕੁਰੂਕਸ਼ੇਤਰ ਵਿੱਚ ਅੰਤਰਰਾਸ਼ਟਰੀ ਗੀਤਾ ਸੈਮੀਨਾਰ ਵਿੱਚ ਹਿੱਸਾ ਲੈਣਗੇ। ਇੱਥੋਂ ਹੀ ਉਹ ਹਰਿਆਣਾ ਸਰਕਾਰ ਦੇ 3 ਵੱਡੇ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਣਗੇ। ਇਨ੍ਹਾਂ ਵਿੱਚ ਹਰਿਆਣਾ ਟਰਾਂਸਪੋਰਟ ਵਿੱਚ ਈ-ਟਿਕਟਿੰਗ ਪ੍ਰਣਾਲੀ, ਮੁੱਖ ਮੰਤਰੀ ਸਿਹਤ ਸਰਵੇਖਣ ਯੋਜਨਾ ਅਤੇ ਸਿਰਸਾ ਜ਼ਿਲ੍ਹੇ ਵਿੱਚ ਮੈਡੀਕਲ ਕਾਲਜ ਦਾ ਨੀਂਹ ਪੱਥਰ ਰੱਖਣਾ ਸ਼ਾਮਲ ਹੈ। ਇਨ੍ਹਾਂ ਪ੍ਰੋਜੈਕਟਾਂ ਨੂੰ ਲਾਂਚ ਕਰਨ ਤੋਂ ਬਾਅਦ, ਉਹ ਦੁਪਹਿਰ 2:30 ਵਜੇ ਨੈਸ਼ਨਲ ਇੰਸਟੀਚਿਊਟ ਆਫ ਟੈਕਨਾਲੋਜੀ, ਕੁਰੂਕਸ਼ੇਤਰ ਦੇ 18ਵੇਂ ਕਨਵੋਕੇਸ਼ਨ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਰਾਸ਼ਟਰਪਤੀ ਸ਼ਾਮ 4:20 ‘ਤੇ ਚੰਡੀਗੜ੍ਹ ਹਵਾਈ ਅੱਡੇ ‘ਤੇ ਪਹੁੰਚਣਗੇ, ਜਿੱਥੇ ਉਨ੍ਹਾਂ ਨੂੰ ਗਾਰਡ ਆਫ ਆਨਰ ਦਿੱਤਾ ਜਾਵੇਗਾ। ਇਸ ਤੋਂ ਬਾਅਦ ਦ੍ਰੋਪਦੀ ਮੁਰਮੂ ਸ਼ਾਮ ਕਰੀਬ 5 ਵਜੇ ਰਾਜ ਮਹਿਮਾਨ ਵਜੋਂ ਹਰਿਆਣਾ ਰਾਜ ਭਵਨ, ਚੰਡੀਗੜ੍ਹ ਪੁੱਜਣਗੇ। ਆਪਣੇ ਦੌਰੇ ਦੇ ਦੂਜੇ ਦਿਨ ਯਾਨਿ ਕਿ 30 ਨਵੰਬਰ ਨੂੰ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਸਵੇਰੇ 6:30 ਵਜੇ ਆਸ਼ਾ ਵਰਕਰਾਂ ਅਤੇ ਹੋਰ ਹਿੱਸੇਦਾਰਾਂ ਨਾਲ ਸਿੱਧੀ ਗੱਲਬਾਤ ਕਰਨਗੇ ਅਤੇ ਉਨ੍ਹਾਂ ਤੋਂ ਬੇਟੀ ਬਚਾਓ ਬੇਟੀ ਪੜ੍ਹਾਓ ਮੁਹਿੰਮ ਦੀ ਸਫਲਤਾ ਬਾਰੇ ਜਾਣਨਗੇ। ਇਸ ਤੋਂ ਇਲਾਵਾ ਰਾਸ਼ਟਰਪਤੀ ਹਰਿਆਣਾ ਦੇ ਖਿਡਾਰੀਆਂ ਅਤੇ ਕੁਝ ਸਕੂਲੀ ਵਿਦਿਆਰਥਣਾਂ ਨਾਲ ਵੀ ਗੱਲਬਾਤ ਕਰਨਗੇ।