ਬੇਅਦਬੀ ਮਾਮਲਾ :
ਰਾਮ ਰਹੀਮ ਤੋਂ ਦੁਬਾਰਾ ਪੁੱਛਗਿੱਛ ਕਰੇਗੀ ਐਸਆਈਟੀ
ਚੰਡੀਗੜ੍ਹ, 13ਨਵੰਬਰ(ਵਿਸ਼ਵ ਵਾਰਤਾ)- ਪੰਜਾਬ ਦੇ ਫਰੀਦਕੋਟ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ਵਿੱਚ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਤੋਂ ਮੁੜ ਪੁੱਛਗਿੱਛ ਕੀਤੀ ਜਾਵੇਗੀ। ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ (SIT) ਫਿਰ ਰੋਹਤਕ ਦੀ ਸੁਨਾਰੀਆ ਜੇਲ੍ਹ ਜਾਵੇਗੀ। ਸ਼ੁੱਕਰਵਾਰ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਸਰਕਾਰੀ ਵਕੀਲ ਨੇ ਰਿਪੋਰਟ ਪੇਸ਼ ਕਰਨ ਲਈ ਚਾਰ ਹਫ਼ਤਿਆਂ ਦਾ ਸਮਾਂ ਮੰਗਿਆ। ਉਨ੍ਹਾਂ ਕਿਹਾ ਕਿ ਰਾਮ ਰਹੀਮ ਤੋਂ ਅਜੇ ਹੋਰ ਪੁੱਛਗਿੱਛ ਕੀਤੀ ਜਾਣੀ ਹੈ।
ਇਸ ਨੂੰ ਦੇਖਦੇ ਹੋਏ ਹਾਈਕੋਰਟ ਨੇ ਮਾਮਲੇ ਦੀ ਅਗਲੀ ਸੁਣਵਾਈ 17 ਦਸੰਬਰ ਨੂੰ ਤੈਅ ਕੀਤੀ ਹੈ। ਐਸਆਈਟੀ ਨੇ ਹਾਈ ਕੋਰਟ ਵਿੱਚ ਰਾਮ ਰਹੀਮ ਨੂੰ ਸਹਿਯੋਗ ਦੇਣ ਜਾਂ ਨਾ ਕਰਨ ਬਾਰੇ ਕੁਝ ਨਹੀਂ ਕਿਹਾ। ਜਦੋਂ ਸਰਕਾਰੀ ਵਕੀਲ ਨੇ ਮੁੜ ਜਾਂਚ ਲਈ ਕਿਹਾ ਤਾਂ ਹਾਈ ਕੋਰਟ ਨੇ ਕਿਹਾ ਕਿ ਇਸ ਸਬੰਧੀ ਪਹਿਲਾਂ ਹੀ ਹੁਕਮ ਦਿੱਤੇ ਜਾ ਚੁੱਕੇ ਹਨ। ਇਸ ਮਾਮਲੇ ਵਿੱਚ ਪਹਿਲਾਂ ਫਰੀਦਕੋਟ ਅਦਾਲਤ ਨੇ ਰਾਮ ਰਹੀਮ ਨੂੰ ਪੰਜਾਬ ਲਿਆਉਣ ਲਈ ਪ੍ਰੋਡਕਸ਼ਨ ਵਾਰੰਟ ਜਾਰੀ ਕੀਤਾ ਸੀ। ਇਸ ਦੇ ਖਿਲਾਫ ਰਾਮ ਰਹੀਮ ਦੇ ਵਕੀਲਾਂ ਨੇ ਹਾਈਕੋਰਟ ‘ਚ ਪਟੀਸ਼ਨ ਦਾਇਰ ਕੀਤੀ ਸੀ, ਜਿਸ ਤੋਂ ਬਾਅਦ ਹਾਈਕੋਰਟ ਨੇ ਹੇਠਲੀ ਅਦਾਲਤ ਦੇ ਫੈਸਲੇ ਨੂੰ ਰੱਦ ਕਰਦੇ ਹੋਏ ਐੱਸ.ਆਈ.ਟੀ. ਨੂੰ ਉਸ ਤੋਂ ਜੇਲ ‘ਚ ਪੁੱਛਗਿੱਛ ਕਰਨ ਦਾ ਹੁਕਮ ਦਿੱਤਾ ਸੀ।