ਰਾਮ ਰਹੀਮ ਕੋਲੋਂ ਪੁੱਛਗਿੱਛ ਤੋਂ ਬਾਅਦ ਅੱਜ ਹਾਈ ਕੋਰਟ ਵਿੱਚ ਰਿਪੋਰਟ ਪੇਸ਼ ਕਰੇਗੀ ਐਸਆਈਟੀ
ਚੰਡੀਗੜ੍ਹ,12 ਨਵੰਬਰ(ਵਿਸ਼ਵ ਵਾਰਤਾ)- ਬੇਅਦਬੀ ਮਾਮਲਿਆਂ ਵਿੱਚ ਬੀਤੇ ਦਿਨੀਂਡੇਰਾ ਮੁਖੀ ਰਾਮ ਰਹੀਮ ਕੋਲੋਂ ਕੀਤੀ ਲੰਮੀ ਪੁੱਛਗਿੱਛ ਦੀ ਰਿਪੋਰਟ ਅੱਜ ਐਸਆਈਟੀ ਵੱਲੋਂ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਪੇਸ਼ ਕੀਤੀ ਜਾਵੇਗੀ।
ਜਿਕਰਯੋਗ ਹੈ ਕਿ 8 ਨਵੰਬਰ ਨੂੰ ਆਈਜੀ ਲੁਧਿਆਣਾ ਰੇਂਜ਼ ਸੁਰਿੰਦਰਪਾਲ ਸਿੰਘ ਪਰਮਾਰ ਦੀ ਅਗਵਾਈ ਵਿੱਚ SIT ਨੇ ਕਰੀਬ 8 ਘੰਟੇ ਤੱਕ ਸੁਨ੍ਹਾਰੀਆ ਜੇਲ੍ਹ ਵਿੱਚ ਸਜਾ ਕੱਟ ਰਹੇ ਰਾਮ ਰਹੀਮ ਕੋਲੋਂ ਪੁੱਛਗਿੱਛ ਕੀਤੀ ਸੀ। ਆਈਜੀ ਪਰਮਾਰ ਤੋਂ ਇਲਾਵਾ ਐਸਆਈਟੀ ਵਿੱਚ ਐਸਐਸਪੀ ਮੁਖਵਿੰਦਰ ਸਿੰਘ ਭੁੱਲਰ, ਡੀਐਸਪੀ ਲਖਵੀਰ ਸਿੰਘ ਤੇ ਇਂਸਪੈਕਟਰ ਦਲਬੀਰ ਸਿੰਘ ਵੀ ਸ਼ਾਮਲ ਸਨ।
ਗੌਰਤਲਬ ਹੈ ਕਿ ਇਸ ਤੋਂ ਪਹਿਲਾਂ ਫਰੀਦਕੋਟ ਜੇਲ੍ਹ ਨੇ ਰਾਮ ਰਹੀਮ ਨੂੰ ਪ੍ਰੋਡਕਸ਼ਨ ਵਾਰੰਟ ਤੇ ਲਿਆਉਣ ਦੇ ਹੁਕਮ ਜਾਰੀ ਕੀਤੇ ਸਨ। ਰਾਮ ਰਹੀਮ ਨੂੰ 29 ਅਕਤੂਬਰ ਨੂੰ ਪੇਸ਼ ਹੋਣ ਲਈ ਕਿਹਾ ਗਿਆ ਸੀ। ਇਸ ਤੇ ਪੰਜਾਬ ਹਰਿਆਣਾ ਹਾਈਕੋਰਟ ਨੇ 28 ਅਕਤੂਬਰ ਨੂੰ ਹੀ ਰੋਕ ਲਗਾ ਦਿੱਤੀ ਸੀ। ਹਾਈਕੋਰਟ ਨੇ ਪੰਜਾਬ ਪੁਲਿਸ ਨੂੰ ਜੇਲ੍ਹ ਵਿੱਚ ਪੁੱਛਗਿੱਛ ਕਰਨ ਦੇ ਨਿਰਦੇਸ਼ ਦਿੱਤੇ ਸਨ।